Bathinda Military Station Firing Case : ਪੰਜਾਬ ਦੇ ਬਠਿੰਡਾ ਸਥਿਤ ਮਿਲਟਰੀ ਸਟੇਸ਼ਨ ਦੀ ਮੈੱਸ ‘ਚ ਦਾਖਲ ਹੋ ਕੇ ਖੂਨੀ ‘ਖੇਡ’ ਖੇਡਣ ਵਾਲੇ ਗਨਰ ਦੇਸਾਈ ਮੋਹਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਸ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ ਹੈ। ਦੱਸ ਦਈਏ ਕਿ ਮੁਲਜ਼ਮ ਨੇ 12 ਅਪ੍ਰੈਲ 2023 ਦੀ ਰਾਤ ਨੂੰ ਉਸਨੇ ਆਪਣੀ ਇੰਸਾਸ ਰਾਈਫਲ ਨਾਲ ਗੋਲੀਬਾਰੀ ਕੀਤੀ ਅਤੇ ਆਪਣੇ ਚਾਰ ਸਾਥੀ ਸਿਪਾਹੀਆਂ ਸਾਗਰ ਬੰਨੇ, ਕਮਲੇਸ਼ ਆਰ, ਸੰਤੋਸ਼ ਨਾਗਰਾਲ ਅਤੇ ਯੋਗੇਸ਼ ਕੁਮਾਰ ਨੂੰ ਮਾਰ ਦਿੱਤਾ।
ਸ਼ਨੀਵਾਰ ਨੂੰ ਜਨਰਲ ਕੋਰਟ ਮਾਰਸ਼ਲ ਨੇ ਗਨਰ ਦੇਸਾਈ ਨੂੰ ਸਜ਼ਾ ਸੁਣਾਈ, ਜਿਸ ਨੇ ਪਹਿਲਾਂ ਝੂਠੇ ਬਿਆਨ ਦੇ ਕੇ ਕਤਲ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ, ਪਰ ਆਪਣੇ ਹੀ ਸ਼ਬਦਾਂ ਦੇ ਜਾਲ ਵਿੱਚ ਫਸਣ ਤੋਂ ਬਾਅਦ ਉਹ ਸ਼ੱਕ ਦੇ ਘੇਰੇ ਵਿੱਚ ਆ ਗਿਆ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਹ ਹੀ ਕਾਤਲ ਹੈ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੇਸ ਚਲਾਇਆ ਗਿਆ ਅਤੇ ਹੁਣ ਡੇਢ ਸਾਲ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ ਹੈ।
ਬਠਿੰਡਾ ਪੁਲਿਸ ਨੇ ਮੌਕੇ ਤੋਂ 19 ਕਾਰਤੂਸ ਬਰਾਮਦ ਕੀਤੇ ਹਨ। ਦੋਸ਼ੀ ਦੇਸਾਈ ਮੋਹਨ ਨੂੰ ਕਤਲ ਦੇ ਨਾਲ-ਨਾਲ ਹਥਿਆਰ ਅਤੇ ਗੋਲੀਆਂ ਚੋਰੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਸ ਕੇਸ ਦੀ ਸੁਣਵਾਈ ਕਰਨਲ ਐਸ ਦੁਜੇਜਾ ਦੀ ਅਗਵਾਈ ਹੇਠ ਜਨਰਲ ਕੋਰਟ ਮਾਰਸ਼ਲ (ਜੀਸੀਐਮ) ਜਨਵਰੀ ਤੋਂ ਕਰ ਰਹੀ ਸੀ। ਆਰਮੀ ਐਕਟ 1925 ਦੇ ਤਹਿਤ ਫੌਜ ਨੇ 4 ਫੌਜੀ ਜਵਾਨਾਂ ਦੇ ਕਤਲ ਦੇ ਮਾਮਲੇ ਨੂੰ ਸਿਵਲ ਕੋਰਟ ਦੇ ਅਧਿਕਾਰ ਖੇਤਰ ਤੋਂ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਹੁਣ ਦੋਸ਼ੀ ਦੇਸਾਈ ਮੋਹਨ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Punjab Weather Alert : ਪੰਜਾਬ ਦੇ ਇਨ੍ਹਾਂ 3 ਜ਼ਿਲ੍ਹਿਆਂ ਯੈਲੋ ਅਲਰਟ ਜਾਰੀ, ਜਾਣੋ ਸੂਬੇ ’ਚ ਮਾਨਸੂਨ ਮੁੜ ਕਦੋਂ ਹੋਵੇਗਾ ਸਰਗਰਮ
– ACTION PUNJAB NEWS