CUET UG Result 2024 : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਐਤਵਾਰ ਨੂੰ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਇਸ ਪ੍ਰੀਖਿਆ ਵਿੱਚ 13.48 ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਦੇਸ਼ ਦੇ 379 ਸ਼ਹਿਰਾਂ ਵਿੱਚ ਪ੍ਰੀਖਿਆ ਲਈ ਕੇਂਦਰ ਬਣਾਏ ਗਏ ਸਨ। ਦੇਸ਼ ਤੋਂ ਬਾਹਰ 26 ਕੇਂਦਰ ਬਣਾਏ ਗਏ ਸਨ ਤਾਂ ਜੋ ਉੱਥੇ ਦੇ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਬੈਠ ਸਕਣ।
ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰ ਅਧਿਕਾਰਤ ਵੈੱਬਸਾਈਟ exams.nta.ac.in/CUET-UG ਤੋਂ ਆਪਣਾ ਸਕੋਰਕਾਰਡ ਡਾਊਨਲੋਡ ਕਰ ਸਕਦੇ ਹਨ। ਸਕੋਰਕਾਰਡ ਡਾਊਨਲੋਡ ਕਰਨ ਲਈ, ਉਮੀਦਵਾਰਾਂ ਨੂੰ ਆਪਣਾ ਅਰਜ਼ੀ ਨੰਬਰ ਅਤੇ ਜਨਮ ਮਿਤੀ ਦਰਜ ਕਰਨੀ ਪਵੇਗੀ। ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) ਭਾਰਤ ਦੀਆਂ ਵੱਖ-ਵੱਖ ਕੇਂਦਰੀ, ਰਾਜ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਆਯੋਜਿਤ ਕੀਤਾ ਜਾਂਦਾ ਹੈ। ਇਸ ਪ੍ਰੀਖਿਆ ਨੂੰ ਕਰਵਾਉਣ ਦੀ ਜ਼ਿੰਮੇਵਾਰੀ NTA ਦੇ ਮੋਢਿਆਂ ‘ਤੇ ਹੈ।
ਉੱਤਰ ਕੁੰਜੀ ਇਸ ਹਫ਼ਤੇ ਕੀਤੀ ਗਈ ਸੀ ਜਾਰੀ
ਇਸ ਹਫ਼ਤੇ ਦੇ ਸ਼ੁਰੂ ਵਿੱਚ, ਐਨਟੀਏ ਨੇ ਪ੍ਰੀਖਿਆ ਨਾਲ ਸਬੰਧਤ ਸਾਰੇ ਵਿਸ਼ਿਆਂ ਦੀਆਂ ਅੰਤਮ ਉੱਤਰ ਕੁੰਜੀਆਂ ਜਾਰੀ ਕੀਤੀਆਂ ਸਨ। ਪ੍ਰੀਖਿਆ ਲਈ ਕੁੱਲ 1347820 ਉਮੀਦਵਾਰਾਂ ਨੇ ਆਪਣਾ ਨਾਮ ਦਰਜ ਕਰਵਾਇਆ ਸੀ। CUET UG ਨਤੀਜਾ ਜਾਰੀ ਹੋਣ ਤੋਂ ਬਾਅਦ, ਯੂਨੀਵਰਸਿਟੀਆਂ ਦੁਆਰਾ ਕਾਉਂਸਲਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ।
NTA ਭਾਰਤ ਅਤੇ ਵਿਦੇਸ਼ਾਂ ਦੇ 500 ਤੋਂ ਵੱਧ ਸ਼ਹਿਰਾਂ ਵਿੱਚ ਹਰ ਸਾਲ CUET-UG ਪ੍ਰੀਖਿਆ ਦਾ ਆਯੋਜਨ ਕਰਦਾ ਹੈ। ਇਸ ਸਾਲ ਪ੍ਰੀਖਿਆਵਾਂ ਹਾਈਬ੍ਰਿਡ ਢੰਗ ਨਾਲ 15 ਤੋਂ 29 ਮਈ ਤੱਕ ਹੋਈਆਂ ਸਨ। ਇਸ ਦੇ ਨਤੀਜਿਆਂ ਦੇ ਆਧਾਰ ‘ਤੇ ਦੇਸ਼ ਦੀਆਂ 261 ਯੂਨੀਵਰਸਿਟੀਆਂ ‘ਚ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਕੁਝ ਵਿਦਿਆਰਥੀਆਂ ਲਈ ਇਹ ਪ੍ਰੀਖਿਆ 19 ਜੁਲਾਈ ਨੂੰ ਦੁਬਾਰਾ ਰੱਖੀ ਗਈ ਸੀ।
ਨਤੀਜੇ ਜਾਰੀ ਕਰਨ ਵਿੱਚ ਦੇਰੀ
NEET ਪੇਪਰ ਲੀਕ ਦੇ ਵਿਵਾਦ ਦੇ ਵਿਚਕਾਰ CUET-UG ਨਤੀਜੇ ਜਾਰੀ ਕਰਨ ਵਿੱਚ ਦੇਰੀ ਹੋਈ ਸੀ। ਪ੍ਰੀਖਿਆ ਦੇ ਨਤੀਜੇ 30 ਜੂਨ ਨੂੰ ਜਾਰੀ ਕੀਤੇ ਜਾਣੇ ਸਨ, ਪਰ ਐਨਟੀਏ ਨੇ ਇਸ ਵਿੱਚ ਦੇਰੀ ਕੀਤੀ ਕਿਉਂਕਿ ਇਸਨੂੰ NEET-UG, UGC-NET ਅਤੇ CSIR-UGC-NET ਪ੍ਰੀਖਿਆਵਾਂ ਵਿੱਚ ਪੇਪਰ ਲੀਕ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ।
– ACTION PUNJAB NEWS