ਚੰਡੀਗੜ੍ਹ 8 ਮਈ- ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀਰਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ‘ਤੇ ਮਨਘੜਤ ਕਹਾਣੀਆਂ, ਚੋਣਵੇਂ ਤਰੀਕੇ ਨਾਲ ਜਾਣਕਾਰੀ ਲੀਕ ਕਰਨ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਰਾਹੀਂ ਉਨ੍ਹਾਂ ਨੂੰ ਬਦਨਾਮ ਕਰਨ ਲਈ ਰਾਜਨੀਤੀ ਤੋਂ ਪ੍ਰੇਰਿਤ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਆਪ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਇਸ ਪੂਰੇ ਘਟਨਾਕ੍ਰਮ ਨੂੰ ਚੋਣਾਂ ਤੋਂ ਪਹਿਲਾਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਜਪਾ ਦੀ ਡਰਾਉਣ-ਧਮਕਾਉਣ ਅਤੇ ਚਰਿੱਤਰ ਹਨਨ ਦੀ ਰਾਜਨੀਤੀ ਦਾ ਪ੍ਰਤੀਕ ਕਰਾਰ ਦਿੱਤਾ।
ਅਮਨ ਅਰੋੜਾ ਨੇ ਦੱਸਿਆ ਕਿ ਉਹ ਬੁੱਧਵਾਰ ਸਵੇਰੇ ਹੋਈ ਈਡੀ ਦੀ ਛਾਪੇਮਾਰੀ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਕਿਉਂਕਿ ਉਹ ਵਿਭਾਗੀ ਮੀਟਿੰਗਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਆਪਣੀ ਮਾਤਾ ਜੀ ਦੀ ਦੇਖਭਾਲ ਕਰ ਰਹੇ ਸਨ, ਜੋ ਪਿਛਲੇ ਦੋ ਹਫ਼ਤਿਆਂ ਤੋਂ ਆਈਸੀਯੂ ਵਿੱਚ ਦਾਖਲ ਹਨ। ਉਨ੍ਹਾਂ ਕਿਹਾ ਕਿ ਮੈਨੂੰ ਛਾਪੇਮਾਰੀ ਬਾਰੇ ਉਦੋਂ ਹੀ ਪਤਾ ਲੱਗਿਆ ਜਦੋਂ ਮੀਟਿੰਗ ਦੌਰਾਨ ਪਾਰਟੀ ਸਾਥੀਆਂ ਅਤੇ ਮੀਡੀਆ ਕਰਮੀਆਂ ਦੇ ਫੋਨ ਅਤੇ ਵੀਡੀਓ ਆਉਣੇ ਸ਼ੁਰੂ ਹੋਏ।
ਪੰਜਾਬ ‘ਆਪ’ ਪ੍ਰਧਾਨ ਨੇ ਕਿਹਾ ਕਿ ਟੈਲੀਵਿਜ਼ਨ ‘ਤੇ ਕਰੰਸੀ ਨੋਟਾਂ ਦੇ ਬੈਗ ਦਿਖਾਏ ਜਾਣ ਵਾਲੇ ਦ੍ਰਿਸ਼ ਦੇਖ ਕੇ ਮੈਂ ਹੈਰਾਨ ਰਹਿ ਗਿਆ। ਦੁਪਹਿਰ ਕਰੀਬ 3:30 ਵਜੇ ਤੱਕ ਮੈਂ ਵਿਭਾਗੀ ਮੀਟਿੰਗ ਵਿੱਚ ਰੁੱਝਿਆ ਰਿਹਾ ਅਤੇ ਮੇਰੇ ਕੋਲ ਇਸ ਮਾਮਲੇ ਨਾਲ ਕਿਸੇ ਵੀ ਤਰ੍ਹਾਂ ਜੁੜੀ ਕੋਈ ਜਾਣਕਾਰੀ ਨਹੀਂ ਸੀ।
ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਇੱਕ ਸਾਥੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਕਰੀਬੀ ਦੋਸਤ ਗੌਰਵ ਧੀਰ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਵੇਰ ਤੋਂ ਸ਼ਾਮ ਤੱਕ, ਇੱਕ ਝੂਠਾ ਬਿਰਤਾਂਤ ਯੋਜਨਾਬੱਧ ਤਰੀਕੇ ਨਾਲ ਬਣਾਇਆ ਗਿਆ ਅਤੇ ਹੌਲੀ-ਹੌਲੀ ਇਸ ਨੂੰ ਮੋੜਾ ਦੇ ਕੇ ਸਿਰਫ਼ ਗੌਰਵ ਧੀਰ ਨਾਲ ਦੋਸਤੀ ਹੋਣ ਕਾਰਨ ਮੇਰਾ ਨਾਮ ਇਸ ਵਿਵਾਦ ਵਿੱਚ ਘਸੀਟਿਆ ਗਿਆ, ਜਦਕਿ ਮੇਰਾ ਕਥਿਤ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਅਮਨ ਅਰੋੜਾ ਨੇ ਇਸ਼ਾਰਾ ਕੀਤਾ ਕਿ ਈਡੀ ਨੇ ਸ਼ੁਰੂ ਵਿੱਚ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਨਾ ਤਾਂ ਉਨ੍ਹਾਂ ਦਾ ਅਤੇ ਨਾ ਹੀ ਗੌਰਵ ਧੀਰ ਦਾ ਨਾਮ ਸੀ।
ਉਨ੍ਹਾਂ ਕਿਹਾ ਕਿ ਅਸਲ ਬਿਆਨ ਵਿੱਚ ਸਿਰਫ਼ “ਗੌਰਵ ਕੰਸਟਰਕਸ਼ਨਜ਼” ਦਾ ਨਾਮ ਦਰਜ ਸੀ। ਅਮਨ ਅਰੋੜਾ ਨੇ ਕਿਹਾ ਕਿ ਅੱਧੇ ਘੰਟੇ ਦੇ ਅੰਦਰ, ਬਿਲਕੁਲ ਉਹੀ ਸਮੱਗਰੀ ਵਾਲਾ ਇੱਕ ਹੋਰ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਸਿਰਫ਼ ਆਖਰੀ ਪੈਰੇ ਵਿੱਚ ਅਮਨ ਅਰੋੜਾ ਦਾ ਨਾਮ ਜੋੜਿਆ ਗਿਆ ਸੀ। ਇਹ ਸਪੱਸ਼ਟ ਤੌਰ ‘ਤੇ ਸਾਬਤ ਕਰਦਾ ਹੈ ਕਿ ਮੇਰਾ ਨਾਮ ਸਿਰਫ਼ ਮੈਨੂੰ ਸਿਆਸੀ ਤੌਰ ‘ਤੇ ਨਿਸ਼ਾਨਾ ਬਣਾਉਣ ਅਤੇ ਬਦਨਾਮ ਕਰਨ ਲਈ ਬਾਅਦ ਵਿੱਚ ਪਾਇਆ ਗਿਆ ਸੀ। ਉਨ੍ਹਾਂ ਇਸ ਹੇਰਾਫੇਰੀ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ।
ਆਪਣੀ ਸਥਿਤੀ ਹੋਰ ਸਪੱਸ਼ਟ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਤੋਂ ਪਹਿਲਾਂ ਇਸ ਕੇਸ ਨਾਲ ਜੋੜੇ ਜਾ ਰਹੇ ਕਈ ਵਿਅਕਤੀਆਂ ਦੇ ਨਾਮ ਵੀ ਨਹੀਂ ਸੁਣੇ ਸਨ, ਜਿਨ੍ਹਾਂ ਵਿੱਚ ਸੁਰੇਸ਼ ਕੁਮਾਰ ਬਜਾਜ, ਅਜੇ ਸਹਿਗਲ, ਨਿਤਿਨ ਗੋਇਲ ਅਤੇ ਪ੍ਰਿਤਪਾਲ ਸਿੰਘ ਢੀਂਡਸਾ ਸ਼ਾਮਲ ਹਨ। ਅਮਨ ਅਰੋੜਾ ਨੇ ਕਿਹਾ ਕਿ ਮੈਂ ਕੱਲ੍ਹ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਹ ਨਾਮ ਸੁਣੇ ਹਨ।
ਗੌਰਵ ਧੀਰ ਬਾਰੇ ਗੱਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਦੋਸਤੀ 22 ਸਾਲ ਤੋਂ ਵੱਧ ਪੁਰਾਣੀ ਹੈ ਅਤੇ ਇਹ ਪੂਰੀ ਤਰ੍ਹਾਂ ਨਿੱਜੀ ਭਰੋਸੇ ਅਤੇ ਪਿਆਰ ‘ਤੇ ਅਧਾਰਤ ਹੈ। ਅਮਨ ਅਰੋੜਾ ਨੇ ਸਵਾਲ ਕੀਤਾ ਕਿ ਗੌਰਵ ਧੀਰ ਪਿਛਲੇ 22-23 ਸਾਲਾਂ ਤੋਂ ਮੇਰੇ ਲਈ ਭਰਾ ਤੋਂ ਵਧ ਕੇ ਹੈ। ਦੋਸਤੀ ਕੋਈ ਗੁਨਾਹ ਨਹੀਂ ਹੈ। ਪਰ ਇਸ ਗੱਲ ਦਾ ਕੀ ਸਬੂਤ ਹੈ ਕਿ ਉਸ ਨੇ ਜਾਂ ਮੈਂ ਕੁਝ ਗਲਤ ਕੀਤਾ ਹੈ?
ਆਪਣੇ ਸਾਫ਼-ਸੁਥਰੇ ਅਕਸ ਨੂੰ ਦੁਹਰਾਉਂਦੇ ਹੋਏ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਜਨਤਕ ਜੀਵਨ ਵਿੱਚ 31 ਸਾਲ ਤੋਂ ਵੱਧ ਸਮਾਂ ਬਿਤਾਇਆ ਹੈ ਅਤੇ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਜਾਂ ਅਹੁਦੇ ਦੀ ਦੁਰਵਰਤੋਂ ਦਾ ਕੋਈ ਦੋਸ਼ ਨਹੀਂ ਹੈ। ਅਮਨ ਅਰੋੜਾ ਨੇ ਐਲਾਨ ਕੀਤਾ ਕਿ ਜੇਕਰ ਕੋਈ ਇਹ ਸਾਬਤ ਕਰ ਸਕਦਾ ਹੈ ਕਿ ਅਮਨ ਅਰੋੜਾ ਨੇ 1991 ਵਿੱਚ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਕਦੇ ਕਿਸੇ ਤੋਂ ਇੱਕ ਰੁਪਿਆ ਵੀ ਮੰਗਿਆ ਹੈ, ਤਾਂ ਮੈਂ ਤੁਰੰਤ ਰਾਜਨੀਤੀ ਛੱਡ ਦੇਵਾਂਗਾ।
ਭਾਜਪਾ ‘ਤੇ ਸਿੱਧਾ ਹਮਲਾ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਸੂਬਿਆਂ ਵਿੱਚ ਜਿੱਥੇ ਚੋਣਾਂ ਨੇੜੇ ਹਨ, ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਨੂੰ ਇੱਕ ਮਿਆਰੀ ਸਿਆਸੀ ਰਣਨੀਤੀ ਬਣਾ ਲਿਆ ਹੈ। ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਭਾਜਪਾ ਦਬਾਅ ਦੀਆਂ ਚਾਲਾਂ, ਡਰ ਅਤੇ ਝੂਠੇ ਪ੍ਰਚਾਰ ਰਾਹੀਂ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਸਿਆਸੀ ਤੌਰ ‘ਤੇ ਵਿਰੋਧੀਆਂ ਨੂੰ ਹਰਾ ਨਹੀਂ ਸਕਦੀ।
ਉਨ੍ਹਾਂ ਅੱਗੇ ਈਡੀ ‘ਤੇ ਦੋਸ਼ ਲਗਾਇਆ ਕਿ ਉਹ ਆਪਣੇ ਬਿਆਨਾਂ ਵਿੱਚੋਂ ਰਾਜਨੀਤਿਕ ਤੌਰ ‘ਤੇ ਅਸੁਵਿਧਾਜਨਕ ਵੇਰਵਿਆਂ ਨੂੰ ਜਾਣਬੁੱਝ ਕੇ ਹਟਾ ਕੇ ਪੱਖਪਾਤੀ ਪਹੁੰਚ ਅਪਣਾ ਰਹੀ ਹੈ। ਅਮਨ ਅਰੋੜਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਵਿੱਚੋਂ ਇੱਕ, ਸੁਰੇਸ਼ ਕੁਮਾਰ ਬਜਾਜ ਨੇ 2023-24 ਦੌਰਾਨ ਭਾਜਪਾ ਨੂੰ 2.5 ਲੱਖ ਰੁਪਏ ਦਾਨ ਕੀਤੇ ਸਨ, ਪਰ ਇਸ ਤੱਥ ਨੂੰ ਜਾਣਬੁੱਝ ਕੇ ਛੁਪਾਇਆ ਗਿਆ।
ਅਮਨ ਅਰੋੜਾ ਨੇ ਕਿਹਾ ਕਿ ਈਡੀ ਜਾਣਦੀ ਹੈ ਕਿ ਅਮਨ ਅਰੋੜਾ ਅਤੇ ਗੌਰਵ ਧੀਰ ਦੋਸਤ ਹਨ, ਪਰ ਉਹ ਇਹ ਜ਼ਿਕਰ ਨਹੀਂ ਕਰਦੀ ਕਿ ਇੱਕ ਦੋਸ਼ੀ ਨੇ ਭਾਜਪਾ ਨੂੰ ਵਿੱਤੀ ਯੋਗਦਾਨ ਪਾਇਆ ਹੈ। ਇਹ ਇਸ ਪੂਰੀ ਕਾਰਵਾਈ ਪਿੱਛੇ ਅਸਲੀ ਸਿਆਸੀ ਏਜੰਡੇ ਦਾ ਪਰਦਾਫਾਸ਼ ਕਰਦਾ ਹੈ।
ਗੌਰਵ ਧੀਰ ਨਾਲ ਆਪਣੇ ਸਬੰਧਾਂ ਬਾਰੇ ਲੱਗੇ ਦੋਸ਼ਾਂ ਨੂੰ ਸਪੱਸ਼ਟ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੇ ਮਜ਼ਬੂਤ ਨਿੱਜੀ ਸਬੰਧ ਹਨ, ਪਰ ਉਨ੍ਹਾਂ ਦਾ ਉਸ ਨਾਲ ਕਦੇ ਕੋਈ ਕਾਰੋਬਾਰੀ ਲੈਣ-ਦੇਣ ਨਹੀਂ ਰਿਹਾ। ਅਮਨ ਅਰੋੜਾ ਨੇ ਕਿਹਾ ਕਿ ਸਾਡੀ ਦੋਸਤੀ ਕੱਲ੍ਹ ਵੀ ਸੀ, ਅੱਜ ਵੀ ਹੈ ਅਤੇ ਹਮੇਸ਼ਾ ਰਹੇਗੀ। ਪਰ ਦੋਸਤੀ ਦਾ ਮਤਲਬ ਕਾਰੋਬਾਰ ਵਿੱਚ ਸ਼ਮੂਲੀਅਤ ਨਹੀਂ ਹੁੰਦਾ।
ਈਡੀ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ। ਈਡੀਨੂੰ ਕੋਈ ਸ਼ੱਕ ਹੈ, ਤਾਂ ਮੈਨੂੰ ਬੁਲਾਓ। ਮੈਂ ਖੁਦ ਆਵਾਂਗਾ। ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾਓ। ਅਰੋੜਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੂਚੀ ਵਿੱਚ ਨਾਮਜ਼ਦ ਕਿਸੇ ਵੀ ਵਿਅਕਤੀ ਦਾ ਸੰਪਰਕ ਨੰਬਰ ਮੇਰੇ ਫੋਨ ਵਿੱਚ ਸੇਵ ਮਿਲਿਆ, ਤਾਂ ਮੈਂ ਆਪਣੇ ਆਪ ਨੂੰ ਦੋਸ਼ੀ ਮੰਨਾਂਗਾ।
ਮੰਤਰੀ ਨੇ ਅੱਗੇ ਕਿਹਾ ਕਿ ਗੌਰਵ ਧੀਰ ‘ਤੇ ਛਾਪੇਮਾਰੀ ਸਿਰਫ ਉਨ੍ਹਾਂ ਨਾਲ ਨੇੜਤਾ ਕਾਰਨ ਕੀਤੀ ਗਈ ਜਾਪਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਹਰ ਚੀਜ਼ ਇਸ ਤੱਥ ਵੱਲ ਇਸ਼ਾਰਾ ਕਰਦੀ ਹੈ ਕਿ ਗੌਰਵ ਧੀਰ ਨੂੰ ਮੇਰੇ ਨਾਲ ਨੇੜਤਾ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ।
ਅਲਟਸ ਪ੍ਰੋਜੈਕਟ ਨਾਲ ਜੁੜੇ ਦੋਸ਼ਾਂ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਕੰਪਨੀ ਦੇ 600 ਏਕੜ ਦੇ ਮੈਗਾ ਪ੍ਰੋਜੈਕਟ ਨੂੰ 2013-14 ਵਿੱਚ ਚੇਂਜ ਆਫ ਲੈਂਡ ਯੂਜ਼ (ਸੀਐਲਯੂ) ਦੀ ਮੰਜੂਰੀ ਮਿਲੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰੇ ਸੀਐਲਯੂ ਲਾਇਸੰਸ ਸ਼ਰਤੀਆ ਹੁੰਦੇ ਹਨ ਅਤੇ ਉਦੋਂ ਤੱਕ ਵੈਧ ਰਹਿੰਦੇ ਹਨ ਜਦੋਂ ਤੱਕ ਡਿਵੈਲਪਰ ਸਰਕਾਰੀ ਨੀਤੀਆਂ ਦੀ ਪਾਲਣਾ ਕਰਦੇ ਹਨ। ਅਮਨ ਅਰੋੜਾ ਨੇ ਕਿਹਾ, “ਅੱਠ ਮਹੀਨੇ ਮੈਂ ਇਸ ਵਿਭਾਗ ਨੂੰ ਸੰਭਾਲਿਆ ਅਤੇ ਮੇਰੀ ਸਮਝ ਅਨੁਸਾਰ, ਹਰ ਸੀਐਲਯੂ ਸ਼ਰਤੀਆ ਹੁੰਦਾ ਹੈ ਅਤੇ ਉਦੋਂ ਤੱਕ ਰੀਨਿਊ ਹੁੰਦਾ ਹੈ ਜਦੋਂ ਤੱਕ ਡਿਵੈਲਪਰ ਨੀਤੀ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਅਤੇ ਕੋਈ ਗਲਤ ਕੰਮ ਨਹੀਂ ਕਰਦਾ।
ਉਨ੍ਹਾਂ ਅੱਗੇ ਕਿਹਾ ਕਿ ਗੌਰਵ ਧੀਰ ਨਾਲ ਕਥਿਤ ਤੌਰ ‘ਤੇ ਜੁੜੇ ਛੇ ਏਕੜ ਦੇ ਮੁੱਦੇ ਨੂੰ ਸਿਆਸੀ ਕਾਰਨਾਂ ਕਰਕੇ ਜਾਣਬੁੱਝ ਕੇ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਉਪਲਬਧ ਜਾਣਕਾਰੀ ਅਨੁਸਾਰ, ਅਲਟਸ ਕਦੇ ਗਮਾਡਾ ਅਤੇ ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਡਿਫਾਲਟਰਾਂ ਵਿੱਚੋਂ ਇੱਕ ਸੀ ਪਰ ਅੱਜ ਉਸ ਕੋਲ ਸਰਕਾਰ ਵੱਲੋਂ ‘ਨੋ ਡਿਊਜ਼ ਸਰਟੀਫਿਕੇਟ’ ਹੈ ਅਤੇ ਉਸ ਨੇ ਸਰਕਾਰ ਦਾ ਇੱਕ ਰੁਪਿਆ ਵੀ ਨਹੀਂ ਦੇਣਾ।
ਅਮਨ ਅਰੋੜਾ ਨੇ ਸਵਾਲ ਕੀਤਾ ਕਿ ਜੇਕਰ ਸਾਰੇ ਬਕਾਏ ਚੁਕਾ ਦਿੱਤੇ ਗਏ ਹਨ ਅਤੇ ਪੰਜਾਬ ਸਰਕਾਰ ਨੇ ਖੁਦ ਨੋ ਡਿਊਜ਼ ਸਰਟੀਫਿਕੇਟ ਜਾਰੀ ਕੀਤਾ ਹੈ, ਤਾਂ ਫਿਰ ਧੋਖਾਧੜੀ ਕਿੱਥੇ ਹੈ?
ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਉਨ੍ਹਾਂ ਨੇਤਾਵਾਂ ਵਿਰੁੱਧ ਜ਼ਬਰਦਸਤੀ, ਝੂਠੇ ਪ੍ਰਚਾਰ ਅਤੇ ਚਰਿੱਤਰ ਹਨਨ ਨੂੰ ਸਿਆਸੀ ਹਥਿਆਰਾਂ ਵਜੋਂ ਵਰਤ ਰਹੀ ਹੈ ਜੋ ਉਸ ਅੱਗੇ ਝੁਕਣ ਤੋਂ ਇਨਕਾਰ ਕਰਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਜੇਕਰ ਭਾਜਪਾ ਸੋਚਦੀ ਹੈ ਕਿ ਉਹ ਇੱਕ ਇਮਾਨਦਾਰ ਕਾਰੋਬਾਰੀ ਨੂੰ ਫਸਾ ਕੇ ਅਤੇ ਮੇਰੇ ਅਕਸ ਨੂੰ ਖਰਾਬ ਕਰਕੇ ਅਮਨ ਅਰੋੜਾ ਨੂੰ ਗੋਡਿਆਂ ਭਾਰ ਕਰ ਸਕਦੀ ਹੈ, ਤਾਂ ਉਹ ਗਲਤ ਹਨ। ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਪੰਜਾਬ ਲਈ ਖ਼ਤਰਨਾਕ ਹੈ।
ਆਪਣੇ ਸਾਫ਼ ਅਕਸ ਦੀ ਇੱਕ ਵਾਰ ਫਿਰ ਪੁਸ਼ਟੀ ਕਰਦੇ ਹੋਏ ਅਮਨ ਅਰੋੜਾ ਨੇ ਬਿਲਡਰ ਭਾਈਚਾਰੇ ਦੇ ਕਿਸੇ ਵੀ ਵਿਅਕਤੀ ਨੂੰ ਇਹ ਦਾਅਵਾ ਕਰਨ ਦੀ ਚੁਣੌਤੀ ਦਿੱਤੀ ਕਿ ਉਨ੍ਹਾਂ ਨੇ ਕਦੇ ਉਨ੍ਹਾਂ ਤੋਂ ਕੋਈ ਫਾਇਦਾ ਲਿਆ ਹੈ। ਅਮਨ ਅਰੋੜਾ ਨੇ ਕਿਹਾ ਕਿ ਤਿੰਨ ਦਹਾਕਿਆਂ ਤੋਂ ਵੱਧ ਦੇ ਜਨਤਕ ਜੀਵਨ ਅਤੇ ਸਰਕਾਰ ਵਿੱਚ ਲਗਭਗ ਚਾਰ ਸਾਲਾਂ ਦੇ ਦੌਰਾਨ, ਮੈਂ ਕਦੇ ਵੀ ਕਿਸੇ ਤੋਂ ਕੁਝ ਨਹੀਂ ਲਿਆ, ਚਾਹ ਦਾ ਇੱਕ ਕੱਪ ਵੀ ਨਹੀਂ।
ਅਮਨ ਅਰੋੜਾ ਨੇ ਅੰਤ ਵਿੱਚ ਕਿਹਾ ਕਿ ਮੈਂ ਜ਼ਿੰਦਗੀ ਵਿੱਚ ਕਦੇ ਵੀ ਅਜਿਹਾ ਕੁਝ ਨਹੀਂ ਕੀਤਾ ਜੋ ਮੈਂ ਸਿਰ ਉੱਚਾ ਕਰਕੇ ਖੁੱਲ੍ਹ ਕੇ ਨਾ ਕਹਿ ਸਕਾਂ। ਜੇਕਰ ਈਡੀ ਕੋਲ ਕੋਈ ਸਵਾਲ ਹਨ, ਤਾਂ ਮੈਨੂੰ ਸੰਮਨ ਭੇਜੋ ਅਤੇ ਮੈਂ ਪੂਰਾ ਸਹਿਯੋਗ ਕਰਾਂਗਾ। ਪਰ ਮੈਨੂੰ ਸਿਆਸੀ ਤੌਰ ‘ਤੇ ਬਦਨਾਮ ਕਰਨ ਦੀ ਇਹ ਮਨਘੜਤ ਪ੍ਰਚਾਰ ਮੁਹਿੰਮ ਕਾਮਯਾਬ ਨਹੀਂ ਹੋਵੇਗੀ।




