Delhi Weather Update : ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਕਾਰਨ ਦਿੱਲੀ ਲਗਭਗ ਡੁੱਬ ਗਈ। ਕਈ ਥਾਵਾਂ ‘ਤੇ ਇੰਨੀ ਜ਼ੋਰਦਾਰ ਬਾਰਿਸ਼ ਹੋਈ ਕਿ ਦਿੱਲੀ ਅਜੇ ਵੀ ਇਸ ਦਾ ਦਰਦ ਝੱਲ ਰਹੀ ਹੈ। ਇੰਝ ਜਾਪਦਾ ਹੈ ਜਿਵੇਂ ਸ਼ਹਿਰ ਦੀ ਰਫ਼ਤਾਰ ‘ਤੇ ਬਰੇਕ ਲਗਾ ਦਿੱਤੀ ਗਈ ਹੋਵੇ। ਬੀਤੀ ਰਾਤ ਪਾਣੀ ਨਾਲ ਭਿੱਜੀਆਂ ਸੜਕਾਂ ‘ਤੇ ਲੋਕ ਭਿਆਨਕ ਟ੍ਰੈਫਿਕ ਜਾਮ ‘ਚ ਫਸੇ ਹੀ ਨਹੀਂ, ਅੱਜ ਵੀ ਸਥਿਤੀ ਇਹੀ ਹੈ। ਮੀਂਹ ਦਾ ਸਭ ਤੋਂ ਵੱਧ ਅਸਰ ਆਵਾਜਾਈ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਦਿੱਲੀ-ਐਨਸੀਆਰ ਵਿੱਚ ਇਸ ਸੀਜ਼ਨ ਦੀ ਸਭ ਤੋਂ ਭਿਆਨਕ ਬਾਰਿਸ਼ ਸੀ।
ਦਿੱਲੀ ‘ਚ ਕਿਉਂ ਹੋ ਰਹੀ ਹੈ ਭਾਰੀ ਬਾਰਿਸ਼?
ਆਈਐਮਡੀ ਮੁਤਾਬਿਕ ਮਾਨਸੂਨ ਟ੍ਰਫ ਦਿੱਲੀ ਦੇ ਨੇੜੇ ਹੈ, ਜਿਸ ਕਾਰਨ ਭਾਰੀ ਬਾਰਿਸ਼ ਹੋ ਰਹੀ ਹੈ। ਅਗਲੇ ਦੋ ਦਿਨਾਂ ਤੱਕ ਭਾਰੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।
ਮਾਂ ਪੁੱਤ ਦੀ ਹੋਈ ਮੌਤ
ਦੱਸ ਦਈਏ ਕਿ ਬਰਸਾਤ ਕਾਰਨ ਸੜਕਾਂ ਅਤੇ ਕਲੋਨੀਆਂ ਵਿੱਚ ਕਈ ਥਾਵਾਂ ’ਤੇ ਪਾਣੀ ਭਰ ਗਿਆ ਅਤੇ ਹਫੜਾ-ਦਫੜੀ ਮੱਚ ਗਈ। ਇਸ ਦੇ ਨਾਲ ਹੀ ਦਿੱਲੀ ਦੇ ਗਾਜ਼ੀਪੁਰ ‘ਚ 22 ਸਾਲਾ ਔਰਤ ਅਤੇ ਉਸ ਦਾ ਬੱਚਾ ਨਾਲੇ ‘ਚ ਡੁੱਬ ਗਿਆ। ਦਿੱਲੀ ਦੇ ਵੱਡੇ ਹਿੱਸੇ ਪਾਣੀ ਵਿਚ ਡੁੱਬ ਗਏ ਅਤੇ ਮੁੱਖ ਖੇਤਰਾਂ ਵਿਚ ਟ੍ਰੈਫਿਕ ਜਾਮ ਹੋ ਗਿਆ ਅਤੇ ਸੜਕਾਂ ਨਦੀਆਂ ਵਾਂਗ ਦਿਖਾਈ ਦਿੱਤੀਆਂ, ਜਿਸ ਨਾਲ ਲੋਕ ਹਰ ਪਾਸੇ ਫਸੇ ਹੋਏ ਸਨ।
ਮੁੱਖ ਖੇਤਰਾਂ ਵਿਚ ਟ੍ਰੈਫਿਕ ਜਾਮ
ਭਾਰੀ ਮੀਂਹ ਕਾਰਨ ਮੌਸਮ ਵਿਭਾਗ ਨੇ ਰਾਸ਼ਟਰੀ ਹੜ੍ਹ ਦਿਸ਼ਾ ਨਿਰਦੇਸ਼ ਬੁਲੇਟਿਨ ਵਿੱਚ ਦਿੱਲੀ ਨੂੰ ‘ਚਿੰਤਾ ਦੇ ਖੇਤਰਾਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ, ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਸੁਰੱਖਿਅਤ ਰੱਖਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇੰਨਾ ਹੀ ਨਹੀਂ ਵੀਰਵਾਰ ਨੂੰ ਦਿੱਲੀ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਨੂੰ ਦੇਖਦੇ ਹੋਏ ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ 1 ਅਗਸਤ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਦਿੱਲੀ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ ਅਤੇ ਪਾਣੀ ਭਰਨ ਦੀ ਸੰਭਾਵਨਾ ਹੈ।
ਖਰਾਬ ਮੌਸਮ ਕਾਰਨ ਉਡਾਣਾਂ ਵੀ ਪ੍ਰਭਾਵਿਤ
ਭਾਰੀ ਮੀਂਹ ਕਾਰਨ ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਰੌਬਿਨ ਸਿਨੇਮਾ ਨੇੜੇ ਇੱਕ ਮਕਾਨ ਡਿੱਗ ਗਿਆ, ਜਿਸ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਕ ਹੋਰ ਘਟਨਾ ‘ਚ ਦੱਖਣੀ-ਪੱਛਮੀ ਦਿੱਲੀ ਦੇ ਵਸੰਤ ਕੁੰਜ ‘ਚ ਕੰਧ ਡਿੱਗਣ ਨਾਲ ਇਕ ਔਰਤ ਜ਼ਖਮੀ ਹੋ ਗਈ। ਇਸ ਦੇ ਨਾਲ ਹੀ ਖਰਾਬ ਮੌਸਮ ਕਾਰਨ ਉਡਾਣਾਂ ਵੀ ਪ੍ਰਭਾਵਿਤ ਹੋਈਆਂ।
ਹਵਾਈ ਉਡਾਣਾਂ ਦੀ ਕੀ ਹੈ ਸਥਿਤੀ ?
ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੀਆਂ ਘੱਟੋ-ਘੱਟ 10 ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜਨਾ ਪਿਆ। ਇਨ੍ਹਾਂ ਵਿਚੋਂ 8 ਉਡਾਣਾਂ ਜੈਪੁਰ ਅਤੇ ਦੋ ਲਖਨਊ ਹਵਾਈ ਅੱਡੇ ‘ਤੇ ਉਤਰੀਆਂ। ਏਅਰਲਾਈਨਜ਼ ਨੇ ਹੋਰ ਉਡਾਣਾਂ ਵਿੱਚ ਵਿਘਨ ਪੈਣ ਦਾ ਖਦਸ਼ਾ ਪ੍ਰਗਟਾਇਆ ਹੈ। ਲੁਟੀਅਨਜ਼ ਦਿੱਲੀ ਅਤੇ ਗੁਰੂਗ੍ਰਾਮ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਨੂੰ ਜਾਣ ਵਾਲੀਆਂ ਸੜਕਾਂ ‘ਤੇ ਆਵਾਜਾਈ ਦੀ ਸਥਿਤੀ ਖਾਸ ਤੌਰ ‘ਤੇ ਹਫੜਾ-ਦਫੜੀ ਵਾਲੀ ਰਹੀ।
ਕਈ ਇਮਾਰਤਾਂ ਵਿੱਚ ਵੜਿਆ ਮੀਂਹ ਦਾ ਪਾਣੀ
ਦਿੱਲੀ ਸਥਿਤ ਇੰਸਟੀਚਿਊਟ ਆਫ ਟਾਊਨ ਪਲੈਨਰਜ਼ ਇੰਡੀਆ ਦੀ ਇਮਾਰਤ ਵਿੱਚ ਦਾਖਲ ਹੋਏ ਪਾਣੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਦਿੱਲੀ ‘ਚ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਪਿਆ ਅਤੇ ਰਾਜਧਾਨੀ ‘ਚ ਕਈ ਥਾਵਾਂ ‘ਤੇ ਪਾਣੀ ਭਰਨ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।
ਨਵੇਂ ਸੰਸਦ ਭਵਨ ਕੰਪਲੈਕਸ ਵਿੱਚ ਵੀ ਪਾਣੀ ਭਰਿਆ
ਸ਼ਹਿਰ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਗਿਆ। ਇੱਥੋਂ ਤੱਕ ਕਿ ਨਵੇਂ ਸੰਸਦ ਭਵਨ ਕੰਪਲੈਕਸ ਵਿੱਚ ਵੀ ਪਾਣੀ ਭਰ ਗਿਆ। ਮੀਂਹ ਇੰਨਾ ਵਧਿਆ ਕਿ ਛੱਤ ਤੋਂ ਪਾਣੀ ਟਪਕਣ ਲੱਗਾ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਵਿਰੋਧੀ ਪਾਰਟੀਆਂ ਇਸ ਦੀ ਤੁਲਨਾ ਪੁਰਾਣੀ ਸੰਸਦ ਨਾਲ ਕਰ ਰਹੀਆਂ ਹਨ।
ਇਹ ਵੀ ਪੜ੍ਹੋ: Himachal Pradesh Flood Live Updates : ਹਿਮਾਚਲ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੜ੍ਹ ਕਾਰਨ 2 ਲੋਕਾਂ ਦੀ ਮੌਤ, 50 ਲਾਪਤਾ
– ACTION PUNJAB NEWS