ਮੁਕਤਸਰ ਸ਼ਹਿਰ ਦੇ ਕੋਟਕਪੂਰਾ-ਬਠਿੰਡਾ ਬਾਈਪਾਸ ‘ਤੇ ਐਤਵਾਰ ਸਵੇਰੇ ਛੇ ਹਥਿਆਰਬੰਦ ਹਮਲਾਵਰਾਂ ਨੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਹੋ ਕੇ ਉਸ ਦੀ ਭੰਨਤੋੜ ਕੀਤੀ। ਘਟਨਾ ਤੋਂ ਕਰੀਬ ਇੱਕ ਘੰਟਾ ਪਹਿਲਾਂ ਹਮਲਾਵਰਾਂ ਵਿੱਚੋਂ ਇੱਕ ਕਥਿਤ ਤੌਰ ‘ਤੇ ਮਹਿਲਾ ਕਰਮਚਾਰੀ ਦਾ ਪਿੱਛਾ ਕਰਦਾ ਹੋਇਆ ਹਸਪਤਾਲ ਪਹੁੰਚਿਆ, ਪਰ ਦੂਜੇ ਕਰਮਚਾਰੀਆਂ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ।
ਬਾਅਦ ਵਿਚ ਉਹ ਕੁਝ ਹੋਰ ਵਿਅਕਤੀਆਂ ਨਾਲ ਤਲਵਾਰਾਂ ਅਤੇ ਡੰਡੇ ਲੈ ਕੇ ਜੀਪ ਵਿਚ ਵਾਪਸ ਆਇਆ। ਉਨ੍ਹਾਂ ਨੇ ਹਸਪਤਾਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਤਲਵਾਰਾਂ ਨਾਲ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਮਰੀਜ਼ ਦਾ ਹਾਲ-ਚਾਲ ਪੁੱਛਣ ਆਏ ਇਕ ਵਿਅਕਤੀ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਜ਼ਖਮੀ ਹੋ ਗਿਆ।
ਇਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਹਮਲਾਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਰੀਬ ਦੋ ਘੰਟੇ ਹਸਪਤਾਲ ਦੇ ਬਾਹਰ ਸੜਕ ਜਾਮ ਕਰਕੇ ਰੋਸ ਦਰਜ ਕਰਵਾਇਆ। ਇਸ ਧਰਨੇ ਵਿੱਚ ਕੁਝ ਸਮਾਜ ਸੇਵੀ ਵੀ ਸ਼ਾਮਲ ਹੋਏ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ।
ਮੁਕਤਸਰ ਦੇ ਡੀਐਸਪੀ ਸਤਨਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰਾਂ ਵਿੱਚੋਂ ਇੱਕ ਦੀ ਪਛਾਣ ਕਰ ਲਈ ਗਈ ਹੈ। ਹਾਲਾਂਕਿ ਡੀਐਸਪੀ ਨੇ ਸ਼ੱਕੀ ਦੀ ਪਛਾਣ ਨਹੀਂ ਦੱਸੀ।