Ferozepur News : ਫਿਰੋਜ਼ਪੁਰ ‘ਚ ਦੋ ਕਾਰਾਂ ‘ਤੇ ਸਵਾਰ ਵਿਅਕਤੀਆਂ ‘ਚ ਇੱਕ-ਦੂਜੇ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਬਾਰੀ ‘ਚ ਇੱਕ ਕਾਰ ਸਵਾਰ 4 ਵਿਅਕਤੀਆਂ ਵਿਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਘਟਨਾ ਫਿਰੋਜ਼ਪੁਰ ਵਿੱਚ ਕਿਲ੍ਹੇ ਵਾਲੇ ਚੌਂਕ ਕੋਲ ਵਾਪਰੀ, ਜਦੋਂਂ ਇੱਕ ਕਾਰ ਸਵਾਰ ਵਿਅਕਤੀਆਂ ਨੇ ਇੱਕ ਹੋਰ ਕਾਰ ਸਵਾਰ ਵਿਅਕਤੀਆਂ ‘ਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਦੂਜੀ ਕਾਰ ਦੇ ਚਾਲਕ ਕੇ ਗੋਲੀ ਸਿੱਧੀ ਜਾ ਕੇ ਵੱਜੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਾਲਕ ਦੀ ਮੌਤ ਹੋਣ ਕਾਰਨ ਗੱਡੀ ਵੀ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਬਾਕੀ ਕਾਰ ਸਵਾਰ ਦੋ ਨੌਜਵਾਨ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਿਸ ਅਧਿਕਾਰੀ ਅਨੁਸਾਰ ਇਨ੍ਹਾਂ ਦੀ ਪੁਰਾਣੀ ਰੰਜਿਸ਼ ਸੀ, ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਵਿਅਕਤੀਆਂ ਦੇ ਗੋਲੀ ਵੱਜੀ ਹੈ, ਉਨ੍ਹਾਂ ‘ਤੇ ਵੀ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਇਹ ਕਾਰ ‘ਚ 4 ਵਿਅਕਤੀ ਸਵਾਰ ਸਨ, ਜੋ ਵਾਪਸ ਆ ਰਹੇ ਸਨ, ਜਿਸ ਦੌਰਾਨ ਇਨ੍ਹਾਂ ‘ਤੇ ਗੋਲੀਬਾਰੀ ਹੋਈ। ਉਨ੍ਹਾਂ ਨੇ ਦੱਸਿਆ ਕਿ ਘਟਨਾ ‘ਚ ਗੋਲੀ ਲੱਗਣ ਕਾਰਨ ਕਾਰ ਚਲਾ ਰਹੇ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਗੋਲੀ ਚਲਾਈ ਹੈ, ਉਹ ਪਹਿਲਾਂ ਇਨ੍ਹਾਂ ਦੇ ਨਾਲ ਹੀ ਸਨ ਅਤੇ ਇੱਕੋ ਪਰਚੇ ਵਿੱਚ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ‘ਚ ਹੋਣਗੇ।
– ACTION PUNJAB NEWS