ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੈਰਿਸ ਓਲੰਪਿਕਸ-2024 ਵਿਚ ਭਾਰਤੀ ਹਾਕੀ ਦੀ ਪੂਰੀ ਟੀਮ ਅਤੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਬਿਹਤਰੀਨ ਖੇਡ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਆਖਿਆ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਜਰਮਨਪ੍ਰੀਤ ਸਿੰਘ ਤੋਂ ਪ੍ਰੇਰਨਾ ਲੈਂਦਿਆਂ ਪਤਿਤਪੁਣਾ ਤੇ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿ ਕੇ ਖੇਡਾਂ ਵਰਗੇ ਖੇਤਰਾਂ ਵਿਚ ਅੱਗੇ ਵਧਦਿਆਂ ਸਿੱਖ ਕੌਮ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਭਾਰਤੀ ਹਾਕੀ ਦੇ ਇਤਿਹਾਸ ਵਿਚ ਬਲਬੀਰ ਸਿੰਘ ਸੀਨੀਅਰ ਅਤੇ ਰਾਜਪਾਲ ਸਿੰਘ ਵਰਗੇ ਸਾਬਤ ਸੂਰਤ ਸਿੱਖ ਖਿਡਾਰੀਆਂ ਨੇ ਆਪਣੇ ਸਮਿਆਂ ਵਿਚ ਸੁਨਹਿਰੀ ਇਤਿਹਾਸ ਰਚਿਆ ਹੈ।
ਉਨ੍ਹਾਂ ਕਿਹਾ ਕਿ ਇਸ ਵੇਲੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਪੈਰਿਸ ਓਲੰਪਿਕਸ ਦੌਰਾਨ ਹਾਕੀ ਦੇ ਮੈਦਾਨ ਵਿਚ ਖੁੱਲ੍ਹੇ ਦਾੜ੍ਹੇ ਸਮੇਤ ਆਪਣੇ ਨਿਆਰੇ ਸਰੂਪ ਅਤੇ ਚੰਗੇ ਖੇਡ ਪ੍ਰਦਰਸ਼ਨ ਕਾਰਨ ਵਿਸ਼ਵ ਭਰ ਦੇ ਹਾਕੀ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖਿਡਾਰੀ ਸਿੱਖ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ-ਸ੍ਰੋਤ ਹਨ ਅਤੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਜਰਮਨਪ੍ਰੀਤ ਸਿੰਘ ਤੋਂ ਪ੍ਰੇਰਨਾ ਲੈ ਕੇ ਸਿੱਖੀ ਸਰੂਪ ਬਰਕਰਾਰ ਰੱਖਦਿਆਂ ਸਿੱਖ ਕੌਮ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ।
– ACTION PUNJAB NEWS