ਬੀਐਸਐਫ ਨੇ ਸਪੈਸ਼ਲ ਟਾਸਕ ਫੋਰਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੱਜ ਇੱਥੇ ਅਜਨਾਲਾ ਸਬ-ਡਵੀਜ਼ਨ ਦੇ ਪਿੰਡ ਡੱਲਾ ਮੱਲੀਆਂ ਵਿਖੇ ਇੱਕ ਘਰ ਤੋਂ ਸਰਹੱਦ ਪਾਰੋਂ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਦੀ ਪਛਾਣ ਗੁਰਜੀਤ ਸਿੰਘ ਵਾਸੀ ਖੇਮਕਰਨ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।
ਬੀਐਸਐਫ ਨੇ ਉਸ ਕੋਲੋਂ 5 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਚੀਨੀ .30 ਬੋਰ ਦਾ ਪਿਸਤੌਲ, ਤਿੰਨ ਜਿੰਦਾ ਰੌਂਦ ਵਾਲਾ ਇੱਕ ਮੈਗਜ਼ੀਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ, “ਅੱਜ ਸਵੇਰੇ ਡੱਲਾ ਮੱਲੀਆਂ ਪਿੰਡ ਵਿੱਚ ਇੱਕ ਘਰ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਵਿੱਚ ਇੱਕ ਨਸ਼ੀਲੇ ਪਦਾਰਥਾਂ ਦੇ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ।” ਉਹ ਕਥਿਤ ਤੌਰ ‘ਤੇ ਸਰਹੱਦੀ ਖੇਤਰਾਂ ਵਿੱਚ ਡਰੋਨ ਦੀ ਵਰਤੋਂ ਕਰਕੇ ਤਸਕਰੀ ਵਿੱਚ ਸ਼ਾਮਲ ਸੀ। ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਗੁਰਜੀਤ ਕਰੀਬ ਇੱਕ ਮਹੀਨੇ ਤੋਂ ਨਿਗਰਾਨੀ ਵਿੱਚ ਸੀ। ਉਹ ਡੱਲਾ ਮੱਲੀਆਂ ਵਿਖੇ ਕਿਸੇ ਰਿਸ਼ਤੇਦਾਰ ਦੇ ਘਰ ਠਹਿਰਿਆ ਹੋਇਆ ਸੀ।