Ola Electric IPO: ਆਖਿਰਕਾਰ ਓਲਾ ਇਲੈਕਟ੍ਰਿਕ ਦੇ IPO ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਿਟੇਲ ਨਿਵੇਸ਼ਕ 2 ਅਗਸਤ ਤੋਂ 6 ਅਗਸਤ ਤੱਕ ਓਲਾ ਇਲੈਕਟ੍ਰਿਕ ਦੇ ਆਈਪੀਓ ਵਿੱਚ ਪੈਸਾ ਲਗਾ ਸਕਣਗੇ। ਓਲਾ ਨੇ ਘੱਟ ਮੁਲਾਂਕਣ ‘ਤੇ ਆਈਪੀਓ ਲਾਂਚ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਨਿਵੇਸ਼ਕ ਇਸ ਵਿੱਚ ਹਿੱਸਾ ਲੈ ਸਕਣ। Ola IPO ਲਾਂਚ ਕਰਨ ਵਾਲੀ ਦੇਸ਼ ਦੀ ਪਹਿਲੀ ਇਲੈਕਟ੍ਰਿਕ ਵਾਹਨ ਕੰਪਨੀ ਬਣਨ ਜਾ ਰਹੀ ਹੈ। ਮਾਰੂਤੀ ਤੋਂ ਬਾਅਦ ਆਟੋ ਸੈਕਟਰ ‘ਚ ਇਹ ਦੇਸ਼ ਦਾ ਪਹਿਲਾ IPO ਵੀ ਹੋਣ ਜਾ ਰਿਹਾ ਹੈ।
IPO 6000 ਕਰੋੜ ਰੁਪਏ ਦਾ ਹੋਵੇਗਾ
ਓਲਾ ਇਲੈਕਟ੍ਰਿਕ ਨੇ ਸ਼ਨੀਵਾਰ ਨੂੰ ਸਟਾਕ ਐਕਸਚੇਂਜ ਨੂੰ ਇਸ ਫੈਸਲੇ ਦੀ ਜਾਣਕਾਰੀ ਦਿੱਤੀ। IPO ਦੀ ਐਂਕਰ ਬੁੱਕ 1 ਅਗਸਤ ਨੂੰ ਖੁੱਲ੍ਹੇਗੀ। IPO ਦੀ ਲਿਸਟਿੰਗ 9 ਅਗਸਤ ਨੂੰ ਹੋ ਸਕਦੀ ਹੈ। ਇਸ ਦੇ ਜ਼ਰੀਏ, ਸਾਫਟਬੈਂਕ ਸਮਰਥਿਤ ਓਲਾ ਇਲੈਕਟ੍ਰਿਕ ਲਗਭਗ $ 4.5 ਬਿਲੀਅਨ ਦਾ ਮੁਲਾਂਕਣ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ ਸਾਲ ਫੰਡਿੰਗ ਦੌਰਾਨ, ਕੰਪਨੀ ਦਾ ਮੁਲਾਂਕਣ $5.4 ਬਿਲੀਅਨ ਹੋਣ ਦਾ ਅਨੁਮਾਨ ਸੀ। ਇਸ IPO ਦੀ ਕੀਮਤ ਲਗਭਗ 6000 ਕਰੋੜ ਰੁਪਏ ਹੋਵੇਗੀ। ਇਸ ‘ਚ ਨਵੇਂ ਇਸ਼ੂ ਦੇ ਨਾਲ-ਨਾਲ ਵਿਕਰੀ ਲਈ ਆਫਰ ਵੀ ਹੋਵੇਗਾ।
ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਆਈਪੀਓ ਰਾਹੀਂ ਓਲਾ ਇਲੈਕਟ੍ਰਿਕ ਦੇ ਸੀਈਓ ਭਾਵਿਸ਼ ਅਗਰਵਾਲ 3.79 ਕਰੋੜ ਸ਼ੇਅਰਾਂ ਦੀ ਵਿਕਰੀ ਕਰਨਗੇ। ਇਹ ਅੰਕੜਾ ਕੰਪਨੀ ਦੁਆਰਾ ਸੇਬੀ ਨੂੰ ਸੌਂਪੇ ਗਏ ਆਈਪੀਓ ਦਸਤਾਵੇਜ਼ ਤੋਂ ਲਗਭਗ 20 ਪ੍ਰਤੀਸ਼ਤ ਘੱਟ ਹੈ। ਇਸ ਤੋਂ ਇਲਾਵਾ ਕਈ ਵੱਡੇ ਸ਼ੇਅਰਧਾਰਕ ਵੀ ਇਸ ‘ਚ ਆਪਣੀ ਹਿੱਸੇਦਾਰੀ ਵੇਚਣਗੇ। ਓਲਾ ਹੋਰ ਨਿਵੇਸ਼ਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੂੰ ਸਾਲ 2024 ਦਾ ਸਭ ਤੋਂ ਵੱਡਾ IPO ਵੀ ਮੰਨਿਆ ਜਾ ਰਿਹਾ ਹੈ। ਇਸ ਦੇ ਤਾਜ਼ਾ ਸ਼ੇਅਰ ਇਸ਼ੂ ਦਾ ਆਕਾਰ 5500 ਕਰੋੜ ਰੁਪਏ ਹੋਵੇਗਾ।
ਆਈਪੀਓ ਦੀ ਮਨਜ਼ੂਰੀ 20 ਜੂਨ ਨੂੰ ਮਿਲੀ ਸੀ
ਓਲਾ ਇਲੈਕਟ੍ਰਿਕ ਨੂੰ ਅਥਰ ਐਨਰਜੀ, ਬਜਾਜ ਅਤੇ TVS ਮੋਟਰ ਕੰਪਨੀ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੰਪਨੀ ਨੇ 22 ਦਸੰਬਰ, 2023 ਨੂੰ ਮਾਰਕੀਟ ਰੈਗੂਲੇਟਰ ਸੇਬੀ ਕੋਲ IPO ਦਸਤਾਵੇਜ਼ (DRHP) ਜਮ੍ਹਾਂ ਕਰਾਏ ਸਨ। ਸੇਬੀ ਨੇ 20 ਜੂਨ ਨੂੰ ਆਈਪੀਓ ਲਾਂਚ ਕਰਨ ਦੀ ਮਨਜ਼ੂਰੀ ਦਿੱਤੀ ਸੀ। ਜੁਟਾਏ ਗਏ ਪੈਸਿਆਂ ਵਿਚੋਂ 1,226 ਕਰੋੜ ਰੁਪਏ ਪੂੰਜੀਗਤ ਖਰਚੇ ‘ਤੇ ਵਰਤੇ ਜਾਣਗੇ। ਇਸ ਤੋਂ ਇਲਾਵਾ 800 ਕਰੋੜ ਰੁਪਏ ਕਰਜ਼ੇ ਦੀ ਅਦਾਇਗੀ ‘ਤੇ, 1600 ਕਰੋੜ ਰੁਪਏ ਖੋਜ ਅਤੇ ਵਿਕਾਸ ‘ਤੇ ਅਤੇ 350 ਕਰੋੜ ਰੁਪਏ ਕੰਪਨੀ ਦੀਆਂ ਭਵਿੱਖੀ ਯੋਜਨਾਵਾਂ ‘ਤੇ ਖਰਚ ਕੀਤੇ ਜਾਣਗੇ।
– ACTION PUNJAB NEWS