CM Mann vs Purohit : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਬਨਵਾਰੀਲਾਲ ਪੁਰੋਹਿਤ ਦਾ ਅਸਤੀਫਾ ਸਵੀਕਾਰ ਕਰ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਰਾਜਾਂ ਵਿੱਚ ਰਾਜਪਾਲਾਂ ਦੀਆਂ ਨਵੀਆਂ ਨਿਯੁਕਤੀਆਂ ਦਾ ਵੀ ਐਲਾਨ ਕੀਤਾ। ਹੁਣ ਪੰਜਾਬ ਦੇ ਨਵੇਂ ਗਵਰਨਰ ਗੁਲਾਬਚੰਦ ਕਟਾਰੀਆ ਬਣ ਗਏ ਹਨ।
ਉੱਥੇ ਹੀ ਜੇਕਰ ਪੰਜਾਬ ’ਚ ਬਨਵਾਰੀ ਲਾਲ ਪੁਰੋਹਿਤ ਦੇ ਕਾਰਜਕਾਲ ’ਤੇ ਝਾਂਤ ਮਾਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਉਨ੍ਹਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਚਾਰ ਵਿਵਾਦ ਹੁੰਦੇ ਰਹੇ ਹਨ। ਜੋ ਕੀ ਅਜੇ ਵੀ ਜਾਪ ਰਹੀ ਹੈ। ਜੀ ਹਾਂ ਗਵਰਨਰ ਬਨਵਾਰੀ ਲਾਲ ਪੁਰੋਹਿਤ ਲਈ ਰੱਖੀ ਗਈ ਵਿਦਾਇਗੀ ਸਮਾਰੋਹ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਨਹੀਂ ਹੋਣਗੇ।
ਵਿਦਾਇਗੀ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਣਗੇ ਸੀਐੱਮ ਮਾਨ
ਦੱਸ ਦਈਏ ਕਿ ਗਵਰਨਰ ਹਾਊਸ ’ਚ ਬਨਵਾਰੀ ਲਾਲ ਪੁਰੋਹਿਤ ਲਈ ਵਿਦਾਇਗੀ ਪ੍ਰੋਗਰਾਮ ਰੱਖਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਨਵਾਰੀ ਲਾਲ ਪੁਰੋਹਿਤ ਦੀ ਵਿਦਾਇਗੀ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਵੀ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ’ਚ ਹੋਣ ਵਾਲੇ ਪ੍ਰਦਰਸ਼ਨ ’ਚ ਸ਼ਾਮਲ ਹੋਣਗੇ ।
ਨਿੱਜੀ ਕਾਰਨ ਦੱਸਿਆ ਸੀ ਅਸਤੀਫੇ ਦਾ ਕਾਰਨ
ਦੱਸ ਦਈਏ ਕਿ ਬਨਵਾਰੀਲਾਲ ਪੁਰੋਹਿਤ ਨੇ ਫਰਵਰੀ ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਇੱਕ ਛੋਟਾ ਪੱਤਰ ਲਿਖ ਕੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪੁਰੋਹਿਤ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਨਿੱਜੀ ਕਾਰਨਾਂ ਅਤੇ ਕੁਝ ਹੋਰ ਵਚਨਬੱਧਤਾਵਾਂ ਕਾਰਨ ਮੈਂ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ਤੋਂ ਆਪਣਾ ਅਸਤੀਫਾ ਸੌਂਪਦਾ ਹਾਂ। ਕਿਰਪਾ ਕਰਕੇ ਇਸਨੂੰ ਸਵੀਕਾਰ ਕਰੋ। ਪੁਰੋਹਿਤ ਨੇ ਤਾਮਿਲਨਾਡੂ ਦੇ ਰਾਜਪਾਲ ਵਜੋਂ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸਤੰਬਰ 2021 ਵਿੱਚ ਪੰਜਾਬ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਸੀ।
ਅਜਿਹਾ ਸੀ ਕਾਰਜਕਾਲ
ਪੰਜਾਬ ਵਿੱਚ ਉਨ੍ਹਾਂ ਦਾ ਕਾਰਜਕਾਲ ਆਮ ਆਦਮੀ ਪਾਰਟੀ (ਆਪ) ਸਰਕਾਰ ਨਾਲ ਲਗਾਤਾਰ ਟਕਰਾਅ ਨਾਲ ਭਰਿਆ ਰਿਹਾ। ਖਾਸ ਕਰਕੇ ਪੰਜਾਬ ਰਾਜ ਭਵਨ ਵੱਲੋਂ ਵੱਖ-ਵੱਖ ਬਿੱਲਾਂ ਨੂੰ ਮਨਜ਼ੂਰੀ ਨਾ ਦਿੱਤੇ ਜਾਣ ਦੇ ਮੁੱਦੇ ‘ਤੇ। ਜਦੋਂ ਵੀ ਰਾਜਪਾਲ ਪੁਰੋਹਿਤ ਨੇ ਚਿੰਤਾ ਜ਼ਾਹਰ ਕੀਤੀ ਜਾਂ ਸਪੱਸ਼ਟੀਕਰਨ ਮੰਗਿਆ, ਆਮ ਆਦਮੀ ਪਾਰਟੀ, ਜਿਸ ਵਿੱਚ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਸਰਕਾਰੀ ਬੁਲਾਰੇ ਸ਼ਾਮਲ ਸਨ, ਨੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਅਕਸਰ ਪੁਰੋਹਿਤ ‘ਤੇ ਭਾਜਪਾ ਤੋਂ ਪ੍ਰਭਾਵਿਤ ਹੋਣ ਅਤੇ ਉਨ੍ਹਾਂ ਦੀ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਂਦੇ ਸਨ।
ਪੰਜਾਬ ਨੂੰ ਮਿਲਿਆ ਨਵਾਂ ਗਵਰਨਰ
ਬਨਵਾਰੀਲਾਲ ਪੁਰੋਹਿਤ ਦੀ ਥਾਂ ਅਸਾਮ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਅਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਬਣਾਇਆ ਗਿਆ ਹੈ। ਕਟਾਰੀਆ ਦਾ ਜਨਮ 13 ਅਕਤੂਬਰ 1947 ਨੂੰ ਹੋਇਆ ਸੀ। ਉਨ੍ਹਾਂ ਦੀ ਪਤਨੀ ਅਨੀਤਾ ਕਟਾਰੀਆ ਹੈ ਅਤੇ ਉਨ੍ਹਾਂ ਦੀਆਂ 5 ਬੇਟੀਆਂ ਹਨ। ਉਹ ਗਣਿਤ ਦੇ ਅਧਿਆਪਕ ਸਨ ਅਤੇ ਆਰਐਸਐਸ ਨਾਲ ਵੀ ਜੁੜੇ ਹੋਏ ਸਨ। ਉਹ 11 ਵਾਰ ਚੋਣ ਲੜ ਚੁੱਕੇ ਹਨ ਅਤੇ 9 ਵਾਰ ਜਿੱਤੇ ਹਨ। ਉਹ ਰਾਜਸਥਾਨ ਸਰਕਾਰ ਵਿੱਚ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ: IMD Alert In Punjab : ਪੰਜਾਬ ’ਚ ਹੁੰਮਸ ਤੋਂ ਬੇਹਾਲ ਲੋਕ ਮੀਂਹ ਲਈ ਤਰਸੇ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
– ACTION PUNJAB NEWS