ਨਿਊਜਰਸੀ— ਅਮਰੀਕਾ ਤੋਂ ਭਾਰਤ ਕਮਿਸ਼ਨ ਦੇ ਵਫਦ ਨੇ ਅੱਜ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਆਏ ਹੋਏ ਡੈਲੀਗੇਟਾਂ ਵਿੱਚ ਇਸ ਦੇ ਕਾਰਜਕਾਰੀ ਡਾਇਰੈਕਟਰ ਰਾਜਪਾਲ ਸਿੰਘ ਬਾਠ, ਡਾ: ਗੁਰਬੀਰ ਸਿੰਘ ਜੌਹਲ, ਬਿਕਰਮ ਸਿੰਘ ਗਿੱਲ, ਗੁਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪਸਰੀਚਾ ਸ਼ਾਮਲ ਸਨ।
ਵਫ਼ਦ ਦੇ ਆਗੂ ਬਾਠ ਨੇ ਕਿਹਾ ਕਿ ਨਿਊਜਰਸੀ-ਇੰਡੀਆ ਕਮਿਸ਼ਨ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਸ਼ਾਮਲ ਹਨ ਅਤੇ ਕਮਿਸ਼ਨ ਦਾ ਕੰਮ ਵਪਾਰ, ਸੱਭਿਆਚਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਮੌਕੇ ਲੱਭ ਕੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਉਨ੍ਹਾਂ ਕਿਹਾ ਕਿ ਨਿਊਜਰਸੀ ਦੀ ਸਰਕਾਰ ਸਿੱਖਾਂ ਅਤੇ ਪੰਜਾਬੀਆਂ ਦਾ ਬਹੁਤ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਨੇ ਗੁਰੂ ਸਾਹਿਬਾਨ ਅੱਗੇ ਅਰਦਾਸ ਕੀਤੀ ਹੈ ਕਿ ਆਪਸੀ ਭਾਈਚਾਰਾ ਮਜ਼ਬੂਤ ਰਹੇ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਲਈ ਅਧਿਆਤਮਿਕ ਅਸਥਾਨ ਹੈ, ਜਿੱਥੇ ਦੁਨੀਆਂ ਭਰ ਤੋਂ ਲੋਕ ਆ ਕੇ ਮੱਥਾ ਟੇਕਦੇ ਹਨ ਅਤੇ ਬਿਨਾਂ ਕਿਸੇ ਭੇਦਭਾਵ ਦੇ ਇਲਾਹੀ ਆਨੰਦ ਦਾ ਅਨੁਭਵ ਕਰਦੇ ਹਨ।