Actionpunjab

Action Punjab Logo
Breaking News

ਐਲਪੀਜੀ ਦੀ ਸਪਲਾਈ ਨਿਰਵਿਘਨ ਯਕੀਨੀ ਬਣਾਉਣ ਲਈ ਛਾਪੇਮਾਰੀ ਦਾ ਦੂਜਾ ਦਿਨ; ਵਪਾਰਕ ਥਾਵਾਂ ਤੋਂ 86 ਘਰੇਲੂ ਐਲਪੀਜੀ ਸਿਲੰਡਰ ਜ਼ਬਤ



ਪਟਿਆਲਾ, 14 ਮਾਰਚ: ਮਾਲਕ ਸਿੰਘ ਘੁੰਮਣ (ਪਟਿਆਲਾ )

ਘਰੇਲੂ ਐਲਪੀਜੀ ਸਿਲੰਡਰਾਂ ਦੀ ਗ਼ੈਰਕਾਨੂੰਨੀ ਵਰਤੋਂ ਅਤੇ ਕਾਲਾਬਾਜ਼ਾਰੀ ਵਿਰੁੱਧ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਪਟਿਆਲਾ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਦੂਜੇ ਦਿਨ ਵੀ ਛਾਪੇਮਾਰੀ ਕੀਤੀ।

ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੇ ਨਿਰਦੇਸ਼ਾਂ ‘ਤੇ ਕਾਰਵਾਈ ਕਰਦੇ ਹੋਏ, ਸਾਰੇ ਜ਼ਿਲ੍ਹਾ ਖੁਰਾਕ ਸਪਲਾਈ ਅਧਿਕਾਰੀ (ਡੀ.ਐਫ.ਐਸ.ਓਜ਼) ਅਤੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ (ਏ.ਐਫ.ਐਸ.ਓਜ਼) ਅੱਜ ਫੀਲਡ ਵਿੱਚ ਰਹੇ ਅਤੇ ਸਟਾਕ ਦੀ ਸਥਿਤੀ ਜਾਂਚਣ ਦੇ ਨਾਲ-ਨਾਲ ਖਪਤਕਾਰਾਂ ਨੂੰ ਐਲਪੀਜੀ ਸਿਲੰਡਰਾਂ ਦੀ ਸੁਚਾਰੂ ਸਪਲਾਈ ਯਕੀਨੀ ਬਣਾਉਣ ਲਈ ਗੈਸ ਏਜੰਸੀਆਂ ਦਾ ਨਿਰੀਖਣ ਕੀਤਾ।

WhatsApp Image 2026
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀਆਂ ਟੀਮਾਂ ਪਟਿਆਲਾ ਜ਼ਿਲ੍ਹੇ ਵਿੱਚ ਛਾਪੇਮਾਰੀ ਕਰਨ ਸਮੇਂ।

 

ਇਸ ਦੌਰਾਨ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੁਹਰਾਇਆ ਕਿ ਜ਼ਿਲ੍ਹੇ ਵਿੱਚ ਐਲਪੀਜੀ ਸਿਲੰਡਰਾਂ ਦੀ ਸਪਲਾਈ ਸੁਚਾਰੂ ਅਤੇ ਲੋੜੀਂਦੀ ਮਾਤਰਾ ਵਿੱਚ ਹੈ। ਉਨ੍ਹਾਂ ਨੇ ਵਸਨੀਕਾਂ ਨੂੰ ਅਫਵਾਹਾਂ ਦੇ ਆਧਾਰ ‘ਤੇ ਘਬਰਾਉਣ ਜਾਂ ਬੇਲੋੜੀ ਬੁਕਿੰਗ ਤੇ ਜਮ੍ਹਾਂਖੋਰੀ ਤੋਂ ਬਚਣ ਦੀ ਅਪੀਲ ਕੀਤੀ।

ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਘਰੇਲੂ ਐਲਪੀਜੀ ਸਿਲੰਡਰਾਂ ਦੀ ਕਾਲਾਬਾਜ਼ਾਰੀ ਜਾਂ ਗ਼ੈਰਕਾਨੂੰਨੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘਰੇਲੂ ਐਲਪੀਜੀ ਸਿਲੰਡਰਾਂ ਦੀ ਵਪਾਰਕ ਉਦੇਸ਼ਾਂ ਲਈ ਦੁਰਵਰਤੋਂ ਨਾ ਕੀਤੀ ਜਾਵੇ।

ਇਸੇ ਦੌਰਾਨ ਪਟਿਆਲਾ ਦੀ ਡੀ.ਐਫ.ਐਸ.ਸੀ. ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਗੈਸ ਏਜੰਸੀਆਂ ਦੇ ਸਟਾਕ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਹੈ ਤੇ ਜ਼ਿਲ੍ਹੇ ਅੰਦਰ ਐਲਪੀਜੀ ਸਪਲਾਈ ਪੂਰੀ ਤਰ੍ਹਾਂ ਤਸੱਲੀਬਖਸ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਗੈਸ ਏਜੰਸੀਆਂ ਦੇ ਨਿਰੀਖਣ ਦੇ ਨਾਲ-ਨਾਲ, ਖਾਣ-ਪੀਣ ਵਾਲੀਆਂ ਥਾਵਾਂ, ਰੈਸਟੋਰੈਂਟਾਂ ਅਤੇ ਢਾਬਿਆਂ ‘ਤੇ ਘਰੇਲੂ ਐਲਪੀਜੀ ਸਿਲੰਡਰਾਂ ਦੀ ਗ਼ੈਰਕਾਨੂੰਨੀ ਵਰਤੋਂ ਦੀ ਜਾਂਚ ਕਰਨ ਲਈ ਅੱਜ ਵਪਾਰਕ ਅਦਾਰਿਆਂ ‘ਤੇ ਵੀ ਛਾਪੇਮਾਰੀ ਜਾਰੀ ਰੱਖੀ ਗਈ।

WhatsApp Image 2026-03-15 at 11.47.16 AM (1)

ਡੀ.ਐਫ.ਐਸ.ਸੀ. ਨੇ ਅੱਗੇ ਦੱਸਿਆ ਕਿ ਏ.ਐਫ.ਐਸ.ਓਜ਼ ਅਤੇ ਡੀ.ਐਫ.ਐਸ.ਓਜ਼ ਅਧੀਨ ਗਠਿਤ ਕੁੱਲ ਅੱਠ ਇਨਫੋਰਸਮੈਂਟ ਟੀਮਾਂ ਨੇ ਕਈ ਥਾਵਾਂ ‘ਤੇ ਨਿਰੀਖਣ ਕੀਤਾ। ਇਸ ਤੋਂ ਇਲਾਵਾ ਘਰੇਲੂ ਐਲਪੀਜੀ ਸਿਲੰਡਰਾਂ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਰੋਕਣ ਲਈ ਗੈਸ ਏਜੰਸੀਆਂ ਦੇ ਨਾਲ-ਨਾਲ ਰੈਸਟੋਰੈਂਟਾਂ, ਖਾਣ-ਪੀਣ ਵਾਲੀਆਂ ਥਾਵਾਂ ਅਤੇ ਸੜਕ ਕਿਨਾਰੇ ਢਾਬਿਆਂ ਦੀ ਵੀ ਜਾਂਚ ਕੀਤੀ ਗਈ।

ਡਾ. ਰਵਿੰਦਰ ਕੌਰ ਨੇ ਕਿਹਾ ਕਿ ਮੁਹਿੰਮ ਦੌਰਾਨ, ਜ਼ਿਲ੍ਹੇ ਭਰ ਦੇ ਵੱਖ-ਵੱਖ ਵਪਾਰਕ ਅਦਾਰਿਆਂ ਤੋਂ 86 ਘਰੇਲੂ ਐਲਪੀਜੀ ਸਿਲੰਡਰ ਜ਼ਬਤ ਕੀਤੇ ਗਏ। ਇਨ੍ਹਾਂ ਵਿੱਚ ਨਾਭਾ ਤੋਂ 19, ਪਾਤੜਾਂ ਤੋਂ 25, ਸਨੌਰ ਤੋਂ 30 ਅਤੇ ਰਾਜਪੁਰਾ ਤੋਂ 12 ਸਿਲੰਡਰ ਸ਼ਾਮਲ ਸਨ, ਜੋ ਕਿ ਖਾਣ-ਪੀਣ ਵਾਲੀਆਂ ਥਾਵਾਂ ਅਤੇ ਰੈਸਟੋਰੈਂਟਾਂ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਵਰਤੇ ਜਾਂਦੇ ਪਾਏ ਗਏ।


Scroll to Top