Sunday, October 13, 2024
More

    Latest Posts

    ਕਿਸਾਨ ਆਗੂ ਰਾਜੇਵਾਲ ਤੇ ਸਾਥੀਆਂ ਖ਼ਿਲਾਫ਼ SSP ਚੰਡੀਗੜ੍ਹ ਕੋਲ ਪਹੁੰਚੀ ਸ਼ਿਕਾਇਤ, ਜਾਤੀ ਵਿਤਕਰੇ ਦਾ ਆਰੋਪ | ਪੰਜਾਬ | Action Punjab

    ਚੰਡੀਗੜ੍ਹ : ਵੇਰਕਾ ਕੈਟਲ ਫੀਡ ਪਲਾਂਟ ਖੰਨਾ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਤੇ ਪ੍ਰਸਿੱਧ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਪਰਵਿੰਦਰ ਸਿੰਘ ਚਲਾਕੀ ਅਤੇ ਗੁਰਬਿੰਦਰ ਸਿੰਘ ਖ਼ਿਲਾਫ਼ ਜਾਤੀ ਭੇਦਭਾਵ ਦੀ ਸ਼ਿਕਾਇਤ ਕੀਤੀ ਹੈ। ਵੇਰਕਾ ਦੇ ਜਨਰਲ ਮੈਨੇਜਰ ਵੱਲੋਂ ਐਸਐਸਪੀ ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਰਾਜੇਵਾਲ ਤੇ ਉਸ ਦੇ ਸਾਥੀਆਂ ਵੱਲੋਂ ਮੀਡੀਆ ਵਿੱਚ ਉਸ ਦੀ ਜਨਤਕ ਤੌਰ ’ਤੇ ਬਦਨਾਮੀ ਕਰਨ ਅਤੇ ਨੌਕਰੀ ‘ਚ ਪ੍ਰੇਸ਼ਾਨੀ ਦੇ ਗੰਭੀਰ ਆਰੋਪ ਲਾਏ ਹਨ।

    ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਾਜੇਵਾਲ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ‘ਤੇ ਨਿੱਜੀ ਤੌਰ ‘ਤੇ ਝੂਠੇ ਦੋਸ਼ ਲਾਏ ਅਤੇ ਜਾਤੀ ਭੇਦਭਾਵ ਦੇ ਆਧਾਰ ‘ਤੇ ਝੂਠੀ ਮਾਣਹਾਨੀ ਦੀ ਸਾਜ਼ਿਸ਼ ਰਚੀ, ਜਿਸ ਕਾਰਨ ਸਮਾਜ ‘ਚ ਉਸਦੀ ਇੱਜ਼ਤ ਨੂੰ ਢਾਹ ਲੱਗੀ ਅਤੇ ਬੇਲੋੜਾ ਨੁਕਸਾਨ ਉਠਾਉਣਾ ਪਿਆ।

    ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ 19 ਜੁਲਾਈ 2024 ਨੂੰ ਮਿਲਕ ਪਲਾਂਟ ਲੁਧਿਆਣਾ ਦੇ ਮੁਅੱਤਲ ਡਾਇਰੈਕਟਰ ਗੁਰਬਿੰਦਰ ਸਿੰਘ ਅਤੇ ਮਿਲਕ ਪਲਾਂਟ ਮੁਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਮਿਲਕਫੈੱਡ ਪੰਜਾਬ ਵਿਰੁੱਧ ਪ੍ਰੈਸ ਕਾਨਫਰੰਸ ਕੀਤੀ ਸੀ।

    ਸ਼ਿਕਾਇਤਕਰਤਾ ਨੇ ਕਿਹਾ ਕਿ ਜਾਣਬੁੱਝ ਕੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਖਿਲਾਫ਼ ਝੂਠੇ ਦੋਸ਼ ਲਗਾ ਕੇ ਮੈਨੂੰ ਬਦਨਾਮ ਕਰਨ ਅਤੇ ਮੇਰੀ ਨੌਕਰੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਸ ’ਤੇ ਸਾਲ 2012-13 ਦੌਰਾਨ ਲੁਧਿਆਣਾ ਮਿਲਕ ਪਲਾਂਟ ਵਿੱਚ ਤਾਇਨਾਤੀ ਦੌਰਾਨ 1 ਕਰੋੜ 11 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਝੂਠੇ ਦੋਸ਼ ਲਾਏ ਗਏ ਹਨ ਅਤੇ ਕਿਹਾ ਗਿਆ ਹੈ ਕਿ ਉਹ ਚਾਰ ਪੜਤਾਲਾਂ ਦੌਰਾਨ ਦੋਸ਼ੀ ਪਾਇਆ ਗਿਆ ਹੈ। ਜਦੋਂਕਿ ਨਿੱਜੀ ਤੌਰ ‘ਤੇ ਉਸ ਦਾ ਨਾਮ ਅੱਜ ਤੱਕ ਅਜਿਹੀ ਕਿਸੇ ਵੀ ਜਾਂਚ ਵਿੱਚ ਦੋਸ਼ੀ ਸਾਬਿਤ  ਨਹੀਂ ਹੋਇਆ ਹੈ ਅਤੇ ਇਸ ਸਬੰਧੀ ਜਾਂਚ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਵੱਲੋਂ ਕੀਤੀ ਜਾ ਰਹੀ ਹੈ।

    ਡਾ. ਸੁਰਜੀਤ ਸਿੰਘ ਭਦੌੜ ਨੇ ਕਿਹਾ ਕਿ 10 ਸਾਲਾਂ ਬਾਅਦ ਉਸ ਦਾ ਅਕਸ ਖਰਾਬ ਕਰਨ ਲਈ ਬਿਨਾਂ ਕਿਸੇ ਸਬੂਤ ਦੇ ਉਸ ਕੇਸ ਨੂੰ ਪੇਸ਼ ਕੀਤਾ ਗਿਆ ਅਤੇ ਜਾਤੀ ਭੇਦਭਾਵ ਕਾਰਨ ਮੇਰੇ ਚਰਿੱਤਰ ਨੂੰ ਬਦਨਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘਾਟੇ ਵਾਲੇ ਪਲਾਂਟਾਂ ਨਾਲ ਉਸ ਦਾ ਨਾਂ ਜੋੜ ਕੇ ਨਿੱਜੀ ਤੌਰ ‘ਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦਕਿ ਮਿਲਕਫੈੱਡ ਪੰਜਾਬ ਦੇ ਹੋਰ ਮਿਲਕ ਪਲਾਂਟ ਵੀ ਘਾਟੇ ‘ਚ ਚੱਲ ਰਹੇ ਹਨ ਅਤੇ ਕਿਸੇ ਵੀ ਪਲਾਂਟ ਦੇ ਨੁਕਸਾਨ ਲਈ ਜਨਰਲ ਮੈਨੇਜਰ ਜ਼ਿੰਮੇਵਾਰ ਨਹੀਂ ਹਨ ਅਤੇ ਉਕਤ ਵਿਅਕਤੀਆਂ ਨੇ ਕਿਸੇ ਹੋਰ ਜਨਰਲ ਮੈਨੇਜਰ ਦਾ ਨਿੱਜੀ ਨਾਂਅ ਨਹੀਂ ਲਿਆ, ਸਗੋਂ ਜਾਣ ਬੁੱਝ ਕੇ ਅਤੇ ਬੇਲੋੜੇ ਤੌਰ ‘ਤੇ ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਜਨਤਕ ਤੌਰ ‘ਤੇ ਬਦਨਾਮ ਕੀਤਾ ਹੈ, ਕਿਉਂਕਿ ਮੈਂ ਅਨੁਸੂਚਿਤ ਜਾਤੀ ਨਾਲ ਸਬੰਧਤ ਹਾਂ।

    ਉਨ੍ਹਾਂ ਕਿਹਾ ਕਿ ਵੇਰਕਾ ਦੇ ਇਹ ਜਾਤੀ-ਵਿਰੋਧੀ ਗੈਰ-ਸਰਕਾਰੀ ਨੁਮਾਇੰਦੇ ਵੀ ਉਨ੍ਹਾਂ ਨਾਲ ਜਾਤੀ ਦੁਸ਼ਮਣੀ ਰੱਖਦੇ ਹਨ ਕਿਉਂਕਿ ਉਨ੍ਹਾਂ ਨੇ ਪੰਜਾਬ ਮਿਲਕਫੈੱਡ ਅਤੇ ਇਸ ਨਾਲ ਸਬੰਧਤ ਦੁੱਧ ਯੂਨੀਅਨਾਂ ਦੇ ਬੋਰਡਾਂ ਵਿੱਚ ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਉਚਿਤ ਰਾਖਵਾਂਕਰਨ ਲਾਗੂ ਕਰਨ ਦੀ ਮੰਗ ਕੀਤੀ ਸੀ ਅਤੇ ਇਹ ਮਾਮਲਾ ਪੰਜਾਬ ਰਾਜ ਦਾ ਮਾਮਲਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਫ਼ਤਰ ਵਿੱਚ ਲੰਬਿਤ ਹੈ, ਜਿਸ ਕਾਰਨ ਉਕਤ ਬੋਰਡ ਦੇ ਜਾਤੀ ਵਿਰੋਧੀ ਮੈਂਬਰਾਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਮਿਲ ਕੇ ਪ੍ਰੈਸ ਕਾਨਫਰੰਸ ਦੌਰਾਨ ਜਾਣਬੁੱਝ ਕੇ ਸ਼ਰੇਆਮ ਬਦਨਾਮ ਕੀਤਾ ਹੈ, ਜੋ ਕਿ ਭਾਰਤੀ ਕਾਨੂੰਨ ਦੀ ਉਲੰਘਣਾ ਹੈ। 

    ਡਾ. ਭਦੌੜ ਨੇ ਆਰੋਪ ਲਾਇਆ ਕਿ ਇਸ ਤੋਂ ਪਹਿਲਾਂ ਵੀ ਦਸੰਬਰ 2023 ਵਿੱਚ ਲੁਧਿਆਣਾ ਦੇ ਇਸ ਮੁਅੱਤਲ ਡਾਇਰੈਕਟਰ ਗੁਰਬਿੰਦਰ ਸਿੰਘ ਈਸੜੂ ਨੇ ਮਿਲਕ ਪਲਾਂਟ ਮੁਹਾਲੀ ਦੇ ਬਾਹਰ ਜਨਤਕ ਤੌਰ ’ਤੇ ਉਨ੍ਹਾਂ ਖ਼ਿਲਾਫ਼ ਅਪਸ਼ਬਦ ਬੋਲੇ ​​ਸਨ। ਉਕਤ ਵਿਅਕਤੀ ਨੇ ਬਿਨਾਂ ਕਿਸੇ ਸਬੂਤ ਦੇ ਮੇਰੇ ਖਿਲਾਫ ਨਿੱਜੀ ਤੌਰ ‘ਤੇ ਝੂਠੀ ਮਾਣਹਾਨੀ ਕੀਤੀ ਹੈ। ਉਨ੍ਹਾਂ ਆਪਣੇ ਖਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਖਿਲਾਫ਼ ਐਸਸੀਐਸਟੀ ਐਕਟ, 1989 ਦੀ ਧਾਰਾ 3(1) ਦੀ ਉਪ ਧਾਰਾ (ਆਰ) ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.