Punjab News: ਪੀਟੀਸੀ ਨਿਊਜ਼ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਨੈਸ਼ਨਲ ਕਰਾਟੇ ਚੈਂਪੀਅਨ ਖਿਡਾਰੀ ਦੀ ਪ੍ਰਮੁਖਤਾ ਦੇ ਨਾਲ ਖਬਰ ਨਸ਼ਰ ਕੀਤੀ ਸੀ ਅਤੇ ਖਿਡਾਰੀ ਦੀ ਆਵਾਜ਼ ਲੁਧਿਆਣਾ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਖਬਰ ਦਾ ਵੱਡਾ ਅਸਰ ਹੋਇਆ ਅਤੇ ਖਿਡਾਰੀ ਨੂੰ ਸਰਕਾਰ ਵੱਲੋਂ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਆਊਟਸੋਰਸਿੰਗ ਤੇ ਨੌਕਰੀ ਦੇ ਪੇਸ਼ਕਸ਼ ਕਰ ਦਿੱਤੀ, ਕਰਾਟੇ ਚੈਂਪੀਅਨ ਕੰਮ ਮਿਲਣ ਤੋਂ ਬਾਅਦ ਭਾਵੁਕ ਹੋ ਗਿਆ।
ਦੱਸ ਦੇਈਏ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਗੋਲਡ ਮੈਡਲ ਜਿੱਤ ਚੁੱਕੇ ਖਿਡਾਰੀ ਤਰੁਣ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਸੂਬਾ ਸਰਕਾਰ ਤੋਂ ਨੌਕਰੀ ਦੀ ਮੰਗ ਕਰ ਰਹੇ ਸਨ। ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ। ਜਿਸ ‘ਤੇ ਤਰੁਣ ਸ਼ਰਮਾ ਨੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਤਿੰਨ ਦਿਨ ਪਹਿਲਾਂ ਡੀਸੀ ਦਫ਼ਤਰ ਦੇ ਸਾਹਮਣੇ ਬੂਟ ਪਾਲਿਸ਼ ਕਰਨ ਦਾ ਕੰਮ ਸ਼ੁਰੂ ਕੀਤਾ , ਤਰੁਣ ਸ਼ਰਮਾ ਨੇ ਦੱਸਿਆ ਕਿ ਉਹ ਨੌਕਰੀ ਲਈ ਘਰ-ਘਰ ਭੱਟਕ ਰਿਹਾ ਸੀ। ਇੱਥੋਂ ਤੱਕ ਕਿ ਮਕਾਨ ਵੀ ਵੇਚ ਦਿੱਤੇ ਗਏ ਪਰ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ।
ਤਰੁਣ ਸ਼ਰਮਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ 8 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਸੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਨੌਕਰੀ ਨਾ ਦਿੱਤੀ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਜਾ ਕੇ ਬੈਠਣਗੇ।
ਤਰੁਣ ਸ਼ਰਮਾ ਦੇ ਅੰਦੋਲਨ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਖੰਨਾ ‘ਚ ਹੀ ਨੌਕਰੀ ਦੇ ਦਿੱਤੀ ਹੈ। ਤਰੁਣ ਨੂੰ ਖੰਨਾ ਦੀ ਨਗਰ ਕੌਂਸਲ ਵਿੱਚ ਕਲਰਕ ਵਜੋਂ ਤਾਇਨਾਤ ਕੀਤਾ ਗਿਆ ਹੈ।
ਖਿਡਾਰੀ ਤਰੁਣ ਸ਼ਰਮਾ ਨੇ ਪੀਟੀਸੀ ਨਿਊਜ਼ ਦਾ ਧੰਨਵਾਦ ਕੀਤਾ ਅਤੇ ਆਖਿਆ, ਇੰਨੇ ਸਾਲਾਂ ਬਾਅਦ ਉਮੀਦ ਜਾਗੀ ਹੈ ਅਤੇ ਉਹ ਪੀਟੀਸੀ ਨਿਊਜ਼ ਦਾ ਧੰਨਵਾਦ ਕਰਦਾ, ਦੂਜੇ ਪਾਸੇ ਖਿਡਾਰੀ ਦੇ ਨਾਲ ਸਮਾਜ ਸੇਵੀ ਸੰਸਥਾ ਦੇ ਆਗੂ ਗੌਰਵ ਸੱਚਾ ਯਾਦਵ ਵੀ ਖਿਡਾਰੀ ਦੇ ਨਾਲ ਆਵਾਜ਼ ਚੁੱਕਦੇ ਨਜ਼ਰ ਆਏ ਸੀ ਉਹਨਾਂ ਨੇ ਵੀ ਪੀਟੀਸੀ ਨਿਊਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ।
– ACTION PUNJAB NEWS