Hoshiarpur News : ਪੰਜਾਬ ਗਤਕਾ ਐਸੋਸੀਏਸ਼ਨ (ਰਜਿ:) ਵੱਲੋਂ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਪੰਜ ਦਿਨਾਂ 9ਵੀਂ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਹੋਈ ਸੰਪੰਨ ਹੋਈ। ਜਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮਿਤੀ 22 ਜੁਲਾਈ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਆਪਣੇ ਕਰ ਕਮਲਾ ਨਾਲ ਕੀਤਾ ਸੀ।
ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਾਜਿੰਦਰ ਸਿੰਘ ਸੋਹਲ ਦੀ ਪ੍ਰਧਾਨਗੀ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸਰਦਾਰ ਹਰਚਰਨ ਸਿੰਘ ਭੁੱਲਰ ਆਈਪੀਐਸ ਦੀ ਅਗਵਾਈ ਹੇਠ ਮਿਤੀ 22 ਜੁਲਾਈ ਤੋਂ 26 ਜੁਲਾਈ ਤੱਕ ਚੱਲੀ ਇਹ ਚੈਂਪੀਅਨਸ਼ਿਪ ਗੁਰਦੁਆਰਾ ਦੁੱਖ ਨਿਵਾਰਨ ਸ਼੍ਰੀ ਗੁਰੂ ਨਾਨਕ ਚਰਨ ਸਰ ਭੀਖੋਵਾਲ ਵਿਖੇ ਕਰਵਾਈ ਗਈ। ਗਤਕਾ ਐਸੋਸੀਏਸ਼ਨ ਜਿਲ੍ਹਾ ਹੁਸ਼ਿਆਰਪੁਰ ਅਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਗਤਕਾ ਸਪੋਰਟਸ ਕਲੱਬ ਹੁਸ਼ਿਆਰਪੁਰ ਵਲੋਂ ਸਮੁੱਚੇ ਪ੍ਰਬੰਧ ਬੇਹੱਦ ਸੁਚੱਜੇ ਢੰਗ ਨਾਲ ਕੀਤੇ ਗਏ।
ਇਸ ਬਾਰੇ ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਗਤਕਾ ਫੈਡਰੇਸ਼ਨ ਆਫ ਇੰਡੀਆ ਨੇ ਦੱਸਿਆ ਕਿ 9ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦੌਰਾਨ ਇਨਾਮ ਵੰਡ ਸਮਾਰੋਹ ਮੌਕੇ ਡਾਕਟਰ ਰਵਜੋਤ ਐਮਐਲਏ ਹਲਕਾ ਸ਼ਾਮ ਚੁਰਾਸੀ ਨੇ ਜਿੱਥੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਹੈ ਉੱਥੇ ਹੀ ਨਰਿੰਦਰ ਸਿੰਘ ਡੀਐਸਪੀ ਉਚੇਚੇ ਤੌਰ ਤੇ ਮੌਜੂਦ ਰਹੇ ਅਤੇ ਜੇਤੂ ਖਿਡਾਰੀਆਂ ਅਤੇ ਟੀਮਾਂ ਦੀ ਹੌਸਲਾ ਅਫ਼ਜਾਈ ਕੀਤੀ।
ਇਸ ਤੋਂ ਇਲਾਵਾ ਏਸ਼ੀਅਨ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐਸ ਪੀ ਓਬਰਾਏ ਦੇ ਟਰੱਸਟ ਵਲੋਂ ਖਿਡਾਰੀਆਂ ਨੂੰ ਟੀ-ਸ਼ਰਟਾਂ ਵੰਡੀਆਂ ਗਈਆਂ।
ਜਾਣਕਾਰੀ ਦਿੰਦੇ ਹੋਏ ਵਿਜੇ ਪ੍ਰਤਾਪ ਸਿੰਘ ਪ੍ਰਧਾਨ ਗਤਕਾ ਐਸੋਸੀਏਸ਼ਨ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਡੀਐਸਓ ਹੁਸ਼ਿਆਰਪੁਰ ਪ੍ਰੀਤ ਕੋਹਲੀ ਸਹਾਇਕ ਖੇਡ ਅਫਸਰ ਹੁਸ਼ਿਆਰਪੁਰ, ਪਰਮਿੰਦਰ ਸਿੰਘ ਖਾਲਸਾ ਪ੍ਰਧਾਨ ਮਕੇਰੀਆਂ ਸਰਕਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੰਤੋਖ ਸਿੰਘ ਡਾਲੋਵਾਲ ਇਸ ਚੈਂਪੀਅਨਸ਼ਿਪ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਹਿਯੋਗ ਦਿੱਤਾ। ਉਨ੍ਹਾਂ ਦੱਸਿਆ ਪੰਜਾਬ ਗਤਕਾ ਐਸੋਸੀਏਸ਼ਨ ਦੇ ਰੈਫਰੀ ਸਾਹਿਬਾਨਾਂ ਨੇ ਵੀ ਬਖੂਬੀ ਨਾਲ ਆਪਣੀ ਡਿਊਟੀ ਨਿਭਾਈ।
ਦੱਸਣਯੋਗ ਹੈ ਕਿ ਜਿੱਥੇ 9ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਵਿੱਚ 20 ਵੱਖ-ਵੱਖ ਜ਼ਿਲ੍ਹਿਆਂ ਨੇ ਭਾਗ ਲਿਆ ਹੈ ਅਤੇ ਵੱਖ ਵੱਖ ਈਵੈਂਟਾ ਵਿੱਚ ਮੈਡਲ ਹਾਸਿਲ ਕੀਤੇ ਹਨ। ਉੱਥੇ ਹੀ ਓਵਰਆਲ ਲੜਕੀਆਂ ਦੇ ਮੁਕਾਬਲਿਆਂ ਵਿੱਚੋ ਪਹਿਲਾ ਜ਼ਿਲ੍ਹਾ ਲੁਧਿਆਣਾ ਅਤੇ ਦੂਸਰਾ ਸਥਾਨ ਜ਼ਿਲ੍ਹਾ ਬਠਿੰਡਾ ਅਤੇ ਤੀਸਰਾ ਸਥਾਨ ਮਲੇਰਕੋਟਲਾ ਜਿਲ੍ਹੇ ਨੇ ਹਾਸਿਲ ਕੀਤਾ।
ਇਸ ਦੌਰਾਨ ਐਸੋਸੀਏਸ਼ਨ ਵੱਲੋਂ ਭਗਤ ਬਾਬਾ ਸੰਤੋਖ ਸਿੰਘ ਜੀ ਅਤੇ ਅਵਤਾਰ ਸਿੰਘ ਪ੍ਰਬੰਧਕ ਗੁਰਦੁਆਰਾ ਦੁਖ ਨਿਵਾਰਨ ਸ੍ਰੀ ਗੁਰੂ ਨਾਨਕ ਚਰਨਸਰ ਭੀਖੋਵਾਲ, ਦੇ ਵਿਸ਼ੇਸ਼ ਸਹਿਯੋਗ ਅਤੇ ਸਮੁੱਚੇ ਖਾਲਸਾ ਪੰਥ ਦੀ ਸੇਵਾ ਲਈ ਕੀਤੇ ਯੋਗਦਾਨ ਲਈ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ: Paris Olympics 2024 : ਭਾਰਤੀ ਨਿਸ਼ਾਨੇਬਾਜ਼ਾਂ ਦੀ ਧੱਕ, ਰਮਿਤਾ ਤੋਂ ਬਾਅਦ ਅਰਜੁਨ ਵੀ ਫਾਈਨਲ ‘ਚ
– ACTION PUNJAB NEWS