ਇੱਥੋਂ ਦੇ ਬਿਆਸ ਖੇਤਰ ਨੇੜੇ ਬੁੱਧਵਾਰ ਨੂੰ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਜਦੋਂ ਕਿ ਦਰਿਆ ਵਿੱਚ ਛਾਲ ਮਾਰ ਕੇ ਫਰਾਰ ਹੋਏ ਉਸ ਦੇ ਸਾਥੀ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਦੋਵੇਂ ਕਮਿਸ਼ਨ ਏਜੰਟ ਗੁਰਦੀਪ ਸਿੰਘ ਦੀ ਹੱਤਿਆ ਵਿੱਚ ਸ਼ਾਮਲ ਸਨ, ਜਿਸ ਨੂੰ ਇੱਕ ਹਫ਼ਤਾ ਪਹਿਲਾਂ ਬਾਬਾ ਬਕਾਲਾ ਸਬ-ਡਿਵੀਜ਼ਨ ਦੇ ਸਠਿਆਲਾ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ ਗੁਰਸ਼ਰਨ ਸਿੰਘ ਵਾਸੀ ਹਰੀਕੇ ਵਜੋਂ ਹੋਈ ਹੈ ਜਦਕਿ ਉਸ ਦਾ ਸਾਥੀ ਪਾਰਸ ਸਿੰਘ ਪਿੰਡ ਨੂਰਦੀ ਦਾ ਰਹਿਣ ਵਾਲਾ ਸੀ।
ਪੁਲਿਸ ਨੇ ਡਰੋਨ ਦੀ ਮਦਦ ਨਾਲ ਪਾਰਸ ਨੂੰ ਨੇੜਲੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਜੁਡੀਸ਼ੀਅਲ ਮੈਜਿਸਟਰੇਟ ਬਿਕਰਮਜੀਤ ਸਿੰਘ ਨੇ ਮੌਕੇ ਦਾ ਦੌਰਾ ਕਰਕੇ ਜਾਂਚ ਕੀਤੀ। ਉਨ੍ਹਾਂ ਐਸਐਸਪੀ ਚਰਨਜੀਤ ਸਿੰਘ ਅਤੇ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨਾਲ ਗੱਲਬਾਤ ਕੀਤੀ।
ਵੇਰਵਿਆਂ ਨੂੰ ਸਾਂਝਾ ਕਰਦੇ ਹੋਏ, ਡੀਆਈਜੀ ਨੇ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ ਤਿੰਨੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਗੁਰਦੀਪ ਸਿੰਘ ਦੇ ਕਤਲ ਕੇਸ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਗੁਰਸ਼ਰਨ ਅਤੇ ਪਾਰਸ ਤੋਂ ਇਲਾਵਾ ਪਰਵੀਨ ਸਿੰਘ ਵਾਸੀ ਹਰੀਕੇ ਨੂੰ ਕਾਬੂ ਕਰ ਲਿਆ। ਇਨ੍ਹਾਂ ਨੂੰ ਪੁੱਛਗਿੱਛ ਲਈ ਇੱਥੇ ਬਿਆਸ ਥਾਣੇ ਲਿਆਂਦਾ ਗਿਆ। ਮੁੱਢਲੀ ਪੁੱਛ-ਪੜਤਾਲ ਦੌਰਾਨ ਇਨ੍ਹਾਂ ਨੇ ਹਥਿਆਰਾਂ ਨੂੰ ਮੰਡ ਖੇਤਰ ਵਿੱਚ ਲੁਕੋ ਕੇ ਰੱਖਣ ਦੀ ਗੱਲ ਕਬੂਲੀ ਹੈ। ਜਦੋਂ ਪੁਲੀਸ ਟੀਮ ਵੱਲੋਂ ਗੁਰਸ਼ਰਨ ਅਤੇ ਪਾਰਸ ਨੂੰ ਹਥਿਆਰ ਬਰਾਮਦ ਕਰਨ ਲਈ ਮੌਕੇ ’ਤੇ ਲਿਆਂਦਾ ਗਿਆ ਤਾਂ ਦੋਵਾਂ ਨੇ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਆਤਮ ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਗੁਰਸ਼ਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ 9 ਐਮਐਮ ਦੀ ਪਿਸਤੌਲ ਅਤੇ ਕੁਝ ਗੋਲੀਆਂ ਬਰਾਮਦ ਕੀਤੀਆਂ ਹਨ।
ਗੁਰਦੀਪ ਸਿੰਘ ਦੇ ਕਤਲ ਤੋਂ ਘੰਟਿਆਂ ਬਾਅਦ ਲੰਡਾ ਹਰੀਕੇ ਗੈਂਗ ਦੇ ਗੈਂਗਸਟਰ ਸਤਪ੍ਰੀਤ ਸਿੰਘ ਉਰਫ ਸੱਤਾ ਨੌਸ਼ਹਿਰਾ ਨੇ ਜ਼ਿੰਮੇਵਾਰੀ ਲਈ। ਗੁਰਦੀਪ ਸਿੰਘ ਮੌਜੂਦਾ ਸਮੇਂ ਪੁਰਤਗਾਲ ਵਿੱਚ ਮੁੰਨ ਘਨਸ਼ਾਮਪੁਰੀਆ ਗੈਂਗ ਦੇ ਵਿਰੋਧੀ ਗੈਂਗਸਟਰ ਬਲਵਿੰਦਰ ਸਿੰਘ ਡੌਨੀ ਦਾ ਦੋਸਤ ਸੀ। ਲੰਡਾ ਹਰੀਕੇ ਨੂੰ ਪਿਛਲੇ ਸਾਲ ਦਸੰਬਰ ਵਿੱਚ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਦਿੱਤਾ ਸੀ।