Indian Students Death Foreign Land : ਵਿਦੇਸ਼ਾਂ ਵਿੱਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦਾ ਮੁੱਦਾ ਭਾਰਤੀ ਸੰਸਦ ਵਿੱਚ ਵੀ ਉਠਾਇਆ ਗਿਆ ਸੀ। ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਿਛਲੇ 5 ਸਾਲਾਂ ਵਿੱਚ ਹੀ 633 ਨੌਜਵਾਨ ਜੋ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ ਗਏ ਸਨ, ਉਹਨਾਂ ਦੀ ਵਿਦੇਸ਼ੀ ਧਰਤੀ ਉੱਤੇ ਮੌਤ ਹੋ ਗਈ। ਇਨ੍ਹਾਂ ਵਿੱਚੋਂ 19 ਅਜਿਹੇ ਸਨ, ਜਿਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦੱਸ ਦਈਏ ਕਿ ਆਤਮ ਹੱਤਿਆ ਦੇ ਅੰਕੜੇ ਨਹੀਂ ਪੇਸ਼ ਕੀਤੇ ਗਏ ਹਨ।
ਪਿਛਲੇ 5 ਸਾਲਾਂ ਵਿੱਚ ਹੀ 633 ਨੌਜਵਾਨ ਦੀ ਮੌਤ
ਸੰਸਦ ਦੇ ਵਿੱਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ 5 ਸਾਲਾਂ ਵਿੱਚ 633 ਨੌਜਵਾਨਾਂ ਨੇ ਵਿਦੇਸ਼ਾਂ ਵਿੱਚ ਆਪਣੀ ਜਾਨ ਗਵਾਈ ਹੈ। ਇਨ੍ਹਾਂ ਵਿੱਚ 19 ਵਿਦਿਆਰਥੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਕੈਨੇਡਾ ‘ਚ ਸਭ ਤੋਂ ਵੱਧ ਮੌਤਾਂ
ਸਭ ਤੋਂ ਵੱਧ ਮੌਤਾਂ ਕੈਨੇਡਾ ਵਿੱਚ ਹੋਈਆਂ, ਜਿੱਥੇ ਪਿਛਲੇ 5 ਸਾਲਾਂ ਵਿੱਚ 172 ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿੱਚੋਂ 9 ਵਿਦਿਆਰਥੀਆਂ ਦੀ ਹਮਲਿਆਂ ਕਾਰਨ ਮੌਤ ਹੋ ਗਈ ਸੀ। ਦੂਜਾ ਹੈਰਾਨ ਕਰਨ ਵਾਲਾ ਅੰਕੜਾ ਅਮਰੀਕਾ ਤੋਂ ਆਇਆ ਹੈ, ਜਿੱਥੇ ਇਸ ਦੌਰਾਨ 108 ਨੌਜਵਾਨਾਂ ਦੀ ਜਾਨ ਚਲੀ ਗਈ।
ਕੁੱਲ 41 ਦੇਸ਼ਾਂ ਵਿੱਚ ਭਾਰਤੀਆਂ ਦੀ ਗਈ ਜਾਨ
ਵਿਦੇਸ਼ ਮੰਤਰਾਲੇ ਨੇ ਅੰਕੜਿਆਂ ਵਿੱਚ 41 ਦੇਸ਼ਾਂ ਦੇ ਨਾਮ ਦਿੱਤੇ ਹਨ, ਜਿੱਥੇ ਇੱਕ ਜਾਂ ਇੱਕ ਤੋਂ ਵੱਧ ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚ ਯੂਕੇ ਵਿੱਚ 58, ਆਸਟ੍ਰੇਲੀਆ ਵਿੱਚ 57, ਜਰਮਨੀ ਵਿੱਚ 24, ਇਟਲੀ ਵਿੱਚ 18, ਕਿਰਗਿਸਤਾਨ ਵਿੱਚ 12, ਰੂਸ ਵਿੱਚ 37, ਯੂਕਰੇਨ ਵਿੱਚ 18, ਜਾਰਜੀਆ ਅਤੇ ਸਾਈਪ੍ਰਸ ਵਿੱਚ 12-12 ਅਤੇ ਸਾਊਦੀ ਅਰਬ ਵਿੱਚ 18, ਚੀਨ ਵਿੱਚ 8 ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ।
48 ਵਿਦਿਆਰਥੀ ਵਾਪਿਸ ਭੇਜੇ ਭਾਰਤ
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪਿਛਲੇ 3 ਸਾਲਾਂ ‘ਚ 48 ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਵਾਪਿਸ ਭਾਰਤ ਭੇਜਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਕਿਉਂ ਭੇਜਿਆ ਗਿਆ, ਇਸ ਬਾਰੇ ਵਿਦੇਸ਼ ਮੰਤਰਾਲੇ ਵੱਲੋਂ ਕੋਈ ਕਾਰਨ ਨਹੀਂ ਦੱਸਿਆ ਗਿਆ।
ਵਿਦਿਆਰਥੀਆਂ ਨੂੰ ਮਡਾਡ ਪੋਰਟਲ ‘ਤੇ ਰਜਿਸਟਰ ਕਰਨ ਦੀ ਅਪੀਲ
ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਸਾਂਝੀ ਕੀਤੀ ਕਿ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨ ਵੀ ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ MADAD ਪੋਰਟਲ ‘ਤੇ ਰਜਿਸਟਰ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਉਹ ਰਜਿਸਟਰ ਕਰਨਗੇ ਤਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਮੁੱਦਿਆਂ ਨੂੰ ਸੁਣਿਆ ਜਾ ਸਕੇਗਾ ਅਤੇ ਸਮੇਂ ਸਿਰ ਹੱਲ ਕੀਤਾ ਜਾ ਸਕੇਗਾ।
ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦਾ ਜਵਾਬ ਟੈਲੀਫੋਨ ਕਾਲਾਂ, ਵਾਕ-ਇਨ, ਈਮੇਲਾਂ, ਸੋਸ਼ਲ ਮੀਡੀਆ, 24×7 ਐਮਰਜੈਂਸੀ ਹੈਲਪਲਾਈਨਜ਼, ਓਪਨ ਹਾਊਸ ਅਤੇ ਹੈਲਪ ਪੋਰਟਲ ਰਾਹੀਂ ਨਜ਼ਦੀਕੀ ਰੀਅਲ-ਟਾਈਮ ਆਧਾਰ ‘ਤੇ ਦਿੱਤਾ ਜਾਂਦਾ ਹੈ।
– ACTION PUNJAB NEWS