MP Amritpal Singh Brother : ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਜ਼ਮਾਨਤ ਮਿਲਣ ਮਗਰੋਂ ਜੇਲ੍ਹ ’ਚੋਂ ਬਾਹਰ ਆ ਗਏ ਹਨ। ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਹਰਪ੍ਰੀਤ ਸਿੰਘ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਨਾਲ ਹੀ ਸਰਕਾਰ ਵੱਲੋਂ ਸਾਜਿਸ਼ਾਂ ਘੜਨ ਦੇ ਇਲਜ਼ਾਮ ਲਗਾਏ ਗਏ ਹਨ।
ਪੀਟੀਸੀ ਨਿਊਜ਼ ’ਤੇ ਖ਼ਾਸ ਗੱਲਬਾਤ ਦੌਰਾਨ ਹਰਪ੍ਰੀਤ ਸਿੰਘ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ। ਉਸ ’ਤੇ ਲੱਗੇ ਨਸ਼ੇ ਦੀ ਬਰਾਮਦਗੀ ਦੇ ਦੋਸ਼ ਬੇਬੁਨਿਆਦ ਹਨ। ਆਈਸ ਡਰੱਗ ਦੀ ਬਰਾਮਦਗੀ ’ਤੇ ਫੋਨ ਅਤੇ ਪੈਸੇ ਭੇਜਣ ਦੇ ਵੀ ਦੋਸ਼ ਝੂਠੇ ਹਨ।
ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਦੇ ਚੋਣ ਜਿੱਤਣ ਪਿੱਛੋ ਉਸ ਨੂੰ ਸਰਕਾਰ ਨਿਸ਼ਾਨਾ ਬਣਾ ਰਹੀ ਹੈ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸਿੱਖੀ ਲਈ ਆਵਾਜ਼ ਚੁੱਕੀ ਹੈ ਜਿਸ ਕਾਰਨ ਸਰਕਾਰਾਂ ਵੱਲੋਂ ਉਸਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਦੱਸਿਆ ਕਿ ਉਨ੍ਹਾਂ ਦੇ ਸਾਥੀ ’ਤੇ ਲੱਗਣ ਵਾਲੇ ਇਲਜ਼ਾਮ ਵੀ ਬੇਬੁਨੀਆਦ ਹਨ। ਪੁਲਿਸ ਪਹਿਲਾਂ ਹੀ ਝੂਠੇ ਮਾਮਲੇ ਦਰਜ ਕਰਨ ਦੇ ਲਈ ਤਿਆਰ ਰਹਿੰਦੀ ਹੈ। ਫਿਲਹਾਲ ਉਨ੍ਹਾਂ ਦੇ ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਹੈ ਅਤੇ ਉਹ ਕੋਰਟ ’ਚ ਵੀ ਪੇਸ਼ ਹੋਣਗੇ।
ਕਾਬਿਲੇਗੌਰ ਹੈ ਕਿ ਫਿਲੌਰ ਪੁਲਿਸ ਨੇ 11 ਜੁਲਾਈ ਦੀ ਸ਼ਾਮ ਨੂੰ ਹਰਪ੍ਰੀਤ ਸਿੰਘ ਨੂੰ ਉਸ ਦੇ ਸਾਥੀ ਲਵਪ੍ਰੀਤ ਸਮੇਤ ਫਿਲੌਰ ਹਾਈਵੇਅ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਣ ਦੀ ਜਾਣਕਾਰੀ ਹਾਸਿਲ ਹੋਈ ਸੀ।
ਇਹ ਵੀ ਪੜ੍ਹੋ: Soldier Dies of Snake Bite : 24 ਸਾਲਾਂ ਫੌਜੀ ਦੀ ਸੱਪ ਦੇ ਡੰਗਣ ਕਾਰਨ ਮੌਤ, ਅੰਬਾਲਾ ’ਚ ਕੋਰਸ ਦੇ ਸਿਲਸਿਲੇ ‘ਚ ਆਇਆ ਹੋਇਆ ਸੀ ਜਵਾਨ
– ACTION PUNJAB NEWS