Paris Olympic : ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਵਜੋਂ ਸੇਵਾ ਨਿਭਾਅ ਰਹੇ ਪਿੰਡ ਬਹਿਬਲ ਖੁਰਦ ਦਾ ਸੰਦੀਪ ਸਿੰਘ ਪੈਰਿਸ ਓਲੰਪਿਕ ਵਿੱਚ ਆਪਣਾ ਜੋਹਰ ਦਿਖਾਏਗਾ। ਦੱਸ ਦਈਏ ਕਿ ਸੰਦੀਪ ਸਿੰਘ ਅੱਜ ਨਿਸ਼ਾਨੇਬਾਜ਼ੀ ਕਰੇਗਾ, ਜਿਸ ਕਾਰਨ ਪਰਿਵਾਰ ਅਤੇ ਪਿੰਡ ਵਿੱਚ ਉਤਸ਼ਾਹ ਦਾ ਮਾਹੌਲ ਹੈ ਅਤੇ ਹਰ ਕੋਈ ਉਸ ਦੇ ਸੋਨ ਤਮਗਾ ਜਿੱਤਣ ਲਈ ਅਰਦਾਸਾਂ ਕਰ ਰਿਹਾ ਹੈ।
ਸੰਦੀਪ ਸਿੰਘ ਪਿਛਲੇ 10 ਸਾਲਾਂ ਤੋਂ ਫੌਜ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਫੌਜ ਵਿੱਚ ਨੌਕਰੀ ਕਰਦੇ ਹੋਏ ਉਸਨੇ ਸਾਲ 2016 ਵਿੱਚ ਨਿਸ਼ਾਨੇਬਾਜ਼ੀ ਦੀ ਪ੍ਰੈਕਟਿਸ ਸ਼ੁਰੂ ਕੀਤੀ ਸੀ, ਜਿਸ ਕਾਰਨ ਹੁਣ ਉਸਨੂੰ ਭਾਰਤ ਲਈ ਸੋਨ ਤਗਮਾ ਜਿੱਤਣ ਦਾ ਮੌਕਾ ਮਿਲਿਆ ਹੈ। ਸੰਦੀਪ ਸਿੰਘ ਦੇ 2 ਹੋਰ ਭਰਾ ਹਨ, ਇੱਕ ਵੱਡਾ ਅਤੇ ਇੱਕ ਛੋਟਾ ਹੈ।
2014 ਵਿੱਚ ਹੋਇਆ ਭਰਤੀ
ਮਜ਼ਦੂਰ ਪਰਿਵਾਰ ਨਾਲ ਸਬੰਧਿਤ ਬਲਜਿੰਦਰ ਸਿੰਘ ਅਤੇ ਚਰਨਜੀਤ ਕੌਰ ਦੇ ਪੁੱਤਰ ਸੰਦੀਪ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਸੀ ਅਤੇ ਬਰਗਾੜੀ ਦੇ ਸਰਕਾਰੀ ਸਕੂਲ ਤੋਂ 12ਵੀਂ ਜਮਾਤ ਪਾਸ ਕਰਨ ਉਪਰੰਤ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਤੋਂ ਗ੍ਰੈਜੂਏਸ਼ਨ ਵਿੱਚ ਦਾਖਲਾ ਲਿਆ। ਸਾਲ 2014 ਵਿੱਚ ਸੰਦੀਪ ਨੇ ਆਪਣੀ ਗ੍ਰੈਜੂਏਸ਼ਨ ਅਧੂਰੀ ਛੱਡ ਦਿੱਤੀ ਅਤੇ ਫੌਜ ਵਿੱਚ ਭਰਤੀ ਹੋ ਗਿਆ।
2016 ਵਿੱਚ ਅਭਿਆਸ ਕੀਤਾ ਸੀ ਸ਼ੁਰੂ
2016 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਦੋ ਸਾਲ ਬਾਅਦ ਉਸ ਨੇ ਨਿਸ਼ਾਨੇਬਾਜ਼ੀ ਦਾ ਅਭਿਆਸ ਸ਼ੁਰੂ ਕੀਤਾ ਅਤੇ ਓਲੰਪਿਕ ਲਈ ਚੁਣ ਕੇ ਉਸ ਨੇ ਫੌਜ ਦੇ ਨਾਲ-ਨਾਲ ਫਰੀਦਕੋਟ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਸਾਕਾਰ ਹੋਣ ਵਾਲਾ ਹੈ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਸੰਦੀਪ ਸਿੰਘ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰੇਗਾ।
– ACTION PUNJAB NEWS