Punjab Floods: ਹਿਮਾਚਲ ਪ੍ਰਦੇਸ਼ ‘ਚ ਬੀਤੇ ਦਿਨੀਂ ਚਾਰ ਥਾਵਾਂ ‘ਤੇ ਬੱਦਲ ਫਟ ਗਏ, ਇਸ ਦੇ ਨਾਲ ਹੀ ਭਾਰੀ ਮੀਂਹ ਪੈ ਰਿਹਾ ਹੈ ਅਤੇ ਦੂਜੇ ਪਾਸੇ ਪੰਡੋਹ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਕਾਰਨ ਪੰਜਾਬ ਵਿੱਚ ਪਿਛਲੇ ਸਾਲ ਵਾਂਗ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਪਿਛਲੇ ਸਾਲ ਘੱਗਰ ਦਰਿਆ ਦੇ ਨੇੜੇ ਪੈਂਦੇ ਸੰਗਰੂਰ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਹੜ੍ਹਾਂ ਦੀ ਤਬਾਹੀ ਹੋਈ ਸੀ।
ਇਸ ਵਾਰ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਕਾਰਨ ਇਹ ਦਰਿਆ ਦੁਆਬੇ ਅਤੇ ਮਾਝੇ ਦੇ ਪਿੰਡਾਂ ਲਈ ਖ਼ਤਰਾ ਬਣ ਗਿਆ ਹੈ। ਹਾਲਾਂਕਿ ਸਰਕਾਰ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ।
ਇਸ ਦੇ ਨਾਲ ਹੀ ਫਿਰੋਜ਼ਪੁਰ ਤੇ ਤਰਨ ਤਰਨ ਦੇ ਪਿੰਡਾਂ ‘ਤੇ ਮੁੜ ਹੜਾਂ ਦਾ ਖਤਰਾ ਮੰਡਰਾਅ ਰਿਹਾ ਹੈ। ਹਰੀਕੇ ਹੈੱਡਵਰਕਸ ‘ਤੇ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋਏ ਹਨ। ਸਰਕਾਰ ਪਾਸੋਂ ਹੜਾਂ ਤੋਂ ਬਚਣ ਦੇ ਲਈ ਅਗਾਊਂ ਪ੍ਰਬੰਧ ਕਰਨ ਦੀ ਮੰਗ ਕਰ ਰਹੇ ਹਨ। ਪਿਛਲੇ ਸਾਲ ਹੜਾਂ ਦੇ ਨਾਲ ਹੋਏ ਨੁਕਸਾਨ ਦੇ ਮੁਆਵਜੇ ਦੇਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਜੇਕਰ 10 ਤਾਰੀਕ ਤੱਕ ਮੁੱਖ ਮੰਤਰੀ ਨੇ ਮੁਲਾਕਾਤ ਦਾ ਸਮਾਂ ਨਾ ਦਿੱਤਾ ਤਾਂ ਹੜ ਪੀੜਿਤ ਕਿਸਾਨ ਸੰਘਰਸ਼ ਕਮੇਟੀ ਵੱਲੋਂ 15 ਅਗਸਤ ਨੂੰ ਸੂਬੇ ਭਰ ਵਿੱਚ ਰੋਸ ਮੁਜਾਹਿਰੇ ਕੀਤੇ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਡੋਹ ਡੈਮ ਤੋਂ ਹਰ ਸਕਿੰਟ 82 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਰ ਸਕਿੰਟ ਇੱਕ ਲੱਖ ਕਿਊਸਿਕ ਪਾਣੀ ਛੱਡੇ ਜਾਣ ਦੀਆਂ ਖ਼ਬਰਾਂ ਸਨ।
ਪੰਜਾਬ ਵਿੱਚ ਅਗਸਤ ਦੇ ਪਹਿਲੇ ਦਿਨ ਸਵੇਰ ਤੱਕ 15.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ। ਜਦੋਂ ਕਿ ਸ਼ਾਮ ਤੱਕ ਬਠਿੰਡਾ ਵਿੱਚ 88 ਮਿਲੀਮੀਟਰ, ਫਰੀਦਕੋਟ ਵਿੱਚ 43 ਮਿਲੀਮੀਟਰ, ਫਾਜ਼ਿਲਕਾ ਵਿੱਚ 24.5 ਮਿਲੀਮੀਟਰ, ਫ਼ਿਰੋਜ਼ਪੁਰ ਵਿੱਚ 6 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 11 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਵੀਰਵਾਰ ਸ਼ਾਮ ਤੱਕ ਸੂਬੇ ਦੇ ਤਾਪਮਾਨ ‘ਚ 5.8 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਤੱਕ ਪਹੁੰਚ ਗਿਆ।
ਪੰਜਾਬ ਦੇ ਦੋ ਜ਼ਿਲ੍ਹਿਆਂ ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਦੇ ਨਾਲ-ਨਾਲ ਇੱਥੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਜਦੋਂ ਕਿ ਇਨ੍ਹਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ 50 ਤੋਂ 75 ਫੀਸਦੀ ਅਤੇ ਬਾਕੀ ਰਾਜਾਂ ਵਿੱਚ 25 ਤੋਂ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਗਿਆਨ ਕੇਂਦਰ (IMD) ਦੇ ਅਨੁਸਾਰ, ਜੁਲਾਈ ਦੇ ਮਹੀਨੇ ਵਿੱਚ ਮਾਨਸੂਨ ਸੁਸਤ ਰਿਹਾ, ਪਰ ਅਗਸਤ ਵਿੱਚ ਚੰਗੀ ਬਾਰਸ਼ ਦੀ ਉਮੀਦ ਹੈ।
– ACTION PUNJAB NEWS