ਸੰਘਣੀ ਧੁੰਦ ਕਾਰਨ ਅੱਜ ਇੱਥੇ ਦੋ ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋ ਕਾਰਾਂ ਅਤੇ ਇੱਕ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਸੂਚਨਾ ਮਿਲਣ ’ਤੇ ਪੁਲੀਸ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਹਾਈਡ੍ਰੋਲਿਕ ਮਸ਼ੀਨਾਂ ਦੀ ਮਦਦ ਨਾਲ ਨੁਕਸਾਨੇ ਵਾਹਨਾਂ ਨੂੰ ਸੜਕ ਕਿਨਾਰੇ ਖਡ਼੍ਹਾ ਕਰਵਾਇਆ।
ਕੱਲਰਖੇੜਾ ਪਿੰਡ ਨੇੜੇ ਅਬੋਹਰ-ਸ਼੍ਰੀਗੰਗਾਨਗਰ ਹਾਈਵੇਅ ‘ਤੇ ਇੱਕ ਪੁਲ ਨੂੰ ਪਾਰ ਕਰਦੇ ਸਮੇਂ ਲੱਕੜਾਂ ਨਾਲ ਭਰੇ ਇੱਕ ਟਰੈਕਟਰ-ਟਰਾਲੀ ਵਿੱਚ ਕੁਝ ਰੁਕਾਵਟ ਆ ਗਈ। ਇਸ ਦਾ ਡਰਾਈਵਰ ਗੱਡੀ ਨੂੰ ਸੜਕ ਕਿਨਾਰੇ ਛੱਡ ਕੇ ਕਿਤੇ ਚਲਾ ਗਿਆ। ਬਾਅਦ ਵਿੱਚ ਜਦੋਂ ਫਲੋਦੀ ਤੋਂ ਅੰਮ੍ਰਿਤਸਰ ਵੱਲ ਲੂਣ ਲੈ ਕੇ ਜਾ ਰਹੇ ਟਰੱਕ ਦਾ ਡਰਾਈਵਰ ਅਯੂਬ ਖਾਨ ਪੁਲ ਪਾਰ ਕਰ ਰਿਹਾ ਸੀ ਤਾਂ ਸੰਘਣੀ ਧੁੰਦ ਕਾਰਨ ਉਸ ਨੂੰ ਸੜਕ ’ਤੇ ਖੜ੍ਹਾ ਟਰੈਕਟਰ ਨਜ਼ਰ ਨਹੀਂ ਆਇਆ। ਇਹ ਟਰੈਕਟਰ-ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਟਰੱਕ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਦਕਿ ਅਯੂਬ ਨੂੰ ਮਾਮੂਲੀ ਸੱਟਾਂ ਲੱਗੀਆਂ। ਉਸ ਨੂੰ ਅਬੋਹਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ।
ਇੱਕ ਹੋਰ ਘਟਨਾ ਵਿੱਚ ਕਿੱਲਿਆਂਵਾਲੀ ਬਾਈਪਾਸ ਚੌਕ ਵਿੱਚ ਧੁੰਦ ਕਾਰਨ ਦੋ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਕਾਰਾਂ ਵਿੱਚੋਂ ਕੋਈ ਵੀ ਨਹੀਂ ਮਿਲਿਆ ਅਤੇ ਨਾ ਹੀ ਸਵਾਰੀਆਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਮਿਲ ਸਕੀ।