Supaul School Firing : ਬਿਹਾਰ ਦੇ ਸੁਪੌਲ ਜ਼ਿਲ੍ਹੇ ਦੇ ਤ੍ਰਿਵੇਣੀਗੰਜ ਵਿੱਚ ਬੁੱਧਵਾਰ ਨੂੰ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਲਾਲਪੱਟੀ ਸਥਿਤ ਇੱਕ ਨਿੱਜੀ ਸਕੂਲ ਵਿੱਚ ਨਰਸਰੀ ਜਮਾਤ ਦੇ ਵਿਦਿਆਰਥੀ ਨੇ ਤੀਜੀ ਜਮਾਤ ਵਿੱਚ ਪੜ੍ਹਦੇ 10 ਸਾਲਾ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ। ਵਿਦਿਆਰਥੀ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੈ। ਬੱਚਾ ਆਪਣੇ ਬੈਗ ਵਿੱਚ ਪਿਸਤੌਲ ਲੈ ਕੇ ਸਕੂਲ ਆਇਆ ਸੀ। ਜ਼ਖਮੀ ਬੱਚੇ ਨੂੰ ਤੁਰੰਤ ਉਪਮੰਡਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਵਿਦਿਆਰਥੀ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਸ ਘਟਨਾ ਤੋਂ ਬਾਅਦ ਸਕੂਲ ‘ਚ ਹੜਕੰਪ ਮੱਚ ਗਿਆ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਦਿਆਰਥੀ ਨੂੰ ਹਥਿਆਰ ਕਿਵੇਂ ਮਿਲਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਪਹਿਲਾਂ ਮੁਲਜ਼ਮ ਵਿਦਿਆਰਥੀ ਦਾ ਪਿਤਾ ਇਸ ਸਕੂਲ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਇਹ ਘਟਨਾ ਸਕੂਲ ਦੀ ਪ੍ਰਾਰਥਨਾ ਤੋਂ ਪਹਿਲਾਂ ਵਾਪਰੀ।
ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ
ਜ਼ਖਮੀ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ ਗੋਲੀ ਲੱਗੀ ਹੈ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿੰਨੀ ਜਲਦੀ ਹੋ ਸਕੇ ਆਓ।
ਮੁਲਜ਼ਮ ਦਾ ਪਿਤਾ ਆਪਣਾ ਬੱਚਾ ਲੈ ਕੇ ਹੋਇਆ ਫਰਾਰ
ਇਸ ਸਬੰਧੀ ਜਦੋਂ ਮੁਲਜ਼ਮ ਵਿਦਿਆਰਥੀ ਦੇ ਪਿਤਾ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਤੁਰੰਤ ਸਕੂਲ ਪਹੁੰਚਿਆ ਅਤੇ ਪ੍ਰਿੰਸੀਪਲ ਦੇ ਟੇਬਲ ‘ਤੇ ਰੱਖਿਆ ਪਿਸਤੌਲ ਅਤੇ ਉਸ ਦੇ ਪੁੱਤਰ ਨੂੰ ਲੈ ਕੇ ਸਕੂਲ ਦੀ ਕੰਧ ਟੱਪ ਕੇ ਫਰਾਰ ਹੋ ਗਿਆ। ਇਸ ਦੌਰਾਨ ਪਿਤਾ ਆਪਣੀ ਸਾਈਕਲ ਸਕੂਲ ਵਿੱਚ ਹੀ ਛੱਡ ਗਿਆ।
ਪਰਿਵਾਰਕ ਮੈਂਬਰ ਸਦਮੇ ‘ਚ, ਦੋਸ਼ੀ ਬੱਚੇ ਦੇ ਪਿਤਾ ਤੋਂ ਪੁੱਛਗਿੱਛ ਦੀ ਮੰਗ
ਜ਼ਖਮੀ ਵਿਦਿਆਰਥੀ ਦੇ ਪਰਿਵਾਰ ਨੇ ਸਕੂਲ ਪ੍ਰਸ਼ਾਸਨ ਅਤੇ ਪੁਲਿਸ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਦੁਹਰਾਈ ਜਾਵੇ। ਇਸ ਘਟਨਾ ਤੋਂ ਬਾਅਦ ਪੀੜਤ ਬੱਚੇ ਦੇ ਪਰਿਵਾਰਕ ਮੈਂਬਰ ਸਦਮੇ ‘ਚ ਹਨ। ਉਹ ਵਿਸ਼ਵਾਸ ਨਹੀਂ ਕਰ ਸਕਦੇ ਕਿ ਇੱਕ ਛੋਟਾ ਬੱਚਾ ਅਜਿਹੀ ਹਰਕਤ ਕਰੇਗਾ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਬੱਚੇ ਦੇ ਮਾਪਿਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ।
ਇਹ ਵੀ ਪੜ੍ਹੋ: Weather Update : ਪੰਜਾਬ ‘ਚ ਅਗਲੇ 2 ਦਿਨਾਂ ਤੱਕ ਛਾਏ ਰਹਿਣਗੇ ਬੱਦਲ, 8 ਜ਼ਿਲ੍ਹਿਆ ‘ਚ ਅਲਰਟ, ਜਾਣੋ ਚੰਡੀਗੜ੍ਹ ਦਾ ਮੌਸਮ
– ACTION PUNJAB NEWS