Actionpunjab

Action Punjab Logo
Breaking News

ਮੇਰੀ ਧਰਤੀ ਮੇਰਾ ਜਨੂੰਨ ਤਹਿਤ 60 ਕਰੋੜ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਛੇਗਾ ਪੁਲਾਂ ਦਾ ਜਾਲ- ਹਰਜੋਤ ਬੈਂਸ



ਸ੍ਰੀ ਅਨੰਦਪੁਰ ਸਾਹਿਬ 11 ਜੂਨ: “ਮੇਰੀ ਧਰਤੀ ਮੇਰਾ ਜਨੂੰਨ” ਮੁਹਿੰਮ ਤਹਿਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰੀਬ 60 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਪੁਲਾਂ ਦੇ ਨਿਰਮਾਣ ਦਾ ਐਲਾਨ ਕੀਤਾ ਹੈ। ਇਹ ਪ੍ਰੋਜੈਕਟ ਇਲਾਕੇ ਦੀ ਪੁਰਾਣੀ ਮੰਗ ਨੂੰ ਪੂਰਾ ਕਰੇਗਾ ਅਤੇ ਦਰਜਨਾਂ ਪਿੰਡਾਂ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਬਣਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਪ੍ਰੋਜੈਕਟਾਂ ਦੇ ਟੈਂਡਰ ਜਾਰੀ ਹੋ ਚੁੱਕੇ ਹਨ ਅਤੇ 9 ਜੁਲਾਈ ਨੂੰ ਖੋਲ੍ਹੇ ਜਾਣਗੇ, ਜਿਸ ਤੋਂ ਬਾਅਦ ਅਗਸਤ ਮਹੀਨੇ ਵਿੱਚ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ।
        ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਪਹਿਲੀ ਵਾਰ ਆਪਣੇ ਇਲਾਕੇ ਦੇ ਨੌਜਵਾਨ ਨੂੰ ਮੌਕਾ ਦਿੱਤਾ ਹੈ ਅਤੇ ਉਹ ਇਸ ਭਰੋਸੇ ‘ਤੇ ਖਰਾ ਉਤਰਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੰਗਰ ਇਲਾਕੇ ਵਿੱਚ ਪਹਿਲਾਂ ਲੋਕਾਂ ਨੂੰ ਵਿਕਾਸ ‘ਤੇ ਯਕੀਨ ਨਹੀਂ ਸੀ, ਪਰ ਹੁਣ ਉੱਥੇ ਚੱਲ ਰਹੇ ਕੰਮਾਂ ਨੇ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹਰ ਪ੍ਰੋਜੈਕਟ ਨੂੰ ਖੁਦ ਮਾਨੀਟਰ ਕਰਦੇ ਹਨ ਤਾਂ ਜੋ ਕੰਮ ਸਮੇਂ ਸਿਰ ਅਤੇ ਗੁਣਵੱਤਾ ਨਾਲ ਮੁਕੰਮਲ ਹੋਵੇ।
        ਪ੍ਰੋਜੈਕਟਾਂ ਦੇ ਵੇਰਵੇ ਦਿੰਦਿਆਂ ਸ.ਬੈਂਸ ਨੇ ਦੱਸਿਆ ਕਿ ਚੰਦਪੁਰ ਵਿੱਚ 26 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਪੁਲ ਬਣਾਇਆ ਜਾਵੇਗਾ, ਜੋ ਪੁਰਾਣੇ 40-50 ਸਾਲ ਪੁਰਾਣੇ ਪੁਲ ਦਾ ਬਦਲ ਹੋਵੇਗਾ। ਇਸ ਦੇ ਨਾਲ ਹੀ ਸ਼ਾਹਪੁਰ ਬੇਲਾ ਵਿੱਚ 6 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਤਿਆਰ ਕੀਤਾ ਜਾਵੇਗਾ। ਨੱਕੀਆਂ ਪਿੰਡ ਵਿੱਚ 4 ਕਰੋੜ ਨਾਲ ਪੁਲ ਬਣੇਗਾ, ਜਦਕਿ ਪੀਘਬੜੀ ਵਿੱਚ 6 ਕਰੋੜ ਦੀ ਲਾਗਤ ਨਾਲ ਵੱਡਾ ਪੁਲ ਤਿਆਰ ਕੀਤਾ ਜਾਵੇਗਾ। ਗੰਭੀਰਪੁਰ ਵਿੱਚ 1 ਕਰੋੜ ਨਾਲ ਢਾਂਚਾਗਤ ਸੁਧਾਰ ਕੀਤੇ ਜਾਣਗੇ ਅਤੇ ਬੇਲਾ ਧਿਆਨੀ ਵਿੱਚ 16 ਕਰੋੜ ਨਾਲ ਨਵਾਂ ਪੁਲ ਬਣੇਗਾ ਜੋ ਇਲਾਕਿਆਂ ਨੂੰ ਸਿੱਧਾ ਜੋੜੇਗਾ।
    ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਲਕੇ ਵਿੱਚ ਛੋਟੇ-ਵੱਡੇ ਪੁਲ ਅਤੇ ਪੁਲੀਆਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਪਿੰਡ ਬਿਨਾਂ ਸੰਪਰਕ ਤੋ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਨੂੰ ਵੀ 18 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਆਵਾਜਾਈ ਸੁਗਮ ਬਣ ਸਕੇ ਅਤੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਨਾਲ ਸਿੱਧੀ ਪਹੁੰਚ ਮਿਲੇ।
        ਸ੍ਰ.ਬੈਂਸ ਨੇ ਕਿਹਾ ਕਿ ਇਹ ਪੁਲ ਬਣਨ ਨਾਲ ਨਾ ਸਿਰਫ ਆਵਾਜਾਈ ਆਸਾਨ ਹੋਵੇਗੀ, ਸਗੋਂ ਇਲਾਕੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੀ ਵੱਡਾ ਬਲ ਮਿਲੇਗਾ। ਖਾਸ ਕਰਕੇ ਬੇਲਾ ਧਿਆਨੀ ਅਤੇ ਅਜੌਲੀ ਵਰਗੇ ਪਿੰਡਾਂ ਲਈ ਇਹ ਪ੍ਰੋਜੈਕਟ ਕਿਸਮਤ ਬਦਲਣ ਵਾਲਾ ਸਾਬਤ ਹੋਵੇਗਾ, ਕਿਉਂਕਿ ਲੋਕਾਂ ਨੂੰ ਹਾਈਵੇ ‘ਤੇ ਜਾਣ ਦੀ ਲੋੜ ਘੱਟ ਪਵੇਗੀ ਅਤੇ ਸਿੱਧੀ ਸੜਕ ਸਹੂਲਤ ਮਿਲੇਗੀ। ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਇੱਕੋ ਜਨੂੰਨ ਹੈ, ਆਪਣੀ ਧਰਤੀ ਲਈ ਕੰਮ ਕਰਨਾ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡੇ ਵਿਕਾਸੀ ਪ੍ਰੋਜੈਕਟ ਲਿਆਂਦੇ ਜਾਣਗੇ ਤਾਂ ਜੋ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਪੰਜਾਬ ਦਾ ਮਾਡਲ ਹਲਕਾ ਬਣਾਇਆ ਜਾ ਸਕੇ। 

Scroll to Top