Punjab New Traffic Rules : ਪੰਜਾਬ ’ਚ ਆਪਣੇ ਬੱਚਿਆਂ ਨੂੰ ਵਾਹਨ ਚਲਾਉਣ ਨੂੰ ਦੇਣ ਵਾਲੇ ਮਾਪੇ ਸਾਵਧਾਨ ਹੋ ਜਾਣ। ਕਿਉਂਕਿ ਸੂਬੇ ’ਚ ਪ੍ਰਸ਼ਾਸਨ ਵੱਲੋਂ ਇਸ ਸਬੰਧ ’ਚ ਸਖ਼ਤੀ ਦਿਖਾਈ ਗਈ ਹੈ। ਇਨ੍ਹਾਂ ਹੀ ਨਹੀਂ ਸਜ਼ਾ ਅਤੇ ਜੁਰਮਾਨੇ ਦੀ ਵੀ ਗੱਲ ਆਖੀ ਗਈ ਹੈ।
ਦੱਸ ਦਈਏ ਕਿ ਪੰਜਾਬ ਭਰ ’ਚ ਨਾਬਾਲਿਗ ਬੱਚਿਆਂ ਨੂੰ ਦੋਪਹੀਆ ਤੇ ਚਾਰ ਪਹੀਆ ਵਾਹਨ ਚਲਾਉਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਏਡੀਜੀਪੀ ਵੱਲੋਂ ਸੂਬੇ ਦੇ ਸਾਰੇ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆ ਨੂੰ ਹੁਕਮ ਜਾਰੀ ਕੀਤੇ ਗਏ ਹਨ, ਜਿਸ ਮੁਤਾਬਿਕ ਜੇਕਰ ਕੋਈ ਵੀ ਨਾਬਾਲਿਗ ਬੱਚਾ ਦੋਪਹੀਆ ਜਾਂ ਫਿਰ ਚਾਰ ਪਹੀਆ ਵਾਹਨ ਚਲਾਉਂਦਾ ਹੋਇਆ ਪਾਇਆ ਗਿਆ ਤਾਂ ਬੱਚਿਆਂ ਦੇ ਮਾਪਿਆਂ ਖਿਲਾਫ ਸਖ਼ਤ ਕਾਰਵਾਈ ਹੋਵੇਗੀ।
ਇਨ੍ਹਾਂ ਨਵੇਂ ਨਿਯਮਾਂ ਬਾਰੇ ਟਰੈਫਿਕ ਪੁਲਿਸ ਲੁਧਿਆਣਾ ਗੁਰਪ੍ਰੀਤ ਸਿੰਘ (ਏਸੀਪੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਗਸਤ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਹਨ ਅਤੇ ਜੇਕਰ ਅੰਡਰਏਜ਼ ਡਰਾਈਵਿੰਗ ਲਾਈਸੈਂਸ ਦੇ ਨਾਲ ਕੋਈ ਬੱਚਾ ਮੋਟਰਸਾਈਕਲ ਜਾਂ ਸਕੂਟਰ ਜਾਂ ਕਾਰ ਚਲਾਉਂਦਾ ਫੜਿਆ ਜਾਂਦਾ ਹੈ, ਤਾਂ 25 ਹਜ਼ਾਰ ਰੁਪਏ ਦਾ ਜੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਜੋ ਵਾਹਨ ਮੌਕੇ ‘ਤੇ ਬਰਾਮਦ ਹੋਵੇਗਾ, ਉਸ ਦੇ ਮਾਲਕ ਨੂੰ 3 ਸਾਲ ਦੀ ਸਜ਼ਾ ਹੋਵੇਗੀ।
ਉਨ੍ਹਾਂ ਦੱਸਿਆ ਕਿ ਲੁਧਿਆਣਾ ‘ਚ ਅੰਡਰਏਜ਼ ਡਰਾਈਵਿੰਗ ਖਿਲਾਫ 1 ਅਗਸਤ ਤੋਂ ਪੁਲਿਸ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਇਸ ਦੌਰਾਨ ਪਰਿਵਾਰਾਂ ਨੇ ਆਪਣੇ ਬੱਚਿਆਂ ਦੇ ਡਰਾਈਵਿੰਗ ਲਾਈਸੈਂਸ ਬਣਾਵਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਕਈਆਂ ਦੇ ਬਣ ਚੁੱਕੇ ਹਨ। ਦੱਸ ਦਈਏ ਕਿ ਇਹ ਡਰਾਈਵਿੰਗ ਲਾਈਸੈਂਸ ਵਾਲੇ ਬੱਚੇ ਸਿਰਫ 50 ਸੀਸੀ ਜਾਂ ਉਸ ਤੋਂ ਵੀ ਘੱਟ ਪਾਵਰ ਵਾਲੇ ਜਾਂ ਵਾਹਨ ਹੀ ਚਲਾ ਸਕਦਾ ਹੈ, ਭਾਵ ਸਿਰਫ ਇਲੈਕਟਰਿਕ ਸਕੂਟਰੀ ਆਦਿ।
ਲੁਧਿਆਣਾ ਟ੍ਰੈਫਿਕ ਪੁਲਿਸ ਦੇ ਮੁਤਾਬਿਕ ਜੇਕਰ ਅੰਡਰਏਜ਼ ਡਰਾਈਵਿੰਗ ਲਾਈਸੈਂਸ ਦੇ ਨਾਲ ਜੇ ਕੋਈ ਬੱਚਾ ਐਕਟਿਵਾ ਬਾਈਕ ਜਾਂ ਕਾਰ ਚਲਾਉਂਦਾ ਫੜਿਆ ਗਿਆ ਤਾਂ ਉਸਦਾ ਚਲਾਨ ਹੋਵੇਗਾ। ਇਸ ਚਲਾਨ ਦੇ ਨਾਲ ਉਸਨੂੰ 25000 ਰੁਪਏ ਜੁਰਮਾਨਾ ਵੀ ਹੋਵੇਗਾ।
ਲਾਈਸੈਂਸ ਨਾਲ ਕਿਹੜੇ ਵਾਹਨ ਦੀ ਮਿਲੇਗੀ ਮਨਜੂਰੀ
ਇਸ ਲਾਇਸੈਂਸ ਦੇ ਨਾਲ ਬਿਨਾਂ ਗੇਅਰ ਵਾਲਾ 50 ਸੀਸੀ ਤੋਂ ਘੱਟ ਇੰਜਨ ਵਾਲਾ ਵਾਹਨ ਚਲਾਣ ਦੀ ਅਨੁਮਤੀ ਰਹਿੰਦੀ ਹੈ, ਜਿਸ ਦੀ ਸਪੀਡ ਸਿਰਫ 30 ਜਾਂ 40 ਕਿਲੋਮੀਟਰ ਪ੍ਰਤੀ ਘੰਟਾ ਹੋਵੇ। ਇਸ ਲਾਇਸੰਸ ਦੇ ਨਾਲ ਬਾਜ਼ਾਰ ਵਿੱਚ ਆਮ ਮਿਲਣ ਵਾਲੀ ਇਲੈਕਟਰਿਕ ਸਕੂਟਰੀ ਹੀ ਚਲਾਈ ਜਾ ਸਕਦੀ ਹੈ। ਕਈ ਪਰਿਵਾਰਾਂ ਦੇ ਵਿੱਚ ਇਹ ਗਲਤਫਹਿਮੀ ਹੈ ਕਿ 16 ਤੋਂ 18 ਸਾਲ ਤੱਕ ਦੇ ਅੰਡਰਏਜ਼ ਡਰਾਈਵਿੰਗ ਦੇ ਨਾਲ ਉਨ੍ਹਾਂ ਦਾ ਬੱਚਾ ਬਿਨਾਂ ਗੇਅਰ ਵਾਲੇ ਵਾਹਨ ਐਕਟੀਵਾ ਚਲਾ ਸਕਦਾ ਹੈ, ਜਿਸ ਨੂੰ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਮੁਤਾਬਿਕ ਕਿਹਾ ਗਿਆ ਕਿ ਇਹ ਸਰਾਸਰ ਗਲਤ ਹੈ ਕਿਉਂਕਿ ਐਕਟੀਵਾ ਵਿਦਆਊਟ ਗੇਅਰ 100 ਸੀਸੀ ਤੋਂ ਉੱਪਰ ਹੁੰਦੀ ਹੈ, ਉਸ ਦੀ ਸਪੀਡ ਵੀ ਜ਼ਿਆਦਾ ਹੁੰਦੀ ਹੈ।
– ACTION PUNJAB NEWS