Actionpunjab

Action Punjab Logo
Breaking News

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ 120 ਮਹਿਲਾ ਉਦਮੀਆਂ ਦਾ ਵਿਸ਼ੇਸ਼ ਸਨਮਾਨ



ਮਾਨਸਾ, 14 ਮਾਰਚ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਹੌਸਲੇ ਬੁਲੰਦ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪੱਧਰੀ ‘ਮਹਿਲਾ ਉਦਮੀ ਸਨਮਾਨ ਸਮਾਰੋਹ’ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ 120 ਉਦਮੀ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ.ਏ.ਐਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ.ਏ.ਐਸ ਨੇ ਕਿਹਾ ਕਿ ਮਹਿਲਾਵਾਂ ਨੇ ਸਵੈ ਸਹਾਇਤਾ ਸਮੂਹਾਂ ਰਾਹੀਂ ਸਰਗਰਮ ਯੋਗਦਾਨ ਪਾਉਂਦੇ ਹੋਏ ਜ਼ਿਲ੍ਹਾ ਮਾਨਸਾ ਵਿਖੇ ਆਪਣੀ ਮਿਹਨਤ ਤੇ ਲਗਨ ਸਦਕਾ ਹੌਂਸਲੇ ਦੀ ਉੱਚੀ ਉਡਾਣ ਭਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਵੱਲੋਂ ਤਿਆਰ ਸਮਾਨ ਦੀ ਵਿਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਸਮੇਂ ਸਮੇਂ ਉਤੇ ਮਿਆਰੀ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕੌਮਾਂਤਰੀ ਪੱਧਰ ਉੱਤੇ ਨਵੇਂ ਸਟਾਰਟ ਅੱਪ ਅਰੰਭ ਕਰਨ ਦੀ ਗੱਲ ਚੱਲਦੀ ਹੈ ਪਰ ਜ਼ਿਲ੍ਹਾ ਮਾਨਸਾ ਦੀਆਂ ਹਜ਼ਾਰਾਂ ਔਰਤਾਂ ਪਹਿਲਾਂ ਹੀ ਅਜਿਹੇ ਸਟਾਰਟ ਅੱਪ ਦੀ ਸ਼ੁਰੂਆਤ ਕਰ ਚੁੱਕੀਆਂ ਹਨ ਜਿਸ ਲਈ ਇਹ ਵਧਾਈ ਦੀਆਂ ਪਾਤਰ ਹਨ। ਉਨ੍ਹਾ ਕਿਹਾ ਕਿ ਸ਼ੁਰੂਆਤ ਹਮੇਸ਼ਾਂ ਔਖੀ ਲਗਦੀ ਹੈ ਪਰ ਹੌਂਸਲੇ ਬੁਲੰਦ ਰੱਖਣ ਨਾਲ ਸਫਲਤਾ ਕਦਮ ਚੁੰਮਦੀ ਹੈ। ਡੀਸੀ ਨਵਜੋਤ ਕੌਰ ਨੇ ਉਦਮੀ ਔਰਤਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਮੋੜ ‘ਤੇ ਉਨ੍ਹਾਂ ਦੀ ਮਦਦ ਲਈ ਤਿਆਰ ਹੈ।
ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1000 ਤੋਂ ਐਸ ਸੀ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾਵਾਰ ਰਾਸ਼ੀ ਦਿੱਤੀ ਜਾਵੇਗੀ ਤਾਂ ਜੋ ਉਹ ਆਰਥਿਕ ਤੌਰ ‘ਤੇ ਵਧੇਰੇ ਮਜ਼ਬੂਤ ਹੋ ਸਕਣ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਸਨਮਾਨਿਤ ਔਰਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੀਆਂ ਔਰਤਾਂ ਸਿਰਫ ਘਰ ਤੱਕ ਸੀਮਤ ਨਹੀਂ ਹਨ, ਸਗੋਂ ਉਹ ਆਪਣੀ ਮਿਹਨਤ ਸਦਕਾ ਮਹਿਲਾ ਸਸ਼ਕਤੀਕਰਨ ਦੀ ਅਸਲ ਪਛਾਣ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦਾ ਉਦਮੀ ਬਣਨਾ ਸੂਬੇ ਦੀ ਆਰਥਿਕਤਾ ਲਈ ਸ਼ੁਭ ਸੰਕੇਤ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਮਾਨਸਾ ਦੀਆਂ ਔਰਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ ਅਤੇ ਆਪ ਸਰਕਾਰ, ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ਲਈ ਹਰ ਸੰਭਵ ਮਦਦ ਕਰੇਗੀ।
ਇਸ ਮੌਕੇ ਪ੍ਰਧਾਨ ਮਹਿਲਾ ਵਿੰਗ ਆਪ ਸ਼ਰਨਜੀਤ ਕੌਰ ਨੇ ਇਸ ਸਮਾਗਮ ਨੂੰ ਔਰਤਾਂ ਦੀ ਆਜ਼ਾਦੀ ਅਤੇ ਆਤਮ-ਨਿਰਭਰਤਾ ਦਾ ਪ੍ਰਤੀਕ ਦੱਸਦਿਆਂ ਉਨ੍ਹਾਂ ਨੂੰ ਵਧ ਚੜ੍ਹ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਘਰਾਂ ਦੀ ਚਾਰ ਦੀਵਾਰੀ ਤੋਂ ਬਾਹਰ ਆ ਕੇ ਵੱਖ ਵੱਖ ਖੇਤਰਾਂ ਵਿੱਚ ਔਰਤਾਂ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।
ਆਪ ਆਗੂ ਵੀਨਾ ਅਗਰਵਾਲ ਨੇ ਸੰਬੋਧਨ ਕਰਦਿਆਂ ਔਰਤਾਂ ਦੇ ਸਮਾਜਿਕ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨਿਜੀ ਉਦਾਹਰਣਾਂ ਦਿੰਦੇ ਹੋਏ ਕਿਹਾ ਕਿ ਹਿੰਮਤ ਅਤੇ ਦਲੇਰੀ ਨਾਲ ਜ਼ਿੰਦਗੀ ਦੀ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਸਾਰੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਮੁੱਖ ਮੰਤਰੀ ਫੀਲਡ ਅਫ਼ਸਰ (ਆਈ.ਏ.ਐਸ) ਗੁਰਲੀਨ ਕੌਰ, ਡੀ.ਪੀ.ਐਮ ਜਸਵਿੰਦਰ ਕੌਰ, ਇੰਦਰਜੀਤ ਸਿੰਘ ਉੱਭਾ, ਯੋਗਿਤਾ ਜੋਸ਼ੀ, ਬਲਵਿੰਦਰ ਕੌਰ ਭੈਣੀਬਾਘਾ ਸਮੇਤ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ। 

Scroll to Top