Actionpunjab

Action Punjab Logo
Breaking News

ਸ੍ਰੀ ਬਾਲਾ ਜੀ ਸ਼ੋਭਾ ਯਾਤਰਾ ਦੇ ਚਰਨ ਪੈਣ ਨਾਲ ਹੋਇਆ ਰੇਲਵੇ ਅੰਡਰ ਬ੍ਰਿਜ ਦਾ ਇਤਿਹਾਸਕ ਉਦਘਾਟਨ: ਅਮਨ ਅਰੋੜਾ



ਸੁਨਾਮ, 31 ਮਾਰਚ 
 
ਸ਼੍ਰੀ ਬਾਲਾ ਜੀ ਦੇ ਜਨਮ ਉਤਸਵ ਦੇ ਪਾਵਨ ਅਵਸਰ ‘ਤੇ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿੱਚ ਅਦਭੁੱਤ ਧਾਰਮਿਕ ਜੋਸ਼ ਅਤੇ ਆਸਥਾ ਦਾ ਦਰਸ਼ਨ ਹੋਏ। ਇਸ ਮੌਕੇ ਮਾਤਾ ਨੈਣਾ ਦੇਵੀ ਜੀ ਮੰਦਰ ਤੋਂ ਸ੍ਰੀ ਬਾਲਾ ਜੀ ਧਾਮ ਤੱਕ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ। ਇਸ ਦੌਰਾਨ ਇਹ ਯਾਤਰਾ ਸ਼ਹਿਰ ਵਿੱਚ ਨਵੇਂ ਬਣੇ ਰੇਲਵੇ ਅੰਡਰ ਬ੍ਰਿਜ ਵਿਚੋਂ ਦੀ ਲੰਘੀ, ਜਿਸ ਨਾਲ ਇਸ ਅੰਡਰ ਬ੍ਰਿਜ ਦਾ ਇਤਿਹਾਸਕ ਉਦਘਾਟਨ ਹੋ ਗਿਆ, ਕਿਉੰਕਿ ਇਹ ਉਦਘਾਟਨ ਸ੍ਰੀ ਬਾਲਾ ਜੀ ਸ਼ੋਭਾ ਯਾਤਰਾ ਦੇ ਚਰਨ ਪੈਣ ਨਾਲ ਹੋਇਆ ਹੈ ਤੇ ਇਸ ਤੋਂ ਵਧੀਆ ਉਦਘਾਟਨ ਕੋਈ ਹੋਰ ਹੋ ਨਹੀਂ ਸਕਦਾ। 
 
ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸ੍ਰੀ ਬਾਲਾ ਜੀ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਭਰਦਿਆਂ ਕੀਤਾ। ਇਸ ਮੌਕੇ ਉਹਨਾਂ ਦੇ ਮੀਡੀਆ ਸਲਾਹਕਾਰ ਸ਼੍ਰੀ ਜਤਿੰਦਰ ਜੈਨ ਵੀ ਹਾਜ਼ਰ ਰਹੇ। ਉਹਨਾਂ ਨੇ ਇਸ ਮੌਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਸੰਗਤ ਨਾਲ ਨਮਸਕਾਰ ਕੀਤਾ ਅਤੇ ਸ਼੍ਰੀ ਬਾਲਾ ਜੀ ਅੱਗੇ ਨਤਮਸਤਕ ਹੋਏ। 
 
ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਸੰਸਕ੍ਰਿਤਕ ਵਿਰਾਸਤ ਨੂੰ ਮਜ਼ਬੂਤ ਕਰਦੇ ਹਨ ਅਤੇ ਸਮਾਜ ਵਿੱਚ ਪ੍ਰੇਮ, ਸਾਂਝ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਹੀ ਧਾਰਮਿਕ ਸਹਿਣਸ਼ੀਲਤਾ ਅਤੇ ਏਕਤਾ ਦਾ ਪ੍ਰਤੀਕ ਰਹੀ ਹੈ ਅਤੇ ਅਜਿਹੇ ਉਤਸਵ ਇਸ ਪਰੰਪਰਾ ਨੂੰ ਅੱਗੇ ਵਧਾਉਂਦੇ ਹਨ।
 
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਪਾਰੀਆਂ, ਸਮਾਜਿਕ ਸੰਸਥਾਵਾਂ ਅਤੇ ਨਾਗਰਿਕਾਂ ਵੱਲੋਂ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ। ਇਸ ਦੌਰਾਨ ਕਈ ਸੇਵਾ ਕੈਂਪ ਵੀ ਲਗਾਏ ਗਏ, ਜਿੱਥੇ ਸ਼ਰਧਾਲੂਆਂ ਲਈ ਪਾਣੀ, ਸ਼ਰਬਤ, ਫਲ ਅਤੇ ਲੰਗਰ ਦੀ ਵਿਵਸਥਾ ਕੀਤੀ ਗਈ।
 
ਪ੍ਰਸ਼ਾਸਨ ਵੱਲੋਂ ਯਾਤਰਾ ਦੌਰਾਨ ਕਾਨੂੰਨ-ਵਿਵਸਥਾ ਅਤੇ ਟ੍ਰੈਫਿਕ ਪ੍ਰਬੰਧਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ, ਜਿਸ ਨਾਲ ਸਾਰਾ ਸਮਾਗਮ ਬਿਨਾ ਕਿਸੇ ਰੁਕਾਵਟ ਦੇ ਸੁਚੱਜੇ ਢੰਗ ਨਾਲ ਸੰਪੰਨ ਹੋਇਆ। ਸਫਾਈ ਅਤੇ ਐਮਰਜੈਂਸੀ ਸੇਵਾਵਾਂ ਦੀ ਵੀ ਵਧੀਆ ਤਰੀਕੇ ਨਾਲ ਵਿਵਸਥਾ ਕੀਤੀ ਗਈ ਸੀ।
 
ਸਮੂਹਿਕ ਤੌਰ ‘ਤੇ ਇਹ ਸ਼ੋਭਾ ਯਾਤਰਾ ਨਾ ਸਿਰਫ ਧਾਰਮਿਕ ਆਸਥਾ ਦਾ ਪ੍ਰਗਟਾਵਾ ਸੀ, ਬਲਕਿ ਇਹ ਸੁਨਾਮ ਸ਼ਹਿਰ ਵਿੱਚ ਸਮਾਜਿਕ ਏਕਤਾ, ਸਾਂਝ ਅਤੇ ਭਾਈਚਾਰੇ ਦੀ ਇੱਕ ਜੀਵੰਤ ਮਿਸਾਲ ਵਜੋਂ ਸਾਹਮਣੇ ਆਈ।
 
ਸ੍ਰੀ ਬਾਲਾ ਜੀ ਮੰਦਿਰ ਦੇ ਮੁਖ ਸੇਵਾਦਾਰ ਗੌਰਵ ਜਨਾਲੀਆ ਅਤੇ ਸੈਕੜੇ ਮੈਬਰਾਂ ਵੱਲੋਂ ਕੀਤਾ ਪ੍ਰਬੰਧ ਦੇਖਣ ਯੋਗ ਸੀ।
 
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਰਵੀ ਕਮਲ ਗੋਇਲ, ਮਨਪ੍ਰੀਤ ਬਾਂਸਲ, ਸੋਨੀ ਚੈਅਰਮੈਨ, ਅਮਰੀਕ ਧਾਲੀਵਾਲ, ਭਾਰੀ ਗਿਣਤੀ ਵਿੱਚ ਆਪ ਵਰਕਰ ਸ਼ਾਮਲ ਸਨ। 
Scroll to Top