ਗਵਰਨਰ ਗੁਲਾਬ ਚੰਦ ਕਟਾਰੀਆ ਨੇ ਅੱਜ ਉਦਯੋਗਿਕ ਇਕਾਈਆਂ ਵੱਲੋਂ ਦੂਸ਼ਿਤ ਪਾਣੀ ਜਲਘਰਾਂ ਵਿੱਚ ਛੱਡਣ ਨਾਲ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ’ਤੇ ਚਿੰਤਾ ਪ੍ਰਗਟ ਕਰਦਿਆਂ ਅੱਜ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦਰਿਆਵਾਂ ਵਿੱਚ ਸਿਰਫ਼ ਸਾਫ਼ ਅਤੇ ਕੁਦਰਤੀ ਪਾਣੀ ਹੀ ਵਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਜਲ-ਜੀਵਨ ਅਤੇ ਦਰਿਆਵਾਂ ‘ਤੇ ਨਿਰਭਰ ਪਰਵਾਸੀ ਪੰਛੀਆਂ ਨੂੰ ਵੀ ਖ਼ਤਰੇ ਵਿਚ ਪਾ ਰਿਹਾ ਹੈ।
ਕਟਾਰੀਆ ਨੇ ਅੱਜ ਹਰੀਕੇ ਪੱਤਣ ਵਿਖੇ ਸਤਲੁਜ-ਬਿਆਸ ਸੰਗਮ ਦਾ ਦੌਰਾ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਉਦਯੋਗਿਕ ਰਹਿੰਦ-ਖੂੰਹਦ ਨੂੰ ਦਰਿਆਵਾਂ ਵਿੱਚ ਛੱਡਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਹਰੀਕੇ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਹੈ। ਉਨ੍ਹਾਂ ਸੈਲਾਨੀਆਂ ਦੇ ਸੈਰ ਸਪਾਟੇ ਦੇ ਤਜ਼ਰਬੇ ਨੂੰ ਵਧਾਉਣ ਲਈ ਜ਼ਰੂਰੀ ਸਹੂਲਤਾਂ ਦੇ ਵਿਕਾਸ ਦੀ ਅਪੀਲ ਕੀਤੀ। ਉਨ੍ਹਾਂ ਪ੍ਰਵਾਸੀ ਪੰਛੀਆਂ ਦੀ ਸਾਲਾਨਾ ਆਮਦ ਨੂੰ ਵਧਾਉਣ ਲਈ ਉਪਰਾਲੇ ਕਰਨ ਦਾ ਵੀ ਸੱਦਾ ਦਿੱਤਾ। ਰਾਜਪਾਲ ਨੇ ਜੰਗਲਾਤ ਵਿਭਾਗ ਦੇ ਅਜਾਇਬ ਘਰ ਦਾ ਵੀ ਦੌਰਾ ਕੀਤਾ।
ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਰਾਜਪਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਅਤੇ ਖੇਤਰ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਹਰੀਕੇ ਨੂੰ ਵਿਸ਼ਵ ਸੈਰ ਸਪਾਟੇ ਦੇ ਨਕਸ਼ੇ ‘ਤੇ ਲਿਆਂਦਾ ਜਾਵੇ। ਉਸਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵੱਖ-ਵੱਖ ਮੁੱਦਿਆਂ ‘ਤੇ ਸਪੱਸ਼ਟ ਦ੍ਰਿਸ਼ਟੀਕੋਣ ਰੱਖਣ ਲਈ ਗ੍ਰਾਮੀਣ ਰੱਖਿਆ ਕਮੇਟੀਆਂ (ਵੀਡੀਸੀ) ਦੇ ਮੈਂਬਰਾਂ ਨੂੰ ਰਾਜ ਭਵਨ ਵਿੱਚ ਨਿੱਜੀ ਤੌਰ ‘ਤੇ ਗੱਲਬਾਤ ਕਰਨ ਲਈ ਸੱਦਾ ਦੇਣ।
ਇਸ ਤੋਂ ਪਹਿਲਾਂ ਰਾਜਪਾਲ ਨੇ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ‘ਤੇ ਮੱਥਾ ਟੇਕਿਆ। ਬਾਅਦ ਵਿੱਚ, ਉਸਨੇ ਬੀਐਸਐਫ ਦੇ ਸੈਕਟਰ ਹੈੱਡਕੁਆਰਟਰ ਦੁਆਰਾ ਆਯੋਜਿਤ ਭਾਰਤ-ਪਾਕਿਸਤਾਨ ਸਾਂਝੀ ਚੌਕੀ ਨੇੜੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੀਆਂ ਟੀਮਾਂ ਵਿਚਕਾਰ ਇੱਕ ਪ੍ਰਦਰਸ਼ਨੀ ਕਬੱਡੀ ਮੈਚ ਦੇਖਿਆ। ਰਾਜਪਾਲ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦੇ ਚਾਰ ਦਿਨਾਂ ਦੌਰੇ ‘ਤੇ ਹਨ।