ਫਿਰੋਜ਼ਪੁਰ ਦੀ ਯਾਤਰਾ ਦੌਰਾਨ ਸੁਖਬੀਰ ਬਾਦਲ ਨੇ ਐਸਾ ਦਾਅਵਾ ਕੀਤਾ, ਜਿਸ ਨੇ ਸਿਆਸੀ ਗਲਿਆਰਿਆਂ ‘ਚ ਹਲਚਲ ਮਚਾ ਦਿੱਤੀ। 2027 ਨੂੰ ਲੈ ਕੇ ਦਿੱਤਾ ਗਿਆ ਇਹ ਸੰਦੇਸ਼ ਕਈ ਸਵਾਲ ਖੜ੍ਹੇ ਕਰ ਰਿਹਾ ਹੈ।
ਫਿਰੋਜ਼ਪੁਰ ਵਿੱਚ ਨਸ਼ਿਆਂ ਖਿਲਾਫ਼ ਚੱਲ ਰਹੀ “ਡਰੱਗ ਫ੍ਰੀ – ਵਾਇਬ੍ਰੈਂਟ ਪੰਜਾਬ” ਮੁਹਿੰਮ ਦੌਰਾਨ ਸਿਆਸੀ ਮਾਹੌਲ ਉਸ ਸਮੇਂ ਗਰਮਾਇਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਇੱਕ ਵੀ ਗੈਂਗਸਟਰ ਨਹੀਂ ਰਹੇਗਾ।
ਗਵਰਨਰ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਨਿਕਲੀ ਇਸ ਪੈਦਲ ਯਾਤਰਾ ਵਿੱਚ ਸ਼ਾਮਲ ਹੋ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਇਸ ਮੁਹਿੰਮ ਦਾ ਹਿੱਸਾ ਬਣਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਆਖਿਆ ਕਿ ਗਵਰਨਰ ਕਟਾਰੀਆ ਸਿਰਫ਼ ਬਿਆਨਾਂ ਤੱਕ ਸੀਮਿਤ ਨਹੀਂ ਰਹੇ, ਸਗੋਂ ਪਿੰਡੋਂ-ਪਿੰਡ ਅਤੇ ਸ਼ਹਿਰੋਂ-ਸ਼ਹਿਰ ਤੱਕ ਪੈਦਲ ਯਾਤਰਾ ਕਰਕੇ ਨਸ਼ਿਆਂ ਖਿਲਾਫ਼ ਅਸਲੀ ਜਜ਼ਬੇ ਨਾਲ ਲੀਡ ਕਰ ਰਹੇ ਹਨ।
ਸੁਖਬੀਰ ਬਾਦਲ ਨੇ ਕਾਂਗਰਸ ਅਤੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰਾਂ ‘ਤੇ ਤੰਜ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਦੇ ਮਸਲੇ ‘ਤੇ ਸਿਰਫ਼ ਬੋਲ ਬਚਨ ਹੀ ਦਿੱਤੇ, ਜਦਕਿ ਹਕੀਕਤ ਵਿੱਚ ਕੋਈ ਢੰਗ ਦਾ ਹੱਲ ਨਹੀਂ ਨਿਕਲਿਆ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁਹਿੰਮ ਨੂੰ ਪੂਰੀ ਤਰ੍ਹਾਂ ਸਮਰਥਨ ਦੇ ਰਿਹਾ ਹੈ ਅਤੇ ਆਪਣਾ ਪੂਰਾ ਯੋਗਦਾਨ ਦੇਵੇਗਾ।


