ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਮੁੱਖ ਦੋਸ਼ੀ ਦੇ ਦੋਸ਼ ਕੇਂਦਰੀ ਏਜੰਸੀਆਂ ਤੇ ਆਮ ਆਦਮੀ ਪਾਰਟੀ ਸਮੇਤ ਪੰਜਾਬ ਵਿਰੋਧੀ ਤਾਕਤਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ’ਤੇ ਧਕੇਲਣ ਦੀ ਸੋਚੀ ਸਮਝੀ ਚਾਲ ਦਾ ਹਿੱਸਾ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਵਿਚ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬੇਬੁਨਿਆਦ ਦੋਸ਼ ਲਾਉਣ ਵਾਲੇ ਪ੍ਰਦੀਪ ਕਲੇਰ ਬੇਅਦਬੀ ਮਾਮਲੇ ਵਿਚ ਸਰਕਾਰੀ ਗਵਾਹ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਲੇਰ ਨੇ ਬੇਅਦਬੀ ਮਾਮਲੇ ਵਿਚ ਧਾਰਾ 164 ਦੇ ਤਹਿਤ ਦਰਜ ਬਿਆਨ ਵਿਚ ਅਕਾਲੀ ਦਲ ਦੇ ਖਿਲਾਫ ਲਾਏ ਗਏ ਦੋਸ਼ਾਂ ਦਾ ਵਰਨਣ ਨਹੀਂ ਕੀਤਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਹੁਣ ਤੱਕ ਇਨ੍ਹਾਂ ਦੋਸ਼ਾਂ ਨੂੰ ਲਾਉਣ ਲਈ ਅੱਗੇ ਕਿਉਂ ਨਹੀਂ ਆਏ ਜਦੋਂ ਕਿ ਉਨ੍ਹਾਂ ਨੂੰ 2007 ਵਿਚ ਹੀ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ ਸੀ।
ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਕੇਂਦਰੀ ਅਤੇ ਪੰਜਾਬ ਦੀ ਆਪ ਸਰਕਾਰ ਕਲੇਰ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਇਸ ਤੱਥ ਤੋਂ ਸਾਬਤ ਹੁੰਦਾ ਹੈ ਕਿ ਕਲੇਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜਦੋਂ ਕਿ ਉਹ ਘੋਸ਼ਿਤ ਅਪਰਾਧੀ ਹੋਣ ਦੇ ਬਾਵਜੂਦ ਆਪਣੇ ਘਰ ਵਿਚ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਭਾਜਪਾ ਆਗੂਆਂ ਨਾਲ ਉਸ ਦੀ ਤਸਵੀਰ ਜਨਤਕ ਹੋਣ ਤੋਂ ਬਾਅਦ ਸਰਕਾਰ ਨੇ ਕਲੇਰ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ?
ਸੀਨੀਅਰ ਆਗੂਆਂ ਨੇ ਕਿਹਾ ਕਿ ਪੰਜ ਸਾਲ ਤੱਕ ਘੋਸ਼ਿਤ ਅਪਰਾਧੀ ਹੋਣ ਦੇ ਬਾਵਜੂਦ ਕਲੇਰ ਨੂੰ ਕੁੱਝ ਹੀ ਮਹੀਨਿਆਂ ਵਿਚ ਜਮਾਨਤ ਦਿੱਤੀ ਗਈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਸ ਦਾ ਇਸਤੇਮਾਲ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲੇਰ ਤੋਂ ਬੇਅਦਬੀ ਦੇ ਮਾਮਲਆਂ ਵਿਚ ਉਸ ਦੀ ਭੂਮਿਕਾ ਬਾਰੇ ਨਹੀਂ ਪੁੱਛਿਆ ਗਿਆ? ਉਸ ਤੋਂ ਪੁੱਛਿਆ ਜਾਣਾ ਚਾਹੀਦਾ ਸੀ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸਰੂਪ’ ਨੂੰ ਕਿਵੇਂ ਲੁੱਟਿਆ ਅਤੇ ਉਸ ਨੇ ਉਨ੍ਹਾਂ ਨੂੰ ਕਿਥੇ ਰੱਖਿਆ ਅਤੇ ਉਸ ਨੂੰ ਕਿਵੇਂ ਖੁਰਦ ਬੁਰਦ ਕੀਤਾ ਗਿਆ?
ਗਰੇਵਾਲ ਨੇ ਆਪ ਸਰਕਾਰ ਤੋਂ ਇਹ ਵੀ ਸਵਾਲ ਕੀਤਾ ਕਿ ਫਰੀਦਕੋਟ ਪੁਲਸ ਪ੍ਰਮੁੱਖ ਦੀ ਲਿਖਤੀ ਬੇਨਤੀ ਦੇ ਬਾਵਜੂਦ ਉਸ ਨੇ ਡੇਰਾ ਪ੍ਰਮੁੱਖ ਰਾਮ ਰਹੀਮ ’ਤੇ ਧਾਰਾ 495 ਏ ਦੇ ਤਹਿਤ ਇਜਾਜ਼ਤ ਕਿਉਂ ਨਹੀਂ ਦਿੱਤੀ? ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਹਰਿਆਣਾ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਮ ਰਹੀਮ ’ਤੇ ਨਰਮ ਰੁਖ ਅਪਣਾਉਣ ਵਿਚ ਆਪ ਸਰਕਾਰ ਦੀ ਕੇਂਦਰ ਸਰਕਾਰ ਨਾਲ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਜਨੀਤਕ ਏਜੰਡੇ ਨੂੰ ਧਾਰਮਿਕ ਰੂਪ ਦਿੱਤਾ ਜਾ ਰਿਹਾ ਹੈ, ਉਹ ਬੇਹੱਦ ਮਾੜੀ ਗੱਲ ਹੈ ਅਤੇ ਸੂਬੇ ਵਿਚ ਸਥਾਈ ਸ਼ਾਂਤੀ ਲਈ ਠੀਕ ਨਹੀਂ ਹੈ।
ਆਗੂਆਂ ਨੇ ਕਿਹਾ ਕਿ ਕਲੇਰ ਨੇ ਦਾਅਵਾ ਕੀਤਾ ਹੈ ਕਿ ਡੇਰਾ ਸਿਰਸਾ ਨੇ 2012-2017 ਅਤੇ 2019 ਵਿਚ ਅਕਾਲੀ ਦਲ ਦਾ ਸਮਰਥਨ ਕੀਤਾ ਸੀ, ਇਸ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਜੇਕਰ ਅਜਿਹਾ ਸੀ ਤਾਂ ਡੇਰੇ ਨੇ ਹੁਣ ਤੱਕ ਚੁੱਪੀ ਕਿਉਂ ਸਾਧੀ ਹੋਈ ਹੈ? ਅਜਿਹਾ ਲੱਗਦਾ ਹੈ ਕਿ ਬਾਗੀ ਅਕਾਲੀਆਂ ਨੂੰ ਲਾ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ ਅਤੇ ਇਸੇ ਕਾਰਨ ਬੇਅਦਬੀ ਦੇ ਮੁੱਦੇ ’ਤੇ ਬਹਿਸ ਨੂੰ ਮੁੜ ਸ਼ੁਰੂ ਕਰਨ ਲਈ ਇਕ ਹੋਰ ਕਲਾਕਾਰ ਤਿਆਰ ਕੀਤਾ ਗਿਆ ਹੈ।
– ACTION PUNJAB NEWS