ਅਮਰਨਾਥ ਸ਼ਰਾਈਨ ਬੋਰਡ ਅਮਰਨਾਥ ਸ਼ਰਾਈਨ ਬੋਰਡ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਨੇ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਬੋਰਡ ਮੁਤਾਬਕ ਪਵਿੱਤਰ ਗੁਫਾ ‘ਚ ਪਹਿਲਾਂ ਦੀ ਤਰ੍ਹਾਂ ਸਾਰੀਆਂ ਰਵਾਇਤੀ ਧਾਰਮਿਕ ਰਸਮਾਂ ਨਿਭਾਈਆਂ ਜਾਣਗੀਆਂ। ਸ਼ਰਧਾਲੂ ਬਾਬਾ ਬਰਫਾਨੀ ਦੇ ਆਨਲਾਈਨ ਦਰਸ਼ਨ ਕਰ ਸਕਣਗੇ। ਦਰਅਸਲ, ਬਿਆਨ ‘ਚ ਕਿਹਾ ਗਿਆ ਹੈ ਕਿ ਅਮਰਨਾਥ ਸ਼ਰਾਈਨ ਬੋਰਡ ਦੁਨੀਆ ਭਰ ਦੇ ਸ਼ਰਧਾਲੂਆਂ ਦੇ ਆਨਲਾਈਨ ਦਰਸ਼ਨਾਂ ਦੀ ਵਿਵਸਥਾ ਕਰੇਗਾ।
ਇਸ ਸਾਲ ਅਮਰਨਾਥ ਤੀਰਥ ਯਾਤਰਾਵਾਂ ਬਾਰੇ ਪੁੱਛੇ ਜਾਣ ‘ਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ, “ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਲੋਕਾਂ ਦੀ ਜਾਨ ਬਚਾਉਣੀ ਜ਼ਿਆਦਾ ਜ਼ਰੂਰੀ ਹੈ। ਕੋਵਿਡ ਮਹਾਮਾਰੀ ਨੂੰ ਧਿਆਨ ‘ਚ ਰੱਖਦੇ ਹੋਏ, ਅਸੀਂ ਜਲਦ ਹੀ ਕੋਈ ਫੈਸਲਾ ਲਵਾਂਗੇ, ਸ਼ਾਇਦ ਕੱਲ੍ਹ ਤੱਕ।” .
ਜਾਣਕਾਰੀ ਮੁਤਾਬਕ ਉਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਅਜਿਹੀਆਂ ਤਿਆਰੀਆਂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸ਼ਰਧਾਲੂ ਗੁਫਾ ਮੰਦਰ ‘ਚ ਹੋਣ ਵਾਲੀ ਸਵੇਰ ਅਤੇ ਸ਼ਾਮ ਦੀ ਆਰਤੀ ‘ਚ ਡਿਜੀਟਲ ਰੂਪ ‘ਚ ਹਿੱਸਾ ਲੈ ਸਕਣ।
ਸਿਨਹਾ ਨੇ ਕਿਹਾ ਕਿ ਇਸ ਨਾਲ ਉਹ ਸ਼ਿਵਲਿੰਗ ਦੇ ਦਰਸ਼ਨ ਕਰ ਸਕਣਗੇ ਅਤੇ ਯਾਤਰਾ ਅਤੇ ਸੰਕਰਮਣ ਤੋਂ ਵੀ ਬਚ ਸਕਣਗੇ।
ਦੱਸਿਆ ਜਾਂਦਾ ਹੈ ਕਿ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਧਾਰਮਿਕ ਪ੍ਰੋਗਰਾਮ ਨੂੰ ਪ੍ਰਤੀਕਾਤਮਕ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਅਨੁਸਾਰ ਸਾਰੀਆਂ ਰਵਾਇਤੀ ਧਾਰਮਿਕ ਰਸਮਾਂ ਪਹਿਲਾਂ ਵਾਂਗ ਹੀ ਹੋਣਗੀਆਂ। ਦੱਸ ਦੇਈਏ ਕਿ ਇਹ ਯਾਤਰਾ 28 ਜੂਨ ਤੋਂ ਸ਼ੁਰੂ ਹੋ ਕੇ 22 ਅਗਸਤ ਤੱਕ ਜਾਰੀ ਰਹਿਣੀ ਸੀ।