ਮੁਲਜ਼ਮ ਵਿਜੀਲੈਂਸ ਟੀਮ ਦੀ ਹਿਰਾਸਤ ਵਿੱਚ ਹੈ।
ਸੰਗਰੂਰ ਦੇ ਮੂਨਕ ਬਲਾਕ ਵਿੱਚ ਵਿਜੀਲੈਂਸ ਦੀ ਟੀਮ ਨੇ ਪੰਚਾਇਤ ਸਕੱਤਰ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਿਸ ਨੇ ਪਿਛਲੇ ਕਾਰਜਕਾਲ ਦਾ ਆਡਿਟ ਕਰਵਾਉਣ ਦੇ ਬਦਲੇ ਸਾਬਕਾ ਸਰਪੰਚ ਪਤੀ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ।
,
ਦੋਸ਼ੀ ਪੰਚਾਇਤ ਸਕੱਤਰ ਦੀ ਪਛਾਣ ਪ੍ਰਿਥਵੀ ਸਿੰਘ ਵਜੋਂ ਹੋਈ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਗੁਰਵਿੰਦਰ ਸਿੰਘ ਵਾਸੀ ਪਿੰਡ ਮਹਾਂ ਸਿੰਘ ਵਾਲਾ, ਮੂਨਕ ਜੋ ਕਿ ਸਾਬਕਾ ਸਰਪੰਚ ਦਾ ਪਤੀ ਹੈ, ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਪੰਚਾਇਤ ਸਕੱਤਰ ਵੱਲੋਂ ਪਿਛਲੇ ਕਾਰਜਕਾਲ ਦੌਰਾਨ ਪਿੰਡ ਮਹਾਂ ਸਿੰਘ ਵਾਲਾ ਦੀ ਪੰਚਾਇਤ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਆਡਿਟ ਕਰਵਾਉਣ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਸੀ ਅਤੇ ਕਿਹਾ ਕਿ ਇਹ ਰਿਸ਼ਵਤ ਦਾ ਆਡਿਟ ਇੰਸਪੈਕਟਰ ਦਵਿੰਦਰ ਬਾਂਸਲ ਨਾਲ ਸਾਂਝਾ ਕੀਤਾ ਜਾਣਾ ਹੈ।
ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਤਹਿਤ ਦੋਸ਼ੀ ਪੰਚਾਇਤ ਸਕੱਤਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।