Khanna News : ਖੰਨਾ ਦੇ ਸਮਰਾਲਾ ਰੋਡ ‘ਤੇ ਸਥਿਤ ਏ.ਐੱਸ.ਕਾਲਜ ‘ਚ ਵਿਦਿਆਰਥੀਆਂ ਦੇ ਦੋ ਧੜਿਆਂ ‘ਚ ਟਕਰਾਅ ਹੋ ਗਿਆ। ਇਸ ਟਕਰਾਅ ਦੌਰਾਨ ਇੱਕ ਧੜੇ ਨੇ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ ਵਿੱਚ ਕਾਲਜ ਦਾ ਇੱਕ ਕਾਲਜ ਮੁਲਾਜ਼ਮ ਜ਼ਖ਼ਮੀ ਹੋ ਗਿਆ, ਜਿਸ ਦੀ ਲੱਤ ਵਿੱਚ ਗੋਲੀ ਲੱਗੀ ਹੈ। ਮੌਕੇ ‘ਤੇ 5 ਤੋਂ 6 ਗੋਲੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਹਮਲਾਵਰ ਸਵਿਫਟ ਕਾਰ ਵਿੱਚ ਫਰਾਰ ਹੋ ਗਏ। ਰਸਤੇ ਵਿੱਚ ਉਨ੍ਹਾਂ ਨੇ ਕਾਰ ਵਿੱਚ ਤੇਲ ਪਾ ਕੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਬੰਦੂਕ ਦੀ ਨੋਕ ’ਤੇ ਲੁੱਟ ਲਿਆ ਅਤੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮਾਂ ਦੀ ਸ਼ਨਾਖ਼ਤ ਸ਼ੁਰੂ ਕਰ ਦਿੱਤੀ ਹੈ।
ਕਾਲਜ ਵਿੱਚ ਦਾਖਲਾ ਲੈਣ ਲਈ ਆਏ ਸਨ ਵਿਦਿਆਰਥੀ
ਜਾਣਕਾਰੀ ਅਨੁਸਾਰ ਵਿਦਿਆਰਥੀ ਦਾਖਲਾ ਲੈਣ ਲਈ ਏ.ਐਸ.ਕਾਲਜ ਆਏ ਹੋਏ ਸਨ। ਇਸ ਦੌਰਾਨ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ। ਇੱਕ ਟੋਲਾ ਆਪਣੇ ਬਾਹਰਲੇ ਸਾਥੀਆਂ ਸਮੇਤ ਮੌਕੇ ‘ਤੇ ਮੌਜੂਦ ਸੀ। ਉਹਨਾਂ ਕੋਲ ਸਵਿਫਟ ਕਾਰ ਸੀ। ਕਾਰ ‘ਚੋਂ ਉਤਰੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ, ਫਾਇਰਿੰਗ ਵੀ ਕੀਤੀ ਗਈ। ਇਸ ਦੌਰਾਨ ਕਾਲਜ ਦੇ ਗੇਟ ‘ਤੇ ਹਫੜਾ-ਦਫੜੀ ਮਚ ਗਈ ਤੇ ਇੱਕ ਕਰਮਚਾਰੀ ਦੀ ਲੱਤ ਵਿੱਚ ਗੋਲੀ ਲੱਗ ਗਈ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਜ਼ਖਮੀ ਕਾਲਜ ਕਰਮਚਾਰੀ ਹੁਸਨ ਲਾਲ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ।
ਕਾਲਜ ‘ਚ ਗੋਲੀਬਾਰੀ ਤੋਂ ਬਾਅਦ ਕਾਰ ‘ਚ ਸਵਾਰ ਮੁਲਜ਼ਮਾਂ ਨੇ ਬਰਧਾਲਾਂ ਨੇੜੇ ਪੈਟਰੋਲ ਪੰਪ ‘ਤੇ ਤੇਲ ਪਵਾਇਆ ਤੇ ਪੈਸਿਆਂ ਨੂੰ ਲੈ ਕੇ ਪੰਪ ਦੇ ਕਰਿੰਦੇ ਨਾਲ ਝਗੜਾ ਹੋ ਗਿਆ। ਉੱਥੇ ਵੀ ਉਨ੍ਹਾਂ ਨੇ ਪੰਪ ਦੇ ਕਰਮਚਾਰੀ ਨੂੰ ਬੰਦੂਕ ਦੀ ਨੋਕ ‘ਤੇ ਲੁੱਟ ਲਿਆ ਅਤੇ ਫ਼ਰਾਰ ਹੋ ਗਏ।
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਅਮਨੀਤ ਕੌਂਡਲ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ ਹੈ, ਉਹ ਥਾਣਾ ਸਦਰ ਦੀ ਹੱਦ ਅੰਦਰ ਹੈ। ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਜਾ ਰਿਹਾ ਹੈ। ਘਟਨਾ ਵਿੱਚ ਕਾਲਜ ਦੇ ਦੋ ਵਿਦਿਆਰਥੀ ਵੀ ਸ਼ਾਮਲ ਹਨ। ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Thief Viral video : ਹੈਰਾਨੀਜਨਕ ! ਜਦੋਂ ਚੋਰੀ ਕਰਨ ਲਈ ਕੁਝ ਨਾ ਮਿਲਿਆ ਤਾਂ ਚੋਰ ਛੱਡ ਗਿਆ 20 ਰੁਪਏ ਦਾ ਨੋਟ
– ACTION PUNJAB NEWS