ਪੰਜਾਬ ਪੁਲਿਸ ਨੇ ਚਾਲੂ ਸਾਲ ਦੇ 10 ਮਹੀਨਿਆਂ ਵਿੱਚ 7,686 ਐਫਆਈਆਰ ਦਰਜ ਕਰਕੇ 153 ਵੱਡੀਆਂ ਮੱਛੀਆਂ ਸਮੇਤ 10,524 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਅੰਕੜੇ ਜਾਰੀ ਕੀਤੇ।
ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਰਾਜ ਵਿੱਚ ਇਸ ਸਮੇਂ ਦੌਰਾਨ ਰੋਜ਼ਾਨਾ ਤਕਰੀਬਨ 35 ਨਸ਼ਾ ਤਸਕਰ ਫੜੇ ਗਏ ਅਤੇ ਘੱਟੋ-ਘੱਟ 25 ਐਫਆਈਆਰ ਦਰਜ ਕੀਤੀਆਂ ਗਈਆਂ। ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ਿਆਂ ਦੀ ਅਲਾਮਤ ਨਾਲ ਨਜਿੱਠਣ ਲਈ ਦੋਹਰੀ ਪਹੁੰਚ ਅਪਣਾਈ ਹੈ, ਜਿਸ ਵਿੱਚ ਵੱਡੀਆਂ ਮੱਛੀਆਂ ‘ਤੇ ਨਕੇਲ ਕੱਸਣ ਅਤੇ ਵਿਕਰੀ ਦੇ ਸਥਾਨ ‘ਤੇ ਤਸਕਰਾਂ ਨੂੰ ਨਿਸ਼ਾਨਾ ਬਣਾਉਣ ‘ਤੇ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਸੂਬੇ ਭਰ ਵਿੱਚੋਂ 790 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚੋਂ 860 ਕਿਲੋ ਅਫੀਮ, 367 ਕੁਇੰਟਲ ਭੁੱਕੀ, 93 ਕਿਲੋ ਚਰਸ, 724 ਕਿਲੋ ਗਾਂਜਾ, 19 ਕਿਲੋ ਆਈਸੀਈ ਅਤੇ 2.90 ਕਰੋੜ ਗੋਲੀਆਂ ਜਾਂ ਫਾਰਮਾ ਅਫੀਮ ਦੇ ਟੀਕੇ ਵੀ ਬਰਾਮਦ ਕੀਤੇ ਹਨ। ਫੜੇ ਗਏ ਸਮੱਗਲਰਾਂ ਕੋਲੋਂ 13.62 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਡੀਜੀਪੀ ਨੇ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਹੁਣ ਤੱਕ 208 ਕਰੋੜ ਰੁਪਏ ਦੀਆਂ 362 ਵੱਡੇ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ, ਜਦੋਂ ਕਿ 289 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ 470 ਮਾਮਲੇ ਪ੍ਰਵਾਨਗੀ ਲਈ ਅਧਿਕਾਰੀਆਂ ਕੋਲ ਪੈਂਡਿੰਗ ਹਨ।