,
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਅਗਲੇ ਅਕਾਦਮਿਕ ਸੈਸ਼ਨ ਤੋਂ ਵਿਦਿਆਰਥੀਆਂ ਨੂੰ ਸਮੇਂ ਤੋਂ ਪਹਿਲਾਂ ਡਿਗਰੀ ਪੱਧਰ ਦੇ ਕੋਰਸ ਪੂਰੇ ਕਰਨ ਦੀ ਇਜਾਜ਼ਤ ਦੇਣ ਜਾ ਰਿਹਾ ਹੈ। ਨਵੀਂ ਸਕੀਮ ਮੁਤਾਬਕ 3 ਸਾਲ ਦਾ ਡਿਗਰੀ ਕੋਰਸ ਢਾਈ ਸਾਲਾਂ ਵਿੱਚ ਪੂਰਾ ਕੀਤਾ ਜਾਵੇਗਾ।
4 ਸਾਲ ਦਾ ਕੋਰਸ 3 ਸਾਲਾਂ ਵਿੱਚ ਪੂਰਾ ਕਰਨ ਦਾ ਵਿਕਲਪ ਹੋਵੇਗਾ। ਇੰਨਾ ਹੀ ਨਹੀਂ, ਤਿੰਨ ਸਾਲ ਦੀ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਨੂੰ ਇਕ ਸਾਲ ਵਧਾਉਣ ਦਾ ਵਿਕਲਪ ਵੀ ਮਿਲੇਗਾ। ਰਾਸ਼ਟਰੀ ਸਿੱਖਿਆ ਨੀਤੀ ਤਹਿਤ ਸਮੇਂ ਤੋਂ ਪਹਿਲਾਂ ਕੋਰਸ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਜਲਦੀ ਪੂਰੀ ਕਰਨਾ ਚਾਹੁੰਦੇ ਹਨ, ਉਹ ਰਵਾਇਤੀ ਸਮਾਂ-ਸੀਮਾਵਾਂ ਵਿੱਚ ਫਸੇ ਬਿਨਾਂ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਸਕਦੇ ਹਨ।
UG ਦੀ ਪੜ੍ਹਾਈ ਦੇ ਨਾਲ, ਵਿਦਿਆਰਥੀਆਂ ਨੂੰ ਕੰਮ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਮਿਲੇਗਾ। ਵਿਦਿਆਰਥੀ UG ਦੇ ਆਖ਼ਰੀ ਸਾਲ ਦੌਰਾਨ ਖੋਜ ਪ੍ਰੋਜੈਕਟਾਂ ਸਮੇਤ ਅਕਾਦਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ। ਅਗਲੇ ਅਕਾਦਮਿਕ ਸੈਸ਼ਨ ਤੋਂ ਹੋਣ ਵਾਲੀਆਂ ਤਬਦੀਲੀਆਂ ਨਾਲ ਹੋਣਹਾਰ ਵਿਦਿਆਰਥੀਆਂ ਦੇ ਸਮੇਂ ਦੀ ਬੱਚਤ ਹੋਵੇਗੀ। ਕਿਉਂਕਿ ਨਵੀਂ ਪ੍ਰਣਾਲੀ ਵਿੱਚ ਵਿਦਿਆਰਥੀਆਂ ਨੂੰ ਨਿਰਧਾਰਤ ਸਮੇਂ ਤੋਂ ਇੱਕ ਸਾਲ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਨ ਦਾ ਮੌਕਾ ਮਿਲੇਗਾ।
ਇਹ ਸਿਫਾਰਿਸ਼ ਆਈਆਈਟੀ ਮਦਰਾਸ ਦੇ ਡਾਇਰੈਕਟਰ ਵੀ ਕਾਮਕੋਟੀ ਦੀ ਅਗਵਾਈ ਵਾਲੀ ਕਮੇਟੀ ਨੇ ਕੀਤੀ ਹੈ। ਐਨਈਪੀ ਸਕੀਮ ਤਹਿਤ ਅੰਡਰਗਰੈਜੂਏਟ ਪੱਧਰ ਦੇ ਸਿਲੇਬਸ ਨੂੰ ਅਪਗ੍ਰੇਡ ਕੀਤਾ ਗਿਆ ਸੀ। ਇਸ ਤਹਿਤ ਤਿੰਨ ਸਾਲਾ ਗ੍ਰੈਜੂਏਟ ਪੱਧਰ ਦਾ ਕੋਰਸ ਚਾਰ ਸਾਲਾ ਕਰ ਦਿੱਤਾ ਗਿਆ। ਹੁਣ ਨਵੀਂ ਸਕੀਮ ਨਾਲ ਵਿਦਿਆਰਥੀਆਂ ਨੂੰ ਸਮੇਂ ਤੋਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਨ ਦਾ ਮੌਕਾ ਮਿਲੇਗਾ।
ਖਾਸ ਤੌਰ ‘ਤੇ ਜਿਹੜੇ ਵਿਦਿਆਰਥੀ ਜਲਦੀ ਸਿੱਖਣ ਅਤੇ ਸਮਝਣ ਦੀ ਸਮਰੱਥਾ ਰੱਖਦੇ ਹਨ, ਉਹ ਇਸ ਸਕੀਮ ਦਾ ਲਾਭ ਲੈ ਸਕਣਗੇ। ਜੇਕਰ ਕੋਈ ਵਿਦਿਆਰਥੀ ਛੇ ਮਹੀਨੇ ਜਾਂ ਇੱਕ ਸਾਲ ਪਹਿਲਾਂ ਆਪਣੀ ਡਿਗਰੀ ਪੂਰੀ ਕਰਨਾ ਚਾਹੁੰਦਾ ਹੈ, ਤਾਂ ਉਹ ਅਜਿਹਾ ਕਰਨ ਦੇ ਯੋਗ ਹੋਵੇਗਾ। ਡਿਗਰੀ ਕੋਰਸ ਵਿੱਚ ਕਈ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਦੀ ਵਿਵਸਥਾ ਕੀਤੀ ਗਈ ਹੈ।
ਭਾਵੇਂ NEP ਸਕੀਮ ਤਹਿਤ ਯੂਜੀਸੀ ਵੱਲੋਂ ਕਈ ਬਦਲਾਅ ਕੀਤੇ ਜਾ ਰਹੇ ਹਨ, ਪਰ ਪੰਜਾਬ ਵਿੱਚ NEP ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ ਹੈ। ਇਸ ਨੂੰ ਪੜਾਅਵਾਰ ਲਾਗੂ ਕੀਤਾ ਜਾ ਰਿਹਾ ਹੈ। ਪਰ ਵਰਤਮਾਨ ਵਿੱਚ ਵਿਦਿਆਰਥੀਆਂ ਕੋਲ ਕਾਲਜ ਵਿੱਚ ਸਿਰਫ ਕੁਝ ਵਿਸ਼ਿਆਂ ਦਾ ਵਿਕਲਪ ਹੈ। ਜਿਸ ਕਾਰਨ ਵਿਦਿਆਰਥੀ ਇਸ ਦਾ ਜ਼ਿਆਦਾ ਫਾਇਦਾ ਨਹੀਂ ਉਠਾ ਪਾ ਰਹੇ ਹਨ। ਅਧਿਆਪਕਾਂ ਅਨੁਸਾਰ ਐਨਈਪੀ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ, ਜੇਕਰ ਇਨ੍ਹਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਇਸ ਦਾ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ।