Sunday, October 13, 2024
More

    Latest Posts

    ਤੀਜੇ ਅਤੇ ਚੌਥੇ ਪਾਤਸ਼ਾਹ ਜੀ ਨਾਲ ਸਬੰਧਤ ਸ਼ਤਾਬਦੀ ਦੇ ਸਮਾਗਮ ਯਾਦਗਾਰੀ ਹੋਣਗੇ-ਐਡਵੋਕੇਟ ਧਾਮੀ | ਮੁੱਖ ਖਬਰਾਂ | Action Punjab

    ਅੰਮ੍ਰਿਤਸਰ– ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮਾਂ ਨੂੰ ਮੁਕੰਮਲ ਰੂਪ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਦੋ ਥਾਵਾਂ ’ਤੇ ਮੁੱਖ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਨਗਰ ਕੀਰਤਨ ਤੇ ਸੈਮੀਨਾਰ ਵੀ ਆਯੋਜਤ ਕੀਤੇ ਜਾਣਗੇ ਅਤੇ ਸਿੱਖ ਮਾਰਸ਼ਲ ਆਰਟ ਗਤਕਾ ਦੇ ਮੁਕਾਬਲੇ ਹੋਣਗੇ। ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਤੌਰ ’ਤੇ ਸੋਵੀਨਰ ਵੀ ਪ੍ਰਕਾਸ਼ਤ ਕੀਤਾ ਜਾਵੇਗਾ। ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਗਠਤ ਕੀਤੀਆਂ ਗਈਆਂ ਵੱਖ-ਵੱਖ ਸਬ-ਕਮੇਟੀਆਂ ਦੀ ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਹੋਈ ਸਾਂਝੀ ਇਕੱਤਰਤਾ ਵਿਚ ਸਮਾਗਮਾਂ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਨਾਲ ਸਬੰਧਤ ਸ਼ਤਾਬਦੀਆਂ ਨੂੰ ਪੰਥਕ ਪ੍ਰੰਪਰਾਵਾਂ ਅਨੁਸਾਰ ਖਾਲਸਾਈ ਜਾਹੋ-ਜਲਾਲ ਨਾਲ ਯਾਦਗਾਰੀ ਢੰਗ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ 13 ਅਤੇ 14 ਸਤੰਬਰ 2024 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕੀਤੇ ਜਾਣਗੇ, ਜਦਕਿ 15 ਸਤੰਬਰ ਤੋਂ 18 ਸਤੰਬਰ ਤੱਕ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ਼ਤਾਬਦੀ ਦੇ ਮੁੱਖ ਸਮਾਗਮ ਹੋਣਗੇ।

    ਸ੍ਰੀ ਗੋੋਇੰਦਵਾਲ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਸਮੇਂ 15 ਸਤੰਬਰ ਨੂੰ ਸਹਿਜ ਪਾਠਾਂ ਦੇ ਸੰਗਤੀ ਰੂਪ ਵਿਚ ਭੋਗ ਪਾਏ ਜਾਣਗੇ। 16 ਸਤੰਬਰ ਨੂੰ ਸਿੱਖ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਅਤੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ, ਕਵੀਸ਼ਰੀ ਵਾਰਾਂ, ਕਵੀਤਾਵਾਂ ਅਤੇ ਭਾਸ਼ਣ ਰਾਹੀਂ ਹਾਜ਼ਰੀ ਭਰੀ ਜਾਵੇਗੀ। ਇਸੇ ਦਿਨ ਸਿੱਖ ਮਾਰਸ਼ਲ ਆਰਟ ਗਤਕਾ ਦੇ ਮੁਕਾਬਲੇ ਵੀ ਕਰਵਾਏ ਜਾਣਗੇ। 17 ਸਤੰਬਰ ਨੂੰ ਸ੍ਰੀ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿਚ ਸੰਗਤਾਂ ਪੈਦਲ ਸ਼ਾਮਲ ਹੋਣਗੀਆਂ। ਸ਼ਤਾਬਦੀ ਦਾ ਮੁੱਖ ਸਮਾਗਮ 18 ਸਤੰਬਰ ਨੂੰ ਕੀਤਾ ਜਾਵੇਗਾ, ਜਿਸ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ, ਸਿੰਘ ਸਾਹਿਬਾਨ, ਧਾਰਮਿਕ, ਰਾਜਸੀ ਪ੍ਰਮੁੱਖ ਸ਼ਖ਼ਸੀਅਤਾਂ ਵੀ ਸ਼ਿਰਤਕ ਕਰਨਗੀਆਂ।

    ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਖੇ 31 ਅਗਸਤ 2024 ਨੂੰ ਕੀਰਤਨ ਦਰਬਾਰ ਹੋਵੇਗਾ ਅਤੇ 1 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੁੱਜੇਗਾ। ਇਸੇ ਤਰ੍ਹਾਂ 6 ਸਤੰਬਰ ਨੂੰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲੁਹਾਰ (ਤਰਨ ਤਾਰਨ) ਵਿਖੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ। 7 ਸਤੰਬਰ ਨੂੰ ਗੁਰਦੁਆਰਾ ਸ੍ਰੀ ਚੌਹਲਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ, ਜੋ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲੁਹਾਰ ਤੋਂ ਹੁੰਦਾ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇਗਾ। ਸ਼ਤਾਬਦੀ ਨੂੰ ਸਮਰਪਿਤ ਖਾਲਸਾ ਕਾਲਜ ਅੰਮ੍ਰਿਤਸਰ ਤੇ ਸ੍ਰੀ ਖਡੂਰ ਸਾਹਿਬ ਵਿਖੇ ਸੈਮੀਨਾਰ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸ਼ਤਾਬਦੀ ਸਮਾਗਮਾਂ ਸਮੇਂ ਪੁੱਜਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰ ਲਏ ਹਨ। ਸੰਗਤਾਂ ਦੀ ਰਿਹਾਇਸ਼, ਲੰਗਰ ਆਦਿ ਦੇ ਪ੍ਰਬੰਧਾਂ ਦੇ ਨਾਲ-ਨਾਲ ਪਾਰਕਿੰਗ ਲਈ ਥਾਂ ਅਤੇ ਪਾਰਕਿੰਗ ਤੋਂ ਗੁਰਦੁਆਰਾ ਸਾਹਿਬ ਜਾਣ-ਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ਸਮੇਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.