ਚੰਡੀਗੜ੍ਹ, 20 ਮਾਰਚ:
‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ` ਲੜੀ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਿਹਤ ਖੇਤਰ ਦਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਤੋਂ ਪਹਿਲਾਂ ਖੇਤੀਬਾੜੀ ਅਤੇ ਸਿੰਜਾਈ ਵਿੱਚ ‘ਆਪ` ਸਰਕਾਰ ਦੇ ਕੰਮ ਦਾ ਵੇਰਵਾ ਦਿੱਤਾ ਗਿਆ ਸੀ। ‘ਸ਼ਰਤਾਂ ਵਾਲੀ’ ਆਯੂਸ਼ਮਨ ਭਾਰਤ ਅਤੇ ‘ਆਪ` ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਵਿਚਕਾਰ ਫਰਕ ਦਰਸਾਉਂਦੇ ਹੋਏ ਉਨ੍ਹਾਂ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਸਰਬ ਵਿਆਪਕ, ਪਹੁੰਚਯੋਗ ਸਿਹਤ ਸੰਭਾਲ ਦੇ ਮਾਡਲ ਵਜੋਂ ਪੇਸ਼ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਫ਼ਰਕ ਇਰਾਦੇ ਤੇ ਡਿਲੀਵਰੀ ਵਿੱਚ ਹੈ।
ਡੇਟਾ-ਆਧਾਰਤ ਨਤੀਜੇ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ` ਸਰਕਾਰ ਐਲਾਨਾਂ ਤੋਂ ਅੱਗੇ ਵਧ ਕੇ ਜ਼ਮੀਨੀ ਪੱਧਰ `ਤੇ ਸਪੱਸ਼ਟ ਬਦਲਾਅ ਲਿਆ ਰਹੀ ਹੈ, ਜਿਸ ਵਿੱਚ ਬਿਨਾਂ ਕਿਸੇ ਪਾਬੰਦੀ ਦੇ 10 ਲੱਖ ਰੁਪਏ ਦੇ ਨਕਦ ਰਹਿਤ ਇਲਾਜ ਦੀ ਗਰੰਟੀ ਤੋਂ ਲੈ ਕੇ ਇਕ ਅਜਿਹੀ ਪ੍ਰਣਾਲੀ ਬਣਾਈ ਜਾ ਰਹੀ ਹੈ, ਜਿਸ ਨੂੰ ਲੋਕ ਸਰਗਰਮੀ ਨਾਲ ਵਰਤ ਰਹੇ ਹਨ ਅਤੇ ਭਰੋਸਾ ਕਰਦੇ ਹਨ। ਗਲਤ ਜਾਣਕਾਰੀ ਫੈਲਾਉਣ ਵਾਲਿਆਂ `ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬ ਨੂੰ ਸਿਹਤਮੰਦ ਨਹੀਂ ਦੇਖਣਾ ਚਾਹੁੰਦੇ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਸਾਰਿਆਂ ਦੀ ਭਲਾਈ ਲਈ ਵਿਆਪਕ ਸਿਹਤ ਸੰਭਾਲ ਸਕੀਮ ਹੈ ਅਤੇ ਇਸ ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬ ਨੂੰ ਸਿਹਤਮੰਦ ਨਹੀਂ ਦੇਖਣਾ ਚਾਹੁੰਦੇ।” ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਇਹ ਯੋਜਨਾ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਹੈ ਕਿ ਸਾਰੇ ਨਿਵਾਸੀਆਂ ਖ਼ਾਸ ਕਰ ਕੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਮਿਆਰੀ ਇਲਾਜ ਤੱਕ ਸਿੱਧੀ ਪਹੁੰਚ ਮਿਲੇ। ਉਨ੍ਹਾਂ ਅੱਗੇ ਕਿਹਾ ਕਿ “ਵਿਆਪਕ ਸਿਹਤ ਸੰਭਾਲ ਲਈ ਅਸੀਂ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਹੈ, ਜੋ ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ। ਇਹ ਪੰਜਾਬ ਵਾਸੀ ਹਰੇਕ ਪਰਿਵਾਰ ਲਈ 10 ਲੱਖ ਤੱਕ ਦਾ ਨਕਦ ਰਹਿਤ ਡਾਕਟਰੀ ਇਲਾਜ ਮੁਹੱਈਆ ਕਰਦੀ ਹੈ।”
ਇਸ ਨੂੰ ਮਾਣ ਵਾਲੀ ਗੱਲ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਅਜਿਹਾ ਵਿਆਪਕ ਸਿਹਤ ਸੰਭਾਲ ਕਵਰੇਜ ਪ੍ਰਦਾਨ ਕਰਨ ਵਾਲਾ ਪਹਿਲਾ ਭਾਰਤੀ ਸੂਬਾ ਹੈ, ਜੋ ਮਿਆਰੀ ਸਿਹਤ ਸੇਵਾਵਾਂ ਯਕੀਨੀ ਬਣਾਉਂਦੇ ਹੋਏ ਜਨਤਾ `ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾ ਰਿਹਾ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਸਰਕਾਰੀ ਕਰਮਚਾਰੀਆਂ, ਪੈਨਸ਼ਨਰਾਂ ਅਤੇ ਸਾਰੇ ਨਾਗਰਿਕਾਂ ਨੂੰ ਸੁਵਿਧਾ ਕੇਂਦਰਾਂ, ਕਾਮਨ ਸਰਵਿਸ ਸੈਂਟਰਾਂ ਜਾਂ ਆਧਾਰ ਜਾਂ ਵੋਟਰ ਕਾਰਡਾਂ ਦੀ ਵਰਤੋਂ ਕਰ ਕੇ ਆਨਲਾਈਨ ਰਜਿਸਟਰੇਸ਼ਨ ਰਾਹੀਂ ਸਿਹਤ ਕਾਰਡ ਬਣਾਉਣ ਦੇ ਨਾਲ ਸਰਬ ਵਿਆਪਕ ਸਿਹਤ ਸੰਭਾਲ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ, “ਇਸ ਯੋਜਨਾ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਲੋਕ ਵੱਡੀ ਗਿਣਤੀ ਵਿੱਚ ਲਾਭ ਲੈਣ ਲਈ ਅੱਗੇ ਆ ਰਹੇ ਹਨ, ਜਿਸ ਨਾਲ ਉਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿਨ੍ਹਾਂ ਨੂੰ ਇਲਾਜ `ਤੇ ਵੱਡੀ ਰਕਮ ਖ਼ਰਚਣੀ ਪੈਂਦੀ ਸੀ।”
ਅਫ਼ਵਾਹਾਂ `ਤੇ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਕੁੱਝ ਪੰਜਾਬ ਵਿਰੋਧੀ ਤਾਕਤਾਂ ਜੋ ਨਹੀਂ ਚਾਹੁੰਦੀਆਂ ਕਿ ਲੋਕ ਅਜਿਹੀਆਂ ਸਹੂਲਤਾਂ ਦਾ ਲਾਭ ਲੈਣ, ਉਹ ਇਸ ਯੋਜਨਾ ਬਾਰੇ ਅਫਵਾਹਾਂ ਫੈਲਾ ਰਹੀਆਂ ਹਨ। ਅਜਿਹੇ ਅਨਸਰਾਂ ਦਾ ਉਦੇਸ਼ ਲੋਕਾਂ ਨੂੰ ਇਸ ਦਾ ਲਾਭ ਲੈਣ ਤੋਂ ਵਾਂਝਾ ਕਰਨਾ ਹੈ, ਜੋ ਗੈਰ-ਵਾਜਬ ਹੈ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਯੋਜਨਾ ਅਧੀਨ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਹੈ, ਜਿਨ੍ਹਾਂ ਵਿੱਚ ਸਰਕਾਰ ਵੱਲੋਂ ਨਿਰਧਾਰਤ ਦਰਾਂ ਉੱਤੇ ਲਗਪਗ 2600 ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ।
ਕੇਂਦਰ ਦੀ ਆਯੂਸ਼ਮਨ ਯੋਜਨਾ ਨਾਲ ਤੁਲਨਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਲੋਕਾਂ ਲਈ ਵਰਦਾਨ ਹੈ, ਜਦੋਂ ਕਿ ਆਯੂਸ਼ਮਨ ਇਕ ਦਿਖਾਵਾ ਹੈ।” ਉਨ੍ਹਾਂ ਸਮਝਾਇਆ ਕਿ “ਕੇਂਦਰ ਨੇ 140 ਕਰੋੜ ਦੀ ਆਬਾਦੀ ਲਈ ਸਿਰਫ਼ 9300 ਕਰੋੜ ਰੁਪਏ ਅਲਾਟ ਕੀਤੇ ਹਨ, ਜਦੋਂ ਕਿ ਪੰਜਾਬ ਨੇ ਸਿਰਫ਼ ਤਿੰਨ ਕਰੋੜ ਲੋਕਾਂ ਲਈ 2000 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਦਾ ਮਤਲਬ ਹੈ ਕਿ ਪੰਜਾਬ ਪ੍ਰਤੀ ਵਿਅਕਤੀ ਲਗਪਗ ਦਸ ਗੁਣਾ ਜ਼ਿਆਦਾ ਖ਼ਰਚ ਕਰ ਰਿਹਾ ਹੈ। ਆਯੂਸ਼ਮਨ ਦੇ ਉਲਟ ਸਾਡੀ ਯੋਜਨਾ ਵਿੱਚ ਕੋਈ ਸ਼ਰਤ ਵੀ ਨਹੀਂ ਹੈ।”
ਇਸ ਸਕੀਮ ਬਾਰੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ, “ਪੰਜਾਬ ਅਤੇ ਚੰਡੀਗੜ੍ਹ ਦੇ ਲਗਪਗ 900 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਕੀਮ ਦੇ ਘੇਰੇ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ 25 ਲੱਖ ਲਾਭਪਾਤਰੀਆਂ ਨੂੰ ਰਜਿਸਟਰ ਕੀਤਾ ਗਿਆ ਹੈ। ਇਸ ਤਹਿਤ 1.6 ਲੱਖ ਤੋਂ ਵੱਧ ਲੋਕ ਪਹਿਲਾਂ ਹੀ ਇਲਾਜ ਪ੍ਰਾਪਤ ਕਰ ਚੁੱਕੇ ਹਨ।” ਉਨ੍ਹਾਂ ਅੱਗੇ ਕਿਹਾ, “2025-26 ਲਈ 1200 ਕਰੋੜ ਅਲਾਟ ਕੀਤੇ ਗਏ ਸਨ ਅਤੇ 2026-27 ਲਈ 2000 ਕਰੋੜ ਰੱਖੇ ਗਏ ਹਨ। ਇਹ ਯੋਜਨਾ 2,356 ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆਵਾਂ ਨੂੰ ਕਵਰ ਕਰਦੀ ਹੈ, ਜਿਸ ਵਿੱਚ ਆਰਥੋਪੈਡਿਕਸ, ਜਨਰਲ ਮੈਡੀਸਨ, ਦਿਲ, ਫੇਫੜੇ, ਗੁਰਦੇ ਦੀਆਂ ਬਿਮਾਰੀਆਂ, ਕੈਂਸਰ ਦਾ ਇਲਾਜ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।”
ਸਿਹਤ ਵਿਭਾਗ ਦਾ ਚਾਰ ਸਾਲਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਭਰ ਵਿੱਚ 883 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ 28 ਮਾਰਚ ਨੂੰ 100 ਹੋਰ ਕਲੀਨਿਕ ਸਮਰਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ 400 ਕਲੀਨਿਕ ਨਿਰਮਾਣ ਅਧੀਨ ਹਨ। ਇਨ੍ਹਾਂ ਕਲੀਨਿਕਾਂ ਵਿੱਚ 47 ਟੈਸਟ ਅਤੇ 107 ਦਵਾਈਆਂ ਮੁਫ਼ਤ ਉਪਲਬਧ ਹਨ, ਜਿਸ ਵਿੱਚ ਮਰੀਜ਼ਾਂ ਦੀ ਤਸੱਲੀ ਦੀ ਦਰ 94 ਫੀਸਦੀ ਹੈ।” ਉਨ੍ਹਾਂ ਅੱਗੇ ਕਿਹਾ, “ਓ.ਪੀ.ਡੀ. ਪੰਜ ਕਰੋੜ ਨੂੰ ਪਾਰ ਕਰ ਗਈ ਹੈ, 1.69 ਕਰੋੜ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਅਤੇ ਇਹ ਮਾਡਲ ਹੁਣ ਪੂਰੇ ਭਾਰਤ ਵਿੱਚ ਮਸ਼ਹੂਰ ਹੋ ਰਿਹਾ ਹੈ।”
ਮਨੁੱਖੀ ਸਰੋਤਾਂ ਵਿੱਚ ਵੱਧ ਨਿਵੇਸ਼ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਨੇ 2022 ਤੋਂ ਬਾਅਦ ਆਪਣੇ ਇਤਿਹਾਸ ਵਿੱਚ ਡਾਕਟਰਾਂ ਦੀ ਸਭ ਤੋਂ ਵੱਡੀ ਭਰਤੀ ਦੇਖੀ ਹੈ, ਜਿਸ ਵਿੱਚ 948 ਜਨਰਲ ਡਾਕਟਰ ਅਤੇ 627 ਸਪੈਸ਼ਲਿਸਟ ਸ਼ਾਮਲ ਹਨ, ਜੋ 75 ਸਾਲਾਂ ਤੋਂ ਵੱਧ ਸਮੇਂ ਵਿੱਚ ਕੁੱਲ ਸਰਕਾਰੀ ਡਾਕਟਰਾਂ ਦੀ ਭਰਤੀ ਦਾ 35 ਫੀਸਦੀ ਹੈ।” ਉਨ੍ਹਾਂ ਅੱਗੇ ਕਿਹਾ, “300 ਨਰਸਿੰਗ ਸਟਾਫ਼ ਅਤੇ 250 ਫਾਰਮਾਸਿਸਟ ਭਰਤੀ ਕੀਤੇ ਗਏ ਹਨ ਅਤੇ 672 ਨਰਸਾਂ ਦੀ ਭਰਤੀ ਜਾਰੀ ਹੈ।”
ਜੱਚਾ ਅਤੇ ਬੱਚਾ ਸਿਹਤ ਸੰਭਾਲ `ਤੇ ਧਿਆਨ ਕੇਂਦਰਿਤ ਕਰਦੇ ਹੋਏ ਉਨ੍ਹਾਂ ਕਿਹਾ, “250 ਬਿਸਤਰਿਆਂ ਦੀ ਸਮਰੱਥਾ ਵਾਲੇ ਸੱਤ ਜੱਚਾ ਅਤੇ ਬੱਚਾ ਸਿਹਤ ਕੇਂਦਰ ਨਿਰਮਾਣ ਅਧੀਨ ਹਨ ਅਤੇ 17 ਮਾਰਚ ਨੂੰ 30 ਬਿਸਤਰਿਆਂ ਵਾਲੇ ਧੂਰੀ ਕੇਂਦਰ ਦਾ ਉਦਘਾਟਨ ਕੀਤਾ ਗਿਆ ਸੀ। ਹੁਣ ਸਾਰੇ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਉਪਲਬਧ ਹਨ।” ਉਨ੍ਹਾਂ ਅੱਗੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਇਕ ਤਰਜੀਹ ਬਣੀ ਹੋਈ ਹੈ, ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ 42 ਸਬ-ਡਿਵੀਜ਼ਨਲ ਹਸਪਤਾਲਾਂ ਵਿੱਚੋਂ 33 ਵਿੱਚ ਹਾਟਲਾਈਨ ਸੇਵਾਵਾਂ ਕਾਰਜਸ਼ੀਲ ਹਨ। ਉਨ੍ਹਾਂ ਕਿਹਾ, “ਬਾਕੀ ਹਸਪਤਾਲ ਅਪਰੈਲ-ਮਈ 2026 ਤੱਕ ਹਾਟਲਾਈਨ ਸੇਵਾਵਾਂ ਨਾਲ ਜੁੜ ਜਾਣਗੇ ਅਤੇ ਆਧੁਨਿਕ ਮੈਡੀਕਲ ਉਪਕਰਨਾਂ `ਤੇ 400 ਕਰੋੜ ਤੋਂ ਵੱਧ ਖ਼ਰਚੇ ਗਏ ਹਨ।”
ਮੁੱਖ ਮੰਤਰੀ ਨੇ ਅੱਗੇ ਕਿਹਾ, “50-50 ਬਿਸਤਰਿਆਂ ਵਾਲੇ 22 ਕ੍ਰਿਟੀਕਲ ਕੇਅਰ ਬਲਾਕ ਨਿਰਮਾਣ ਅਧੀਨ ਹਨ ਅਤੇ ਡਾਇਗਨੌਸਟਿਕ ਸੇਵਾਵਾਂ ਦਾ ਮਹੱਤਵਪੂਰਨ ਵਿਸਥਾਰ ਕੀਤਾ ਜਾ ਰਿਹਾ ਹੈ। ਅਕਤੂਬਰ 2026 ਤੱਕ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਐਮ.ਆਰ.ਆਈ. ਸੇਵਾਵਾਂ ਉਪਲਬਧ ਹੋਣਗੀਆਂ, ਜਿਸ ਨਾਲ 500 ਫੀਸਦੀ ਵਾਧਾ ਹੋਵੇਗਾ, ਜਦੋਂ ਕਿ ਸੀਟੀ ਸਕੈਨ ਸੇਵਾਵਾਂ ਵਿੱਚ 33 ਫੀਸਦੀ ਦਾ ਵਾਧਾ ਕੀਤਾ ਗਿਆ ਹੈ।” ਉਨ੍ਹਾਂ ਅੱਗੇ ਕਿਹਾ, “ਅੰਮ੍ਰਿਤਸਰ, ਫ਼ਰੀਦਕੋਟ, ਮੋਹਾਲੀ ਅਤੇ ਪਟਿਆਲਾ ਵਿੱਚ ਪੀਈਟੀ ਸਕੈਨ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ 200 ਤੋਂ ਵੱਧ ਸੂਚੀਬੱਧ ਪ੍ਰਾਈਵੇਟ ਡਾਇਗਨੌਸਟਿਕ ਸੈਂਟਰ ਮੁਫ਼ਤ ਐਕਸ-ਰੇਅ ਅਤੇ ਅਲਟਰਾ ਸਾਊਂਡ ਸੇਵਾਵਾਂ ਪ੍ਰਦਾਨ ਕਰ ਰਹੇ ਹਨ।”
ਤਕਨੀਕ ਦੀ ਵਰਤੋਂ ਬਾਰੇ ਉਨ੍ਹਾਂ ਕਿਹਾ, “ਡਾਇਲਸਿਸ ਸੇਵਾਵਾਂ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਸਮਰੱਥਾ ਦੁੱਗਣੀ ਹੋ ਕੇ 4800 ਹੋ ਗਈ ਹੈ, ਜਿਸ ਨਾਲ ਉਡੀਕ ਸਮਾਂ ਘਟਿਆ ਹੈ। ਦੇਸ਼ ਵਿੱਚ ਪਹਿਲੀ ਵਾਰ ਸਤੰਬਰ 2025 ਅਤੇ ਮਾਰਚ 2026 ਵਿਚਕਾਰ ਏ.ਆਈ.-ਸਮਰੱਥ ਕੈਂਸਰ ਸਕਰੀਨਿੰਗ ਕੀਤੀ ਗਈ, ਜਿਸ ਵਿੱਚ 9,294 ਔਰਤਾਂ ਦੀ ਛਾਤੀ ਦੇ ਕੈਂਸਰ ਲਈ ਸਕਰੀਨਿੰਗ ਕੀਤੀ ਗਈ।” ਉਨ੍ਹਾਂ ਅੱਗੇ ਕਿਹਾ, “1.07 ਲੱਖ ਲੋਕਾਂ ਦੀਆਂ ਅੱਖਾਂ ਦੀ ਸਕਰੀਨਿੰਗ ਕੀਤੀ ਗਈ, ਜਿਸ ਵਿੱਚ 21,660 ਲੋਕਾਂ ਵਿੱਚ ਦਿੱਕਤ ਦਾ ਪਤਾ ਚੱਲਿਆ।”
ਕ੍ਰਿਟੀਕਲ ਕੇਅਰ ਪਹਿਲਕਦਮੀਆਂ ਦਾ ਵੇਰਵਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਿਸ਼ਨ ਅੰਮ੍ਰਿਤ ਤਹਿਤ ਪੰਜਾਬ ਸਟੈੱਮ ਪ੍ਰਾਜੈਕਟ ਨੂੰ ਦਿਲ ਦੇ ਦੌਰੇ ਦੇ ਮਰੀਜ਼ਾਂ ਦੀ ਦੇਖਭਾਲ ਲਈ 23 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਹੈ, 29,000 ਮਰੀਜ਼ਾਂ ਨੂੰ ਦਰਜ ਕੀਤਾ ਗਿਆ ਹੈ ਅਤੇ 1700 ਤੋਂ ਵੱਧ ਕੇਸਾਂ ਦੀ ਪਛਾਣ ਕੀਤੀ ਗਈ ਹੈ।” ਉਨ੍ਹਾਂ ਅੱਗੇ ਕਿਹਾ, “ਸੀ.ਐਮ.ਸੀ. ਲੁਧਿਆਣਾ ਅਤੇ ਮੈਡਟ੍ਰੋਨਿਕ ਦੇ ਸਹਿਯੋਗ ਨਾਲ -ਸਮਰੱਥ ਪੰਜਾਬ ਸਟ੍ਰੋਕ ਪ੍ਰਾਜੈਕਟ ਪਹਿਲਾਂ ਹੀ 100 ਤੋਂ ਵੱਧ ਮਰੀਜ਼ਾਂ ਨੂੰ ਲਾਭ ਪਹੁੰਚਾ ਚੁੱਕਾ ਹੈ।”
ਉਨ੍ਹਾਂ ਅੱਗੇ ਕਿਹਾ, “ਆਪਣੀ ਕਿਸਮ ਦਾ ਪਹਿਲਾ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਾਇਲਰੀ ਸਾਇੰਸਜ਼ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰ ਰਿਹਾ ਹੈ।” ਉਨ੍ਹਾਂ ਕਿਹਾ, “ਮੁੱਖ ਮੰਤਰੀ ਕੀ ਯੋਗਸ਼ਾਲਾ ਮੁਹਿੰਮ ਤਹਿਤ ਰੋਜ਼ਾਨਾ 8000 ਯੋਗਾ ਸੈਸ਼ਨ ਕਰਵਾਏ ਜਾਂਦੇ ਹਨ, ਜਿਸ ਨਾਲ ਲਗਪਗ ਦੋ ਲੱਖ ਲੋਕਾਂ ਨੂੰ ਲਾਭ ਪਹੁੰਚਦਾ ਹੈ।”
ਡਾਕਟਰੀ ਸਿੱਖਿਆ ਬਾਰੇ ਮੁੱਖ ਮੰਤਰੀ ਨੇ ਕਿਹਾ, “ਸੱਤ ਨਵੇਂ ਮੈਡੀਕਲ ਕਾਲਜ ਉਸਾਰੀ ਅਧੀਨ ਹਨ, ਜਿਸ ਨਾਲ 600 ਨਵੀਆਂ ਐਮ.ਬੀ.ਬੀ.ਐਸ. ਸੀਟਾਂ ਵਧਣਗੀਆਂ, ਜਿਸ ਨਾਲ ਪੰਜਾਬ ਨੂੰ ਡਾਕਟਰੀ ਸਿੱਖਿਆ ਦੇ ਕੇਂਦਰ ਵਜੋਂ ਵਿਕਸਤ ਕਰਨ ਵਿੱਚ ਮਦਦ ਮਿਲੇਗੀ।” ਉਨ੍ਹਾਂ ਸਿੱਟਾ ਕੱਢਿਆ, “ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਸਿਹਤਮੰਦ ਅਤੇ ਪ੍ਰਗਤੀਸ਼ੀਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।”
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਹੋਰ ਵੀ ਮੌਜੂਦ ਸਨ।




