Actionpunjab

Action Punjab Logo
Breaking News

Sadak Suraksha Abhiyan2026 : ਸੜਕ ਸੁਰੱਖਿਆ ਲਈ ਵਿਸ਼ੇਸ਼ ਕਾਰਜ ਕਰ ਰਿਹਾ ਮੁਕਤਸਰ ਵੈਲਫੇਅਰ ਕਲੱਬ

ਸੜਕ ਸੁਰੱਖਿਆ ਲਈ ਨੈਸ਼ਨਲ ਐਵਾਰਡ ਨਾਲ ਕੀਤਾ ਜਾ ਚੁੱਕਾ ਹੈ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ- ਸੜਕ ਸੁਰੱਖਿਆ ਇੱਕ ਜ਼ਰੂਰੀ ਵਿਸ਼ਾ ਹੈ, ਜੇਕਰ ਸੜਕ ਉਤੇ ਚੱਲਦੇ ਸਮੇਂ ਸਾਰੇ ਨਿਯਮਾਂ ਦੀ ਜਾਣਕਾਰੀ ਹੋਵੇ ਤਾਂ ਸੜਕ ਹਾਦਸੇ ਬਹੁਤ ਘੱਟ ਸਕਦੇ ਹਨ। ਸ੍ਰੀ ਮੁਕਤਸਰ ਸਾਹਿਬ ਦੀ ਐਨਜੀਓ ਮੁਕਤੀਸਰ ਵੈਲਫੇਅਰ ਕਲੱਬ 2006 ਤੋਂ ਸੜਕ ਸੁਰੱਖਿਆ ਲਈ ਵਿਸ਼ੇ਼ਸ਼ ਕਾਰਜ ਕਰ ਰਿਹਾ ਹੈ। ਇਸ ਐਨਜੀਓ ਨੂੰ 2021 ਵਿਚ ਸੜਕ ਸੁਰੱਖਿਆ ਦੀ ਜਾਗਰੂਕਤਾ ਦੇ ਚੱਲਦਿਆਂ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ।
ਕਲੱਬ ਦੇ ਪ੍ਰਧਾਨ ਜ਼ਸਪ੍ਰੀਤ ਛਾਬੜਾ ਦੱਸਦੇ ਹਨ ਕਿ 2006 ਤੋਂ ਇਹ ਐਨਜੀਓ ਚੱਲ ਰਹੀ ਹੈ। ਹੋਰ ਸਮਾਜ ਸੇਵੀ ਕਾਰਜਾਂ ਦੇ ਨਾਲ ਨਾਲ ਅਸੀਂ ਸੜਕ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਸੰਸਥਾ ਨੂੰ ਜਿੱਥੇ ਨੈਸ਼ਨਲ ਐਵਾਰਡ ਮਿਲਿਆ ਹੈ, ਉੱਥੇ ਹੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਪੁਲਿਸ ਦਫ਼ਤਰ ਵੱਲੋਂ ਕਈ ਵਾਰ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਮਿਲ ਚੁੱਕੇ ਹਨ।
ਉਹ ਦੱਸਦੇ ਹਨ ਕਿ ਸੜਕ ਸੁਰੱਖਿਆ ਤਹਿਤ ਜਿੱਥੇ ਸਕੂਲਾਂ ਕਾਲਜਾਂ ਵਿਚ ਵਿਸ਼ੇਸ਼ ਸੈਮੀਨਾਰ ਲਾਏ ਜਾਂਦੇ ਹਨ, ਉਥੇ ਟਰੈਫਿਕ ਨਾਕਿਆਂ ਉਤੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣੂੰ ਕਰਵਾਇਆ ਜਾਂਦਾ ਹੈ। ਸੜਕ ਸੁਰੱਖਿਆ ਸਬੰਧੀ ਨੈਸ਼ਨਲ ਅਤੇ ਇੰਟਰਨੈਸ਼ਨਲ ਦਿਹਾੜਿਆਂ ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਸੜਕ ਹਾਦਸਿਆਂ ਤੋਂ ਬਚਾਅ ਰਹੇ ਇਸ ਲਈ ਖਤਰਨਾਕ ਮੋੜਾਂ ਤੇ ਰੇਡੀਅਮ ਬੋਰਡ ਲਗਵਾਏ ਜਾਂਦੇ ਹਨ। ਸੜਕਾਂ ਤੇ ਅਵਾਰਾ ਫਿਰਦੇ ਪਸ਼ੂਆਂ ਦੇ ਗਲ ਵਿਚ ਰੇਡੀਅਮ ਬੈਲਟਾਂ ਪਾਈਆ ਜਾਂਦੀਆਂ ਹਨ। ਸੜਕ ਸੁਰੱਖਿਆ ਸਬੰਧੀ ਲੋਕਾਂ ਵਿਚ ਜਾਗਰੂਕਤਾ ਲਈ ਹਰ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਵੀ ਵੰਡੀ ਜਾਂਦੀ ਹੈ।
ਜਸਪ੍ਰੀਤ ਸਿੰਘ ਛਾਬੜਾ ਨੇ ਦੱਸਿਆ ਕਿ ਸੰਸਥਾ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਵਿਚ ਪੈਨਲਮੈਂਟ ਹੈ ਅਤੇ ਕੌਂਸ਼ਲ ਵੱਲੋਂ ਕੀਤੇ ਜਾਂਦੇ ਪ੍ਰੋਗਰਾਮਾਂ ਵਿਚ ਵੀ ਸੰੰਸਥਾ ਵੱਲੋਂ ਵਿਸ਼ੇਸ਼ ਭਾਗੀਦਾਰੀ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਸੰਸਥਾ ਦੇ 27 ਦੇ ਕਰੀਬ ਸੇਵਾਦਾਰ ਹਨ ਜੋ ਨਿਰਸਵਾਰਥ ਕਾਰਜ ਕਰ ਰਹੇ ਹਨ।
ਸੰਸਥਾ ਰੋਡ ਸੇਫਟੀ ਲਈ 2006 ਤੋਂ ਕਾਰਜਸ਼ੀਲ ਹੈ ਜਦ ਕੇਂਦਰ ਸਰਕਾਰ ਵੱਲੋਂ 2021 ਵਿਚ ਨੈਸ਼ਨਲ ਐਵਾਰਡ ਲਈ ਪੰਜਾਬ ਦੀਆਂ ਸੰਸਥਾਵਾਂ ਦੇ ਨਾਮ ਮੰਗੇ ਗਏ ਤਾਂ ਉਦੋਂ ਮੁਕਤੀਸਰ ਵੈਲਫੇਅਰ ਕਲੱਬ ਵੱਲੋਂ ਕੀਤੇ ਗਏ ਕਾਰਜਾਂ ਦੀ ਸੂਚੀ ਉਪਰੰਤ ਕਲੱਬ ਦੀ ਚੋਣ ਐਵਾਰਡ ਲਈ ਹੋਈ ਅਤੇ ਸੰਸਥਾ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਸੜਕ ਸੁਰੱਖਿਆ ਸਬੰਧੀ ਕੀਤੇ ਕਾਰਜਾਂ ਨੂੰ ਲੈ ਕੇ ਸਨਮਾਨਿਤ ਕੀਤਾ ਗਿਆ।
ਇਹ ਸੰਸਥਾ ਲਈ ਮਾਣਮੱਤਾ ਪਲ ਸੀ ਅਤੇ ਇਸ ਉਪਰੰਤ ਸੰਸਥਾ ਵੱਲੋਂ ਸੜਕ ਸੁਰੱਖਿਆ ਸਬੰਧੀ ਕਾਰਜ ਹੋਰ ਵੀ ਵੱਧ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਮੁੱਖ ਮਕਸਦ ਹੈ ਕਿ ਲੋਕ ਸੜਕੀ ਨਿਯਮਾਂ ਤੋਂ ਜਾਣੂੰ ਹੋਣ ਅਤੇ ਸੜਕਾਂ ਤੇ ਹਾਦਸਿਆਂ ਵਿਚ ਕਮੀ ਆਵੇ।
Scroll to Top