Actionpunjab

Action Punjab Logo
Breaking News

ਹਰਜੋਤ ਸਿੰਘ ਬੈਂਸ ਵੱਲੋਂ ਸ਼ਹਿਰਾਂ ਵਿੱਚ ਜਾ ਕੇ ਸਫਾਈ ਮੁਹਿੰਮ ਦੀ ਅਗਵਾਈ, ਚਹੁੰ ਪਾਸਿਓਂ ਸ਼ਲਾਘਾ



ਨੰਗਲ 13 ਜੂਨ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਨੂੰ ਦੇਸ਼ ਦੇ ਸਭ ਤੋਂ ਸਾਫ-ਸੁਥਰੇ ਅਤੇ ਸੁੰਦਰ ਸ਼ਹਿਰਾਂ ਵਿੱਚ ਤਬਦੀਲ ਕਰਨ ਲਈ ਵੱਡੇ ਪੱਧਰ ‘ਤੇ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਨੂੰ ਸਫਾਈ ਦਾ ਮਾਡਲ ਬਣਾਉਣਾ ਹੈ, ਤਾਂ ਜੋ ਸੂਬੇ ਦੇ ਨਾਗਰਿਕਾਂ ਨੂੰ ਸਾਫ-ਸੁਥਰਾ ਅਤੇ ਤੰਦਰੁਸਤ ਵਾਤਾਵਰਣ ਮਿਲ ਸਕੇ। ਇਸ ਪਹਿਲ ਨਾਲ ਪੰਜਾਬ ਨੂੰ ਦੇਸ਼ ਦੇ ਸਫਾਈ ਮਾਡਲ ਵੱਜੋਂ ਪੇਸ਼ ਕਰਨ ਦਾ ਟੀਚਾ ਰੱਖਿਆ ਗਿਆ ਹੈ।
      ਸਥਾਨਕ ਸਰਕਾਰਾਂ ਮੰਤਰੀ ਸ.ਹਰਜੋਤ ਸਿੰਘ ਬੈਂਸ ਵੱਲੋਂ ਖੁਦ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਕੇ ਇਸ ਮੁਹਿੰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਦੀ ਚਹੁੰ ਪਾਸਿਓਂ ਸ਼ਲਾਘਾ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜੂ ਅਰੋੜਾ, ਸਾਗਰ ਸੋਬਤੀ ਅਤੇ ਨਵੀਨ ਛਾਬੜਾ ਨੇ ਕਿਹਾ ਕਿ ਜਦੋਂ ਤੋਂ ਸ. ਬੈਂਸ ਨੇ ਇਸ ਵਿਭਾਗ ਦੀ ਜਿੰਮੇਵਾਰੀ ਸੰਭਾਲੀ ਹੈ, ਸ਼ਹਿਰਾਂ ਦੀ ਨੁਹਾਰ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਹਰ ਨਗਰ ਵਿੱਚ ਵਿਆਪਕ ਸਫਾਈ ਅਭਿਆਨ ਚੱਲ ਰਿਹਾ ਹੈ, ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਵਿੱਚ ਸਹਾਇਕ ਸਾਬਤ ਹੋ ਰਿਹਾ ਹੈ।
       ਆਗੂਆਂ ਨੇ ਦੱਸਿਆ ਕਿ ਇਸ ਸਫਾਈ ਮਾਡਲ ਵਿੱਚ ਆਧੁਨਿਕ ਮਸ਼ੀਨਰੀ ਦੀ ਵਰਤੋਂ ਨੂੰ ਖਾਸ ਤਰਜੀਹ ਦਿੱਤੀ ਗਈ ਹੈ। ਮਾਡਲ ਮਸ਼ੀਨਾਂ ਨਾਲ ਘਾਹ-ਫੂਸ ਦੀ ਕਟਾਈ, ਸੁਪਰ-ਸਕਸ਼ਨ ਮਸ਼ੀਨਾਂ ਨਾਲ ਕੂੜੇ ਦੀ ਸਫਾਈ, ਸਕਰੱਬਰਜ਼ ਰਾਹੀਂ ਸੜਕਾਂ ਦੀ ਧੁਆਈ ਅਤੇ ਹੱਥੀਂ ਆਰਗੈਨਿਕ ਕੂੜੇ ਦੀ ਇਕੱਠੀ ਕਰਨ ਦੀ ਪ੍ਰਕਿਰਿਆ ਨੂੰ ਇਕੱਠੇ ਜੋੜਿਆ ਗਿਆ ਹੈ। ਇਹ ਪੂਰਾ ਸਿਸਟਮ ਹਫਤਾਵਾਰੀ ਤਹਿ ਕੀਤੇ ਗਏ ਸ਼ਡਿਊਲ ਅਨੁਸਾਰ ਚੱਲੇਗਾ, ਜਿਸ ਨਾਲ ਸਫਾਈ ਦੇ ਕੰਮ ਵਿੱਚ ਨਿਯਮਿਤਤਾ ਅਤੇ ਪ੍ਰਭਾਵਸ਼ੀਲਤਾ ਆਵੇਗੀ ਅਤੇ ਸੂਬੇ ਵਿੱਚ ਸਵੱਛਤਾ ਦੀ ਮਿਸਾਲ ਕਾਇਮ ਹੋਵੇਗੀ।
       ਉਨ੍ਹਾਂ ਹੋਰ ਕਿਹਾ ਕਿ ਸਫਾਈ ਕਰਮਚਾਰੀ ਇਸ ਮੁਹਿੰਮ ਦਾ ਕੇਂਦਰੀ ਹਿੱਸਾ ਹਨ ਅਤੇ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਮੰਤਰੀ ਹਰਜੋਤ ਸਿੰਘ ਬੈਂਸ ਦੇ ਅਨੁਸਾਰ ਮਸ਼ੀਨਾਂ ਭਾਰੀ ਕੰਮ ਨੂੰ ਸੰਭਾਲਣਗੀਆਂ, ਜਦਕਿ ਸਫਾਈ ਕਰਮਚਾਰੀ ਬਾਰੀਕੀ ਵਾਲੇ ਕੰਮ ਨੂੰ ਅੰਜਾਮ ਦੇਣਗੇ। ਇਹ ਪ੍ਰਣਾਲੀ ਸਿਰਫ ਕੰਮ ਦੀ ਗਤੀ ਨੂੰ ਤੇਜ਼ ਨਹੀਂ ਕਰੇਗੀ, ਸਗੋਂ ਕਰਮਚਾਰੀਆਂ ਦੀ ਮਿਹਨਤ ਨੂੰ ਵੀ ਘਟਾਏਗੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਕਰੇਗੀ। ਜਿਵੇਂ ਹੀ ਸੜਕਾਂ ਅਤੇ ਆਲੇ-ਦੁਆਲੇ ਦੇ ਖੇਤਰ ਸਾਫ ਹੋਣਗੇ, ਡੀਪ ਕਲੀਨਿੰਗ ਦੀ ਲੋੜ ਆਪਣੇ ਆਪ ਘਟਦੀ ਜਾਵੇਗੀ।
      ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੂੰ ਸੂਬੇ ਦੇ ਮਹੱਤਵਪੂਰਨ ਵਿਭਾਗਾਂ ਦੀ ਜਿੰਮੇਵਾਰੀ ਦਿੱਤੀ ਗਈ ਹੈ, ਜਿਸ ਨੂੰ ਉਹ ਪੂਰੀ ਨਿਸ਼ਠਾ ਅਤੇ ਮਿਹਨਤ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਬੈਂਸ ਨੇ ਪਹਿਲਾਂ ਸਿੱਖਿਆ ਖੇਤਰ ਵਿੱਚ ਇਤਿਹਾਸਕ ਬਦਲਾਅ ਲਿਆਏ ਹਨ, ਉਸੇ ਤਰ੍ਹਾਂ ਹੁਣ ਸ਼ਹਿਰਾਂ ਦੀ ਸਫਾਈ, ਸੁੰਦਰਤਾ ਅਤੇ ਵਿਕਾਸ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੁਹਿੰਮ ਨਾਲ ਨਾ ਸਿਰਫ ਸ਼ਹਿਰਾਂ ਦੀ ਦਿੱਖ ਸੁਧਰੇਗੀ, ਸਗੋਂ ਬਿਮਾਰੀਆਂ ਵਿੱਚ ਕਮੀ ਆਉਣ ਨਾਲ ਲੋਕਾਂ ਦੀ ਜ਼ਿੰਦਗੀ ਦੀ ਗੁਣਵੱਤਾ ਵਿੱਚ ਵੀ ਵੱਡਾ ਸੁਧਾਰ ਹੋਵੇਗਾ। 

Scroll to Top