Sri Guru Amar Das Ji: ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਵੱਲੋਂ ਪਰਿਚਾਲਿਤ ਗੁਰਗੱਦੀ ਉਪਰ ਆਪ ਤੀਜੇ ਗੁਰੂ ਵਜੋਂ ਪ੍ਰਤਿਸ਼ਠਿਤ ਹੋਏ। ਆਪ ਜੀ ਦਾ ਜਨਮ ਮਈ, 1479 ਈ: ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਵਿਚ ਭੱਲਾ ਖੱਤਰੀ ਕੁੱਲ ਵਿਚ ਹੋਇਆ। ਆਪ ਜੀ ਦੇ ਦਾਦਾ ਜੀ ਦਾ ਨਾਮ ਹਰਿ ਜੀ ਅਤੇ ਪਿਤਾ ਜੀ ਦਾ ਨਾਂ ਤੇਜਭਾਨ ਸੀ। ਵਪਾਰ ਅਤੇ ਖੇਤੀ ਕਰਨਾ ਆਪ ਦੇ ਪਿਤਰੀ ਕਿੱਤੇ ਸਨ। ਆਪ ਨੂੰ ਭਗਤੀ ਭਾਵਨਾ ਅਤੇ ਕਰਮ ਨਿਸ਼ਠਾ ਵਿਰਾਸਤ ਵਿਚ ਮਿਲੀਆਂ ਸਨ। ਆਪ ਜੀ ਦਾ ਵਿਆਹ 23 ਵਰ੍ਹਿਆਂ ਦੀ ਉਮਰ ਵਿਚ ਸੰਨ 1502 ਈ: ਨੂੰ ਹੋਇਆ। ਆਪ ਜੀ ਦੇ ਘਰ ਦੋ ਪੁੱਤਰ ਮੋਹਨ ਅਤੇ ਮੋਹਰੀ ਅਤੇ ਦੋ ਪੁੱਤਰੀਆਂ ਦਾਨੀ ਅਤੇ ਭਾਨੀ ਪੈਦਾ ਹੋਈਆਂ। ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਨਾਲ ਕੀਤਾ ਗਿਆ, ਜੋ ਬਾਅਦ ਵਿਚ ਚੌਥੇ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਰੂਪ ਵਿਚ ਪ੍ਰਗਟ ਹੋਏ।
ਆਪ ਜੀ ਦਾ ਜੀਵਨ ਇਕ ਅਧਿਆਤਮਕ ਜਗਿਆਸੂ ਵਾਲਾ ਸੀ, ਆਪਣੇ ਕੰਮਕਾਰ ਵਿਚੋਂ ਪਰਮਾਤਮਾ ਭਗਤੀ ਲਈ ਵੀ ਜ਼ਰੂਰ ਸਮਾਂ ਕੱਢ ਲੈਂਦੇ ਸਨ। ਗੁਰੂ ਅਮਰਦਾਸ ਪਾਤਿਸ਼ਾਹ ਜੀ ਬਿਰਧ ਅਵਸਥਾ ਵਿਚ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿਚ ਆਏ ਸਨ। ਗੁਰੂ ਅੰਗਦ ਸਾਹਿਬ ਵੱਲੋਂ ਪ੍ਰਾਪਤ ਕੀਤਾ ਗਿਆਨ ਅਤੇ ਆਪਣੇ ਆਪ ਨੂੰ ਸਮਰਪਿਤ ਦੀ ਭਾਵਨਾ ਕਰਕੇ ਸੇਵਾ ਅਤੇ ਸਿਮਰਨ ਦੇ ਸਦਕਾ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਮਾਲਿਕ ਬਣੇ। ਗੁਰੂ ਅਮਰਦਾਸ ਜੀ ਨੇ ਬਿਰਧ ਅਵਸਥਾ ਵਿਚ ਬਾਣੀ ਰਚ ਕੇ ਉਸ ਵਿਚ ਜੀਵਨ ਅਨੁਭਵ ਦਾ ਨਿਚੋੜ ਭਰ ਦਿੱਤਾ, ਜੋ ਜਗਿਆਸੂਆਂ ਲਈ ਸਹੀ ਪੱਥ- ਪ੍ਰਦਰਸ਼ਕ ਅਤੇ ਅਤਿਅੰਤ ਪ੍ਰੇਰਣਾਦਾਇਕ ਹੈ।
ਆਪ ਜੀ ਨੇ ਗੁਰਗੱਦੀ ‘ਤੇ ਬੈਠਣ ਉਪਰੰਤ ਆਪਣੇ ਰਹੱਸਵਾਦੀ ਅਨੁਭਵ ਨੂੰ ਬਾਣੀ ਰਾਹੀਂ ਅਭਿਵਿਅਕਤ ਕਰਨਾ ਸ਼ੁਰੂ ਕੀਤਾ। ਆਪ ਜੀ ਨੇ 18 ਰਾਗਾਂ ਵਿਚ ਬਾਣੀ ਰਚੀ ਜੋ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।
ਗੁਰੂ ਅਮਰਦਾਸ ਜੀ ਨੇ ਭਗਤੀ ਦੇ ਪਰੰਪਰਾਗਤ ਰੂਪ ਨੂੰ ਸਵੀਕਾਰ ਨਾ ਕਰਕੇ ਨਿਸ਼ਕਾਮ ਅਤੇ ਪ੍ਰੇਮ ਭਾਵਨਾ ਨਾਲ ਕੀਤੀ ਭਗਤੀ ਉੱਤੇ ਬਲ ਦਿੱਤਾ ਕਿਉਂਕਿ ਇਸ ਵਿਚ ਕਿਸੇ ਪ੍ਰਕਾਰ ਦੀ ਉਪਚਾਰਤਾ ਦਾ ਅਭਾਵ ਹੈ। ਇਸ ਵਿਚਲੀ ਊਚ-ਨੀਚ ਦੀ ਵਿਰੋਧੀ ਭਾਵਨਾ ਨੇ ਸਮਾਜਿਕ ਮੇਲ ਮਿਲਾਪ ਦਾ ਮਾਰਗ ਤਿਆਰ ਕੀਤਾ ਹੈ, ਜੋ ਮਾਨਵਤਾ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਹ ਸਹਿਜ ਭਗਤੀ ਹੈ। ਇਸ ਲਈ ਕਿਸੇ ਪ੍ਰਕਾਰ ਦੇ ਅਨੁਸਥਾਨ ਦੀ ਲੋੜ ਨਹੀਂ। ਇਸ ਭਗਤੀ ਦੇ ਵਿਕਾਸ ਲਈ ਗੁਰੂ ਜੀ ਨੇ ਈਸ਼ਵਰੀ ਭੈਅ ਨੂੰ ਉੱਚੇਚਾ ਮਹੱਤਵ ਦਿੱਤਾ ਹੈ। ਕਿਉਂਕਿ ਇਸ ਤੋਂ ਬਿਨ੍ਹਾਂ ਸੱਚੀ ਭਗਤੀ ਹੋ ਹੀ ਨਹੀਂ ਸਕਦੀ। ਗੁਰੂ ਜੀ ਅਨੁਸਾਰ ਭੈਅ ਸਹਿਤ ਭਗਤੀ ਕਰਦੇ ਹੋਏ ਦਿਨ-ਰਾਤ ਪਰਮਾਤਮਾ ਨੂੰ ਆਪਣੇ ਸਨਮੁੱਖ ਵਿਦਮਾਨ ਮੰਨਣਾ ਚਾਹੀਦਾ ਹੈ। ਇਸ ਭਗਤੀ ਸਾਧਨਾ ਲਈ ਗੁਰੂ ਜੀ ਨੇ ਪਾਖੰਡ, ਹੰਕਾਰ ਅਤੇ ਹਰ ਪ੍ਰਕਾਰ ਦੀਆਂ ਮਾੜੀਆਂ ਬਿਰਤੀਆਂ ਨੂੰ ਤਿਆਗਣ ਲਈ ਬਲ ਦਿੱਤਾ, ਕਿਉਂਕਿ ਇਹ ਸਭ ਭਗਤੀ ਦੇ ਵਿਰੋਧਕ ਤੱਤ ਹਨ। ਪਰਮਾਤਮਾ ਦੀ ਭਗਤੀ ਦੇ ਨਾਲ-ਨਾਲ ਗੁਰੂ, ਸਤਿਗੁਰੂ ਦੀ ਭਗਤੀ ਦੀ ਲੋੜ ਦਾ ਵੀ ਅਹਿਸਾਸ ਕਰਵਾਇਆ ਗਿਆ ਹੈ। ਗੁਰੂ-ਭਗਤੀ, ਹਰਿ-ਭਗਤੀ ਦੀ ਪਹਿਲੀ ਪੌੜੀ ਜਾਂ ਆਧਾਰ ਸੇਵਾ ਹੈ। ਇਸ ਰਾਹੀਂ ਪਰਮਾਤਮਾ ਨੂੰ ਸਹਿਜ ਢੰਗ ਨਾਲ ਮਨ ਵਿੱਚ ਵਸਾਇਆ ਜਾ ਸਕਦਾ ਹੈ। ਗੁਰੂ ਅਮਰਦਾਸ ਜੀ ਨੇ ਭਗਤੀ ਦੀ ਸੰਪੰਨਤਾ ਲਈ ਨਾਮ ਸਾਧਨਾ ਅਤੇ ਸਤਿਸੰਗਤ ਨੂੰ ਵੀ ਬਹੁਤ ਮਹੱਤਵ ਦਿੱਤਾ ਹੈ। ਅਸਲ ਵਿੱਚ ਬ੍ਰਹਮ ਗਿਆਨ ਦੀ ਪ੍ਰਾਪਤੀ ਵਿੱਚ ਕਿਸੇ ਵੀ ਵਿਅਕਤੀ ਦਾ ਜਿੱਤਣਾ ਹੀ ਸਹਿਯੋਗ ਅਤੇ ਅਗਵਾਈ ਕਿਉਂ ਨਾ ਰਹੀ ਹੋਵੇ ਪਰ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਨਾਲ ਪ੍ਰੇਰਣਾ ਸਦਕਾ ਦ੍ਰਿੜਤਾ, ਸਾਧਨਾ ਦੇ ਸਰੂਪ ਵਿੱਚ ਨਿਖਾਰ ਅਤੇ ਆਤਮ ਗਿਆਨ ਵਿੱਚ ਨਿਰੰਤਰ ਵਿਸਥਾਰ ਹੁੰਦਾ ਰਹਿੰਦਾ ਹੈ।
ਗੁਰੂ ਅੰਗਦ ਸਾਹਿਬ ਜੀ ਨੇ ਗੁਰਬਾਣੀ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਣ ਦੀ ਪ੍ਰਥਾ ਆਰੰਭ ਕਰ ਦਿੱਤੀ ਸੀ। ਸਿੱਖਾਂ ਨੇ ਗੁਰਮੁਖੀ ਅੱਖਰਾਂ ਦਾ ਗਿਆਨ ਹਾਸਿਲ ਕਰਨਾ ਸ਼ੁਰੂ ਕਰ ਦਿੱਤਾ ਸੀ। ਗੁਰੂ ਅਮਰਦਾਸ ਜੀ ਨੇ ਸ਼ਬਦ ਗੁਰੂ ਦੇ ਸਿਧਾਂਤ ਅਤੇ ਗੁਰਬਾਣੀ ਦੀ ਮਹੱਤਤਾ ਨੂੰ ਦ੍ਰਿੜ੍ਹ ਕਰਵਾਇਆ। ਉਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਲਈ ਗੁਰਬਾਣੀ ਨੂੰ ਹੀ ਸਭ ਤੋਂ ਵੱਡਾ ਸਾਧਨ ਮੰਨਿਆ ਹੈ। ਆਪਣੀ ਬਾਣੀ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਵਾਰ ਵਾਰ ਬਾਣੀ ਪੜ੍ਹਨ ਦੀ ਤਾਕੀਦ ਵੀ ਕੀਤੀ ਹੈ:
“ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ॥”
ਗੁਰੂ ਜੀ ਨੇ ਦੱਸਿਆ ਕਿ ਗੁਰਬਾਣੀ ਸਿਰਫ ਪਰਮਾਤਮਾ ਦਾ ਗਿਆਨ ਹੀ ਨਹੀਂ ਦਿੰਦੀ। ਇਹ ਪ੍ਰਤੱਖ ਤੌਰ ‘ਤੇ ਧਰਤੀ ਉੱਤੇ ਪਰਮਾਤਮਾ ਦਾ ਰੂਪ ਵੀ ਹੈ। ਗੁਰਬਾਣੀ ਨਾਲ ਮਨ ਜੋੜ ਲੈਣਾ ਪਰਮਾਤਮਾ ਨੂੰ ਹਿਰਦੇ ਵਿਚ ਵਸਾਉਣਾ ਹੀ ਹੈ। ਇਸ ਲਈ ਹੋਰ ਕੋਈ ਵੀ ਮਨੁੱਖੀ ਗੁਰੂ, ਬ੍ਰਾਹਮਣ, ਜੋਗੀ, ਮੁਰਸ਼ਦ, ਪੀਰ, ਦੇਵੀ-ਦੇਵਤਾ ਤੇ ਅਵਤਾਰ-ਪੈਗੰਬਰ ਗੁਰਬਾਣੀ ਦੇ ਤੁਲ ਨਹੀਂ ਹੈ। ਗੁਰਬਾਣੀ ਸਭ ਤੋਂ ਉੱਪਰ ਹੈ ਤੇ ਪੂਜਣਯੋਗ ਹੈ। ਗੁਰੂ ਸਾਹਿਬ ਜੀ ਦਾ ਬੜਾ ਸੋਹਣਾ ਫੁਰਮਾਨ ਹੈ:
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ॥
ਗੁਰੂ ਅਮਰਦਾਸ ਜੀ ਨੇ ਆਪ ਲੰਮਾ ਸਮਾਂ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ ਸੀ। ਉਨ੍ਹਾਂ ਨੇ ਆਪਣੀ ਬਾਣੀ ਵਿਚ ਗੁਰੂ ਦੀ ਸੇਵਾ ਕਰਨ ‘ਤੇ ਬਹੁਤ ਜ਼ੋਰ ਦਿੱਤਾ। ਗੁਰੂ ਜੀ ਅਨੁਸਾਰ ਗੁਰੂ ਦੀ ਸੇਵਾ ਨਾਲ ਹੀ ਹਿਰਦਾ ਸ਼ੁੱਧ ਹੁੰਦਾ ਹੈ, ਹਉਮੈ ਦੂਰ ਹੁੰਦੀ ਹੈ ਤੇ ਪਰਮਾਤਮਾ ਦਾ ਨਾਮ ਮਨ ਵਿੱਚ ਵੱਸਦਾ ਹੈ। ਜੇ ਕੋਈ ਵੀ ਚਿੱਤ ਲਾ ਕੇ ਗੁਰੂ ਦੀ ਸੇਵਾ ਕਰੇਗਾ, ਉਸ ਨੂੰ ਅਧਿਆਤਮਕ ਤੌਰ ‘ਤੇ ਨਿਸਚੇ ਹੀ ਸਫਲਤਾ ਮਿਲੇਗੀ।
ਜਿਥੇ ਗੁਰੂ ਅਮਰਦਾਸ ਪਾਤਿਸ਼ਾਹ ਜੀ ਨੇ 18 ਰਾਗਾਂ ਦੇ ਵਿਚ ਗੁਰਬਾਣੀ ਉਚਾਰਨ ਕੀਤੀ, ਉੱਥੇ ਹੀ ਸਮੁੱਚੇ ਸਮਾਜ ਦੇ ਲਈ ਮਨੁੱਖ ਨੂੰ ਕਲਿਆਣਕਾਰੀ ਬਣਾਉਣ ਦੇ ਲਈ ਅਨੇਕਾਂ ਹੀ ਪੁਰਉਪਕਾਰੀ ਕਾਰਜ ਕੀਤੇ। ਗੁਰੂ ਅਮਰਦਾਸ ਜੀ ਨੇ ਗੁਰੂ ਕੇ ਲੰਗਰ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਨੇ “ਪਹਿਲੇ ਪੰਗਤ ਪਾਛੇ ਸੰਗਤ” ਦੀ ਮਰਿਆਦਾ ਸਥਾਪਿਤ ਕੀਤੀ। ਗੁਰੂ ਜੀ ਦੇ ਦਰਸ਼ਨਾਂ ਲਈ ਆਉਣ ਵਾਲੇ ਹਰ ਵਿਅਕਤੀ ਨੂੰ ਪਹਿਲਾਂ ਪੰਗਤ ਵਿਚ ਬੈਠ ਕੇ ਲੰਗਰ ਛੱਕਣਾ ਪੈਂਦਾ ਸੀ। ਗੁਰੂ ਜੀ ਦਾ ਆਸ਼ਾ ਸਭ ਨੂੰ ਇਕ ਪੰਗਤ ਵਿਚ ਲੰਗਰ ਛਕਾ ਕੇ ਜਾਤ-ਪਾਤ ਅਤੇ ਛੂਤ-ਛਾਤ ਦੀ ਭਾਵਨਾ ਸੰਗਤ ਵਿਚੋਂ ਖਤਮ ਕਰਨਾ ਸੀ। ਗੁਰੂ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਤਿਆਰ ਕਰਵਾਈ। ਇਸ ਵਿੱਚ ਇਸ਼ਨਾਨ ਕਰਨ ਦੀ ਸਭ ਨੂੰ ਖੁੱਲ ਸੀ। ਇਸ ਤਰ੍ਹਾਂ ਗੁਰੂ ਜੀ ਨੇ ਮਨੁੱਖੀ ਏਕਤਾ ਤੇ ਭਾਈਚਾਰੇ ਦੇ ਸਿਧਾਂਤ ਨੂੰ ਅਮਲੀ ਰੂਪ ਦਿੱਤਾ।
ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਪਾਤਿਸ਼ਾਹ ਜੀ ਦਾ ਬਚਨ ਮੰਨ ਕੇ ਹੀ ਨਵਾਂ ਨਗਰ ਅੰਮ੍ਰਿਤਸਰ ਵਸਾਇਆ ਸੀ। ਇਹ ਅਸਥਾਨ ਅੱਜ ਸਿੱਖ ਧਰਮ ਦਾ ਮੁੱਖ ਕੇਂਦਰ ਹੈ। ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਚੋਣਵੇਂ ਸਿੱਖਾਂ ਨੂੰ ਵੀ ਜ਼ਿੰਮੇਵਾਰੀ ਦਿੱਤੀ। ਉਨ੍ਹਾਂ ਵਲੋਂ ਦੂਰ-ਦੁਰਾਡੇ ਇਲਾਕਿਆਂ ਵਿਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਹਿੱਤ 22 ਮੰਜੀਆਂ ਦੀ ਸਥਾਪਨਾ ਕੀਤੀ। ਗੁਰੂ ਜੀ ਨੇ ਆਪਣੇ ਦੋ ਪੁੱਤਰ ਮੋਹਨ ਤੇ ਮੋਹਰੀ ਜੀ ਦੀ ਥਾਂ ਆਪਣੇ ਜਵਾਈ, ਬੀਬੀ ਭਾਨੀ ਜੀ ਦੇ ਪਤੀ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ‘ਤੇ ਬਿਰਾਜਮਾਨ ਕੀਤਾ। ਅੰਤ ਗੁਰੂ ਅਮਰਦਾਸ ਪਾਤਿਸ਼ਾਹ ਜੀ ਗੋਇੰਦਵਾਲ ਵਿਖੇ ਜੋਤੀ-ਜੋਤਿ ਸਮਾ ਗਏ।
– ACTION PUNJAB NEWS