Sunday, October 13, 2024
More

    Latest Posts

    Ram Rahim ਖਿਲਾਫ ਪੈਂਡਿੰਗ ਕੇਸ ’ਚ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿਓ: ਸ਼੍ਰੋਮਣੀ ਅਕਾਲੀ ਦਲ ਨੇ CM ਮਾਨ ਨੂੰ ਆਖਿਆ | ਪੰਜਾਬ | Action Punjab

    ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਮੰਗ ਕੀਤੀ ਕਿ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਧਾਰਾ 295ਏ ਤਹਿਤ ਮੁਕੱਦਮਾ ਚਲਾਉਣ ਦੀ ਤੁਰੰਤ ਆਗਿਆ ਦੇਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਹੁਕਮ ਦੇਣ ਲਈ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਦੀਪ ਕਲੇਰ ਖਿਲਾਫ ਦਰਜ ਦੋ ਪੈਂਡਿੰਗ ਕੇਸਾਂ ਵਿਚ ਉਸਦੀ ਗ੍ਰਿਫਤਾਰੀ ਕੀਤੀ ਜਾਵੇ।

    ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਕਿਸ ਸੌਦੇ ਤਹਿਤ ਉਹ ਪਿਛਲੇ ਦੋ ਤੋਂ ਵੱਧ ਸਾਲਾਂ ਤੋਂ ਰਾਮ ਰਹੀਮ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਲਟਕਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੀ ਪਿਛਲੀ ਕਾਂਗਰਸ ਸਰਕਾਰ ਦੇ ਰਾਹ ਚਲ ਰਹੇ ਹਨ ਕਿਉਂਕਿ ਐਸਆਈਟੀ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਰਾਮ ਰਹੀਮ ਖਿਲਾਫ ਧਾਰਾ 295 ਏ ਤਹਿਤ ਮੁਕੱਦਮਾ ਚਲਾਉਣ ਲਈ ਆਗਿਆ ਮੰਗਣ ਦੀ ਅਰਜ਼ੀ ਸਤੰਬਰ 2021 ਤੋਂ ਪੈਂਡਿੰਗ ਪਈ ਹੈ। ਉਨ੍ਹਾਂ ਸਵਾਲ ਕੀਤਾ ਕਿ ਡੇਰਾ ਸਿਰਸਾ ਮੁਖੀ ਖਿਲਾਫ ਮੁਕੱਦਮਾ ਚਲਾਉਣ ਦੀ ਆਗਿਆ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਬਾਕੀ ਸਾਰੇ ਮੁਲਜ਼ਮਾਂ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ।

    ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿਚ ਆਉਂਦੀਆਂ ਜ਼ਿਮਨੀ ਚੋਣਾਂ ਤੇ ਹਰਿਆਣਾ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਣ ਆਪ ਸਰਕਾਰ ਡੇਰਾ ਮੁਖੀ ਖਿਲਾਫ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਹੀ ਕਾਰਣ ਹੈ ਕਿ ਡੇਰਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਕਲੇਰ ਵੱਲੋਂ ਛੇ ਮਹੀਨੇ ਪਹਿਲਾਂ ਮੈਜਿਸਟਰੇਟ ਸਾਹਮਣੇ ਧਾਰਾ 164 ਤਹਿਤ ਦਰਜ ਕਰਵਾਏ ਬਿਆਨਾਂ ਵਿਚ ਹਨੀਪ੍ਰੀਤ ਨੂੰ ਮੁੱਖ ਮੁਲਜ਼ਮ ਕਰਾਰ ਦੇਣ ਦੇ ਬਾਵਜੂਦ ਉਸਨੂੰ ਹਾਲੇ ਤੱਕ ਮੁਕੱਦਮੇ ਵਿਚ ਨਾਮਜ਼ਦ ਨਹੀਂ ਕੀਤਾ ਗਿਆ ਤੇ ਨਾ ਹੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ।

    ਸਰਦਾਰ ਰੋਮਾਣਾ ਨੇ ਹੈਰਾਨੀਜਨਕ ਖੁੱਲ੍ਹਾਸਾ ਕਰਦਿਆਂ ਦਸਤਾਵੇਜ਼ ਪੜ੍ਹ ਕੇ ਸਾਬਤ ਕੀਤਾ ਕਿ ਕਿਵੇਂ ਪ੍ਰਦੀਪ ਕਲੇਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ, ਸਿੱਖਾਂ ਨੂੰ ਆਪਣੇ ਗ੍ਰੰਥ ਨੂੰ ਬਚਾਉਣ ਦੀ ਚੁਣੌਤੀ ਦੇਣ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰਨ ਦੇ ਸੰਬੰਧ ਵਿਚ ਤਿੰਨ ਐਫਆਈਆਰ ਉਸਦੇ ਖਿਲਾਫ ਦਰਜ ਹਨ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਕਲੇਰ ਨੂੰ ਸਿਰਫ ਚੋਰੀ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਬਾਜਾਖਾਨਾ ਪੁਲਿਸ ਥਾਣੇ ਵਿਚ ਤਿੰਨੋਂ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਸਪਸ਼ਟ ਹੈ ਕਿ ਕਲੇਰ ਨੂੰ ਵੀ ਬਲੈਕਮੇਲ ਕੀਤਾ ਜਾ ਰਿਹਾ ਹੈ ਤੇ ਉਸਨੂੰ ਦੋ ਕੇਸਾਂ ਵਿਚ ਗ੍ਰਿਫਤਾਰੀ ਤੋਂ ਬਚਣ ਲਈ ਸਰਕਾਰ ਦੀ ਮਰਜ਼ੀ ਦੇ ਬਿਆਨ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

    ਰੋਮਾਣਾ ਨੇ ਮੰਗ ਕੀਤੀ ਕਿ ਬਾਕੀ ਰਹਿੰਦੇ ਦੋ ਕੇਸਾਂ ਵਿਚ ਵੀ ਕਲੇਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਹੁਣ ਤੱਕ ਅਜਿਹਾ ਕਿਉਂ ਨਹੀਂ ਕੀਤਾ ਗਿਆ।

    ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਤੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਰਾਮ ਰਹੀਮ, ਹਨੀਪ੍ਰੀਤ ਤੇ ਪ੍ਰਦੀਪ ਕਲੇਰ ਦਾ ਬਚਾਅ ਕੀਤਾ ਸੀ ਜਿਵੇਂ ਕਿ ਹੁਣ ਭਗਵੰਤ ਮਾਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਨੇ ਸਿੱਖ ਕੌਮ ਦੀ ਕੀਮਤ ’ਤੇ ਡੇਰਾ ਸਿਰਸਾ ਨਾਲ ਸਮਝੌਤੇ ਕੀਤੇ ਹੋਏ ਹਨ।

    ਛੇ ਸਾਲ ਪਹਿਲਾਂ ਭਗੌੜਾ ਕਰਾਰ ਦਿੱਤੇ ਜਾਣ ਦੇ ਬਾਵਜੂਦ ਆਪ ਸਰਕਾਰ ਦੇ ਨਾਲ-ਨਾਲ ਪ੍ਰਦੀਪ ਕਲੇਰ ਖਿਲਾਫ ਕਾਰਵਾਈ ਨਾ ਕਰਨ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਭੂਮਿਕਾ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਕਲੇਰ ਨੇ ਆਨ ਰਿਕਾਰਡ ਕਿਹਾ ਹੈ ਕਿ ਉਹ ਡੇਰਾ ਸਿਰਸਾ ਵਿਚ ਰਹਿ ਰਿਹਾ ਸੀ ਤੇ ਉਸਨੇ ਤਾਂ ਆਪਣਾ ਫੋਨ ਨੰਬਰ ਵੀ ਨਹੀਂ ਬਦਲਿਆ ਸੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੱਸੇ ਕਿ ਕਾਨੂੰਨ ਮੁਤਾਬਕ ਹਾਲੇ ਤੱਕ ਕਲੇਰ ਦੀ ਜਾਇਦਾਦ ਕਿਉਂ ਜ਼ਬਤ ਨਹੀਂ ਕੀਤੀ ਗਈ ਜਦੋਂ ਕਿ ਉਹ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।

    ਅਕਾਲੀ ਆਗੂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਸਰਕਾਰ ਕਲੇਰ ਨੂੰ ਗ੍ਰਿਫਤਾਰ ਹੀ ਨਹੀਂ ਕਰਨਾ ਚਾਹੁੰਦੀ ਤੇ ਉਸਨੂੰ ਕਲੇਰ ਨੂੰ ਉਦੋਂ ਮਜਬੂਰੀ ਵੱਸ ਗ੍ਰਿਫਤਾਰ ਕਰਨਾ ਪਿਆ, ਜਦੋਂ ਉਸਦੀਆਂ ਤਸਵੀਰਾਂ ਵਾਇਰਲ ਹੋ ਗਈਆਂ, ਜਿਸ ਵਿਚ ਉਹ ਉੱਤਰ ਪ੍ਰਦੇਸ਼ ਵਿਚ ਇਕ ਸਮਾਗਮ ਵਿਚ ਨਜ਼ਰ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਕਲੇਰ ਨੂੰ ਸਿਰਫ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਵਿਚ ਵੀ ਉਹ ਦੋ ਮਹੀਨੇ ਵਿਚ ਜ਼ਮਾਨਤ ਲੈਣ ਵਿਚ ਕਾਮਯਾਬ ਹੋ ਗਿਆ। ਉਨ੍ਹਾਂ ਕਿਹਾ ਕਿ ਉਸਦੇ ਖਿਲਾਫ ਦੋ ਕੇਸ ਹਾਲੇ ਵੀ ਪੈਂਡਿੰਗ ਹਨ ਅਤੇ ਇਹੀ ਕਾਰਣ ਹੈ ਕਿ ਕਲੇਰ ਹੁਣ ਅਕਾਲੀ ਦਲ ਦੇ ਖਿਲਾਫ ਆਪ ਸਰਕਾਰ ਦੀ ਭਾਸ਼ਾ ਬੋਲ ਰਿਹਾ ਹੈ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.