Sunday, October 13, 2024
More

    Latest Posts

    ਚੰਦੂਮਾਜਰਾ ਨੂੰ ਪਾਰਟੀ ਵਿਚੋਂ ਕੱਢਣਾ ਸ਼੍ਰੋਮਣੀ ਅਕਾਲੀ ਦਲ ਲਈ ਲਾਹੇਵੰਦ ਸਾਬਤ ਹੋਵੇਗਾ: ਐਨ.ਕੇ. ਸ਼ਰਮਾ | ਪੰਜਾਬ | Action Punjab

    ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਦੋ ਵਾਰ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਹੈ ਕਿ ਸਾਬਕਾ ਐਮ.ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਈ ਜ਼ਿਲ੍ਹਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਬਰਬਾਦ ਕੀਤਾ ਹੈ ਅਤੇ ਉਸਨੂੰ ਪਾਰਟੀ ਵਿਚੋਂ ਬਾਹਰ ਕੱਢਣਾ ਪਾਰਟੀ ਲਈ ਲਾਹੇਵੰਦ ਸਾਬਤ ਹੋਵੇਗਾ।

    ਇਥੇ ਜਾਰੀ ਬਿਆਨ ‘ਚ ਐਨ.ਕੇ. ਸ਼ਰਮਾ ਨੇ ਕਿਹਾ ਕਿ ਪ੍ਰੋ. ਚੰਦੂਮਾਜਰਾ ਨੇ ਸਭ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ਵਿਚ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਾਂਹ ਫੜ ਕੇ ਰਾਜਨੀਤੀ ਕਰਨੀ ਸ਼ੁਰੂ ਕੀਤੀ ਸੀ ਪਰ ਬਾਅਦ ਵਿਚ ਜਥੇਦਾਰ ਟੌਹੜਾ ਦਾ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਦੇ ਅਕਾਲ ਚਲਾਣੇ ਤੋਂ ਬਾਅਦ ਪ੍ਰੋ. ਚੰਦੂਮਾਜਰਾ ਨੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਕੈਪਟਨ ਕੰਵਲਜੀਤ ਸਿੰਘ ਦੇ ਸਦੀਵੀਂ ਵਿਛੋੜ ਤੋਂ ਬਾਅਦ ਪ੍ਰੋ. ਚੰਦੂਮਾਜਰਾ ਨੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਉਨ੍ਹਾਂ ਦੀ ਪਟਿਆਲਾ ਤੋਂ ਉਮੀਦਵਾਰੀ ਦੀ ਡਟਵੀਂ ਹਮਾਇਤ ਨਹੀਂ ਕੀਤੀ ਸਗੋਂ ਆਪਣੇ ਸਾਰੇ ਵਰਕਰ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਜਾ ਡੇਰੇ ਲਗਾਏ ਤੇ ਪਾਰਟੀ ਦੀ ਹਾਰ ਦਾ ਕਾਰਣ ਬਣੇ।

    ਉਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਕ ਸੱਚਾਈ ਹੈ ਕਿ ਪਟਿਆਲਾ ਵਿਚ 30 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਐਮ ਪੀ ਚੋਣਾਂ ਵਿਚ ਹਾਰ ਲਈ ਪ੍ਰੋ. ਚੰਦੂਮਾਜਰਾ ਹੀ ਜ਼ਿੰਮੇਵਾਰ ਹਨ।

    ਉਨ੍ਹਾਂ ਕਿਹਾ ਕਿ ਪਟਿਆਲਾ ਮਗਰੋਂ ਪ੍ਰੋ. ਚੰਦੂਮਾਜਰਾ ਨੇ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ’ਤੇ ਜਾ ਡੇਰੇ ਜਮਾਏ ਤੇ ਇਥੋਂ ਵੀ ਅਕਾਲੀ ਦਲ ਦਾ ਮੁਕੰਮਲ ਸਫਾਇਆ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਇਥੇ ਵੀ ਉਨ੍ਹਾਂ ਨੂੰ ਤੱਸਲੀ ਨਾ ਹੋਈ ਤਾਂ ਉਹ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਜਾ ਪਹੁੰਚੇ ਤੇ ਮੁਹਾਲੀ, ਰੋਪੜ ਤੇ ਹੋਰ ਨਾਲ ਲਗਵੇਂ ਜ਼ਿਲ੍ਹਿਆਂ ਵਿਚ ਪਾਰਟੀ ਦੀ ਹਾਰ ਯਕੀਨੀ ਬਣਾਉਂਦਿਆਂ ਪਾਰਟੀ ਦਾ ਸਫਾਇਆ ਕਰਵਾ ਦਿੱਤਾ।

    ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਤੇ ਜਿਸਦੇ ਪਰਿਵਾਰ ਵਾਸਤੇ ਪਾਰਟੀ ਨੇ ਇੰਨਾ ਕੁਝ ਦਿੱਤਾ ਹੋਵੇ, ਉਹ ਸਿਰਫ ਆਪਣੀ ਹਊਮੈ ਤੇ ਨਿੱਜੀ ਲਾਭਾਂ ਵਾਸਤੇ ਪਾਰਟੀ ਦਾ ਵੱਡਾ ਨੁਕਸਾਨ ਕਰਵਾਉਂਦਾ ਰਿਹਾ ਹੈ।

    ਉਨ੍ਹਾਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦੇ ਹਨ ਕਿ ਅਜਿਹੇ ਆਗੂਆਂ ਨੂੰ ਭਵਿੱਖ ਵਿਚ ਮੁੜ ਅਕਾਲੀ ਦਲ ਵਿਚ ਸ਼ਾਮਲ ਨਾ ਕੀਤਾ ਜਾਵੇ ਅਤੇ ਇਹਨਾਂ ਦੀ ਥਾਂ ਪਾਰਟੀ ਪ੍ਰਤੀ ਮਿਹਨਤ ਕਰਨ ਵਾਲੇ ਸਮਰਪਿਤ ਆਗੂਆਂ ਨੂੰ ਪਾਰਟੀ ਵਿਚ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਪਾਰਟੀ ਜ਼ਮੀਨੀ ਪੱਧਰ ’ਤੇ ਮਜ਼ਬੂਤ ਹੋ ਸਕੇ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.