ਸਹਿਕਾਰਤਾ ਵਿਭਾਗ ਨੂੰ ਆਰਥਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਵਜੋਂ ਮਾਨਤਾ ਦਿੰਦਿਆਂ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਵਿਭਾਗ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ।
ਚੀਮਾ ਨੇ ਇਹ ਟਿੱਪਣੀਆਂ ਟੈਗੋਰ ਭਵਨ ਵਿਖੇ 71ਵੇਂ ਸਰਬ ਭਾਰਤੀ ਸਹਿਕਾਰਤਾ ਸਪਤਾਹ ਦੇ ਆਖਰੀ ਦਿਨ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤੀਆਂ।
ਮੰਤਰੀ ਨੇ ਰਾਜ ਭਰ ਵਿੱਚ ਮਹਿਲਾ ਕਾਰੀਗਰਾਂ ਦੁਆਰਾ ਤਿਆਰ ਕੀਤੇ ਉਤਪਾਦਾਂ ਲਈ ਵਿਸ਼ਵ ਪੱਧਰੀ ਵਿਕਰੀ ਦਾ ਮੌਕਾ ਪ੍ਰਦਾਨ ਕਰਨ ਲਈ ਵਿਭਾਗ ਦੁਆਰਾ ਤਿਆਰ ਕੀਤਾ ਇੱਕ ਪੋਰਟਲ “ਫੁਲਕਾਰੀ” ਲਾਂਚ ਕੀਤਾ। ਉਨ੍ਹਾਂ ਵੇਰਕਾ ਦੇ ਨਵੇਂ ਉਤਪਾਦਾਂ ਅਤੇ ਵਿਭਾਗ ਦੀ ਇੱਕ ਕੌਫੀ ਟੇਬਲ ਬੁੱਕ ਦਾ ਵੀ ਉਦਘਾਟਨ ਕੀਤਾ।
ਉਨ੍ਹਾਂ ਖੁਲਾਸਾ ਕੀਤਾ ਕਿ 2022 ਵਿੱਚ ‘ਆਪ’ ਸਰਕਾਰ ਦੇ ਸੱਤਾ ਸੰਭਾਲਣ ‘ਤੇ 400 ਕਰੋੜ ਰੁਪਏ ਤੋਂ ਵੱਧ ਦੀਆਂ ਦੇਣਦਾਰੀਆਂ ਦੇ ਬੋਝ ਹੇਠ ਆਈ ਸ਼ੂਗਰਫੈਡ ਪਿਛਲੇ ਦੋ ਸਾਲਾਂ ਵਿੱਚ ਇੱਕ ਪ੍ਰਫੁੱਲਤ ਸੰਸਥਾ ਵਿੱਚ ਤਬਦੀਲ ਹੋ ਗਈ ਹੈ।
“ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ, ਗੰਨੇ ਦੀ ਕਾਸ਼ਤ ਅਧੀਨ ਰਕਬਾ 2022-23 ਵਿੱਚ 50,429 ਹੈਕਟੇਅਰ ਤੋਂ ਵਧ ਕੇ 2024-25 ਵਿੱਚ 56,391 ਹੈਕਟੇਅਰ ਹੋ ਗਿਆ ਹੈ। ਭੋਗਪੁਰ ਸਹਿਕਾਰੀ ਖੰਡ ਮਿੱਲ ਵਿਖੇ ਝੋਨੇ ਦੀ ਪਰਾਲੀ ‘ਤੇ ਚੱਲਣ ਵਾਲੇ 14 ਮੈਗਾਵਾਟ ਦੇ ਕੋ-ਜਨਰੇਸ਼ਨ ਪਲਾਂਟ ਨਾਲ 2023-24 ਵਿੱਚ 15.31 ਕਰੋੜ ਰੁਪਏ ਦੀ ਕਮਾਈ ਕਰਕੇ ਇਸ ਸੰਸਥਾ ਨੂੰ ਨੁਕਸਾਨ ਤੋਂ ਮੁਨਾਫੇ ਵਿੱਚ ਲਿਆਉਣ ਦੇ ਯਤਨ ਵੀ ਕੀਤੇ ਗਏ ਹਨ।
ਚੀਮਾ ਨੇ ਕਿਹਾ ਕਿ ਮਿਲਕਫੈੱਡ ਨੇ ਵਿੱਤੀ ਸਾਲ 2023-2024 ਦੌਰਾਨ ਰੋਜ਼ਾਨਾ 31 ਲੱਖ ਲੀਟਰ ਦੁੱਧ ਖਰੀਦ ਕੇ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਵੇਰਕਾ ਕੈਟਲ ਫੀਡ ਪਲਾਂਟ, ਘਣੀਆ ਕੇ ਬਾਂਗਰ ਵਿਖੇ 50 ਐਮਟੀਪੀਡੀ ਬਾਈ-ਪਾਸ ਪ੍ਰੋਟੀਨ ਪਲਾਂਟ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 50,000 ਐਲਪੀਡੀ ਦੀ ਸਮਰੱਥਾ ਵਾਲਾ ਫਰਮੈਂਟਡ ਮਿਲਕ ਪ੍ਰੋਸੈਸਿੰਗ ਅਤੇ ਪੈਕੇਜਿੰਗ ਯੂਨਿਟ ਚਾਲੂ ਕਰਨ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਉਨ੍ਹਾਂ ਵੇਰਕਾ ਦੇ ਨਵੇਂ ਉਤਪਾਦਾਂ ਦਾ ਉਦਘਾਟਨ ਕੀਤਾ ਜਿਸ ਵਿੱਚ ਗਾਂ ਦੇ ਘਿਓ ਦੇ 1-ਲੀਟਰ ਪਲਾਸਟਿਕ ਦੇ ਜਾਰ, ਸ਼ੂਗਰ-ਮੁਕਤ ਖੀਰ, ਸ਼ੂਗਰ-ਫ੍ਰੀ ਮਿਲਕ ਕੇਕ ਅਤੇ ਸ਼ੂਗਰ-ਫ੍ਰੀ ਪਾਈਓ ਪ੍ਰੋਟੀਨ ਸ਼ਾਮਲ ਹਨ।
ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ-ਕਣਕ ਦੇ ਚੱਕਰ ਵਿੱਚੋਂ ਕੱਢਣ ਲਈ ਮੂੰਗੀ ਦੀ ਕੀਮਤ ਸਮਰਥਨ ਸਕੀਮ ਰਾਹੀਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਾਰਕਫੈੱਡ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮਾਰਕਫੈੱਡ ਨੇ 7,584 ਮੀਟ੍ਰਿਕ ਟਨ ਮੂੰਗੀ ਦੀ ਖਰੀਦ ਕੀਤੀ, ਜਿਸ ਨਾਲ 4,515 ਕਿਸਾਨਾਂ ਨੂੰ ਲਾਭ ਹੋਇਆ। ਚੀਮਾ ਨੇ ਕਿਹਾ ਕਿ ਮਾਰਕਫੈੱਡ ਦੁਆਰਾ ਤਿਆਰ ਕੀਤੇ ਅਤੇ ਮੰਡੀਕਰਨ ਕੀਤੇ ਪ੍ਰੋਸੈਸਡ ਫੂਡ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨੇ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਕੀਤੀ ਹੈ, ਜਿਸ ਨਾਲ ਸਹਿਕਾਰੀ ਸਭਾਵਾਂ ਨੂੰ ਉਨ੍ਹਾਂ ਦੇ ਉਤਪਾਦ ਵੇਚਣ ਲਈ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕੀਤਾ ਗਿਆ ਹੈ।
ਕਿਸਾਨਾਂ ਨੂੰ ਖੇਤੀਬਾੜੀ ਅਤੇ ਹੋਰ ਲੋੜਾਂ ਲਈ ਘੱਟ ਵਿਆਜ ‘ਤੇ ਕਰਜ਼ੇ ਦੇਣ ਲਈ ਸਹਿਕਾਰੀ ਬੈਂਕਾਂ ਦੀ ਸ਼ਲਾਘਾ ਕਰਦਿਆਂ ਚੀਮਾ ਨੇ ਕਿਹਾ ਕਿ ਇਨ੍ਹਾਂ ਬੈਂਕਾਂ ਦੀ ਤਾਕਤ ਅਤੇ ਕੁਸ਼ਲਤਾ ਨੂੰ ਵਧਾਉਣ ਲਈ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਪ੍ਰੋਜੈਕਟ ਤਹਿਤ 50 ਫੀਸਦੀ ਬੈਂਕਾਂ ਦਾ ਕੰਪਿਊਟਰੀਕਰਨ ਕੀਤਾ ਗਿਆ ਸੀ। ਉਨ੍ਹਾਂ ਅਧਿਕਾਰੀਆਂ ਨੂੰ ਕਰਜ਼ਾ ਵਸੂਲੀ ਵਿੱਚ ਸੁਧਾਰ ਕਰਨ ਦੀ ਅਪੀਲ ਕੀਤੀ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਘੱਟ ਵਿਆਜ ‘ਤੇ ਕਰਜ਼ੇ ਮੁਹੱਈਆ ਕਰਵਾਏ ਜਾ ਸਕਣ।