India-Pakistan Border : ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਅਟਾਰੀ ਸਰਹੱਦ ‘ਤੇ ਕਸਟਮ ਵਿਭਾਗ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਕਸਟਮ ਅਧਿਕਾਰੀਆਂ ਨੇ ਇਥੇ ਇੱਕ ਪਾਕਿਸਤਾਨ ਤੋਂ ਆਈ ਔਰਤ ਕੋਲੋਂ ਸਰਹੱਦ ‘ਤੇ 1 ਕਰੋੜ 62 ਲੱਖ ਰੁਪਏ ਦੀ ਲਾਗਤ ਵਾਲਾ ਸੋਨਾ ਫੜਿਆ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਵਿਖੇ ਵੱਸਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਉਪਰੰਤ ਭਾਰਤ ਪਰਤ ਰਹੀ ਇੱਕ ਮਹਿਲਾ ਪਾਸੋਂ 2 ਕਿੱਲੋ ਤੋਂ ਵੱਧ ਦਾ ਸੋਨਾ ਬਰਾਮਦ ਹੋਇਆ ਹੈ। ਦੋਵਾਂ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਸਰਹੱਦ ‘ਤੇ ਬਣੀ ਆਈ.ਸੀ.ਪੀ. ਵਿਖੇ ਡਿਊਟੀ ‘ਤੇ ਤਾਇਨਾਤ ਭਾਰਤੀ ਕਸਟਮ ਅਧਿਕਾਰੀਆਂ ਨੂੰ ਪਾਕਿਸਤਾਨ ਤੋਂ ਭਾਰਤ ਪੁੱਜੀ ਮਹਿਲਾ ਦੇ ਸਮਾਨ ‘ਤੇ ਸ਼ੱਕ ਹੋਇਆ। ਜਦੋਂ ਸਾਮਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਤਾਂ ਸਟੀਲ ਦੇ ਭਾਂਡਿਆਂ ਦੇ ਹੈਂਡਲਾਂ ਉੱਪਰ ਸਿਲਵਰ ਰੰਗ ਕੀਤਾ ਹੋਇਆ ਸੀ, ਜਦੋਂ ਜਾਂਚ ਕੀਤੀ ਗਈ ਤਾਂ ਉਹ ਸੋਨਾ ਨਿਕਲਿਆ, ਜਿਸ ਨੂੰ ਕਸਟਮ ਵਿਭਾਗ ਵੱਲੋਂ ਜ਼ਬਤ ਕਰ ਲਿਆ ਗਿਆ ਹੈ I
ਮਹਿਲਾ ਭਾਰਤ ਦੀ ਰਹਿਣ ਵਾਲੀ ਹੈ, ਜਿਸ ਦੀ ਪਛਾਣ ਅਨਮਡੀ ਪੁੱਤਰੀ ਮੁਹੰਮਦ ਸ਼ਕੀਲ ਵਾਸੀ ਸੂਰਜਪੁਰ ਨੋਇਡਾ (ਗੌਤਮ ਬੁੱਧ ਨਗਰ ਯੂਪੀ) ਵੱਜੋਂ ਹੋਈ ਹੈ।
ਮਹਿਲਾ ਕੋਲੋਂ ਕਸਟਮ ਵਿਭਾਗ ਅਤੇ ਅਟਾਰੀ ਸਰਹੱਦ ‘ਤੇ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਭਾਰਤੀ ਮੂਲ ਦੀ ਮੁਸਲਮਾਨ ਲੜਕੀ ਪਾਸੋਂ 4 ਜੂਨ 2024 ਨੂੰ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣ ਸਮੇਂ ਕਸਟਮ ਵਿਭਾਗ ਨੇ 41 ਕਿਲੋ 450 ਗ੍ਰਾਮ ਜ਼ਹਿਰੀਲਾ ਪਾਰਾ (ਮਰਕਰੀ, ਬੰਬ ਧਮਾਕੇ ਵਰਤਿਆ ਜਾਣ ਵਾਲਾ) ਬਰਾਮਦ ਕੀਤਾ ਸੀ।
– ACTION PUNJAB NEWS