Actionpunjab

Action Punjab Logo
Breaking News

ਸ੍ਰੀ ਚਮਕੌਰ ਸਾਹਿਬ ਵਿਖੇ ਗੰਨਾ ਕਾਸ਼ਤਕਾਰਾਂ ਲਈ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ



ਸ੍ਰੀ ਚਮਕੌਰ ਸਾਹਿਬ, 11 ਫਰਵਰੀ: ਪ੍ਰਬੰਧਕੀ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ. ਅਰਸ਼ਦੀਪ ਸਿੰਘ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਗੰਨਾ ਸਾਖਾ ਵੱਲੋਂ ਸਹਿਕਾਰੀ ਖੰਡ ਮਿਲ ਮੋਰਿੰਡਾ ਦੇ ਗੰਨਾ ਕਾਸ਼ਤਕਾਰਾਂ ਲਈ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਇੱਕ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਪੀ.ਏ.ਯੂ. ਲੁਧਿਆਣਾ ਦੇ ਗੰਨਾ ਬੀਜਨਲ ਰਿਸਰਚ ਸੈਂਟਰ ਕਪੂਰਥਲਾ ਅਤੇ ਸਹਿਕਾਰੀ ਖੰਡ ਮਿਲ ਮੋਰਿੰਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ।
 
ਕੈਂਪ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਸੁਚੱਜੀ ਕਾਸ਼ਤ ਲਈ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਦੋ ਕਤਾਰੀ ਖਾਲੀ ਵਿਧੀ ਨਾਲ ਚੇਤੀ ਬਿਜਾਈ, ਮੁੱਢੇ ਗੰਨੇ ਹੇਠ ਰਕਬਾ ਵਧਾਉਣ ਅਤੇ ਉਸ ਦੀ ਸੰਭਾਲ, ਬਸੰਤ ਰੁੱਤ ਵਿੱਚ ਉੱਤਮ ਕਿਸਮਾਂ ਦੀ ਵਿਉਂਤਬੰਦੀ, ਕੀਟ ਪ੍ਰਬੰਧਨ, ਜੈਵਿਕ ਖਾਦਾਂ ਅਤੇ ਰੁੜੀ ਦੀ ਵਰਤੋਂ ਅਤੇ ਲੇਬਰ ਦੀ ਸਮੱਸਿਆ ਦੇ ਹੱਲ ਲਈ ਕੇਨ ਹਾਰਵੈਸਟਰ ਦੀ ਵਰਤੋਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
 
ਇਸ ਮੌਕੇ ਸੀਨੀਅਰ ਕੀਟ ਵਿਗਿਆਨੀ ਡਾ. ਯੁਵਰਾਜ ਸਿੰਘ ਨੇ ਗੰਨੇ ਦੇ ਹਾਨੀਕਾਰਕ ਕੀੜੇ-ਮਕੌੜਿਆਂ ਅਤੇ ਉਨ੍ਹਾਂ ਦੇ ਸੁਚੱਜੇ ਪ੍ਰਬੰਧਨ ਬਾਰੇ ਦੱਸਿਆ। ਖੇਤੀ ਵਿਗਿਆਨੀ ਡਾ. ਜਸ਼ਨਜੋਤ ਕੌਰ ਨੇ ਵੱਧ ਝਾੜ ਪ੍ਰਾਪਤ ਕਰਨ ਲਈ ਵਿਗਿਆਨਕ ਤਰੀਕਿਆਂ, ਅੰਤਰ ਫਸਲਾਂ ਅਤੇ ਨਦੀਨ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਬਾਇਓਕੈਮਿਸਟ ਡਾ. ਇੰਦਰਪਾਲ ਕੌਰ ਨੇ ਗੰਨੇ ਤੋਂ ਵੱਧ ਰਿਕਵਰੀ ਅਤੇ ਉੱਤਮ ਗੁੜ ਤਿਆਰ ਕਰਨ ਲਈ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ।
 
ਇਸ ਮੌਕੇ ਸਹਾਇਕ ਗੰਨਾ ਵਿਕਾਸ ਅਫਸਰ ਲੁਧਿਆਣਾ ਡਾ. ਜਸਵਿੰਦਰ ਸਿੰਘ ਨੇ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਗੰਨੇ ਦੀਆਂ ਕਿਸਮਾਂ ਜਿਵੇਂ ਸੀ.ਓ.ਪੀ.ਬੀ-95, ਸੀ.ਓ.ਪੀ.ਬੀ-92, ਸੀ.ਓ.ਜੇ.-85, ਸੀ.ਓ.-118, ਸੀ.ਓ.-15023 ਆਦਿ ਅਤੇ ਸੀ.ਆਰ.ਵੀ.ਸੀ. ਵੱਲੋਂ ਸਿਫਾਰਸ਼ ਅਗੇਤੀਆਂ ਅਤੇ ਪਿਛੇਤੀਆਂ ਕਿਸਮਾਂ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ।
 
ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਵਿੱਚ ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਕੇਨ ਹਾਰਵੈਸਟਰ ਅਤੇ ਟ੍ਰੇਂਚ ਪਲਾਂਟਰ ਵਰਗੀ ਮਸ਼ੀਨਰੀ ਦੀ ਸੁਚੱਜੀ ਵਰਤੋਂ ਲਈ ਦੋ ਕਤਾਰੀ ਚੌੜੀ ਵਿਧੀ ਨਾਲ 4 ਫੁੱਟ ਦੇ ਫਾਸਲੇ ਤੇ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਫਰਵਰੀ-ਮਾਰਚ ਮਹੀਨੇ ਗੰਨੇ ਦੀ ਬਿਜਾਈ ਲਈ ਸਭ ਤੋਂ ਢੁਕਵੇਂ ਹਨ ਅਤੇ ਇਸ ਸਮੇਂ ਉੱਤਮ ਕਿਸਮਾਂ ਦੀ ਬਿਜਾਈ ਕਰਕੇ ਪੈਦਾਵਾਰ ਅਤੇ ਖੰਡ ਰਿਕਵਰੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਟ੍ਰੇਂਚ ਵਿਧੀ ਅਪਣਾਕੇ ਅੰਤਰ ਫਸਲਾਂ ਰਾਹੀਂ ਆਮਦਨ ਵਧਾਉਣ ਲਈ ਪ੍ਰੇਰਿਤ ਕੀਤਾ।
 
ਇਸ ਕੈਂਪ ਦੇ ਅੰਤ ਵਿੱਚ ਉਪ ਚੇਅਰਮੈਨ, ਸਹਿਕਾਰੀ ਖੰਡ ਮਿਲ ਮੋਰਿੰਡਾ ਸੁਰਿੰਦਰ ਸਿੰਘ ਨੇ ਪਹੁੰਚੇ ਕਿਸਾਨਾਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਮੁੱਖ ਗੰਨਾ ਵਿਕਾਸ ਅਫਸਰ ਰਵਿੰਦਰ ਸਿੰਘ ਨੇ ਕੀਤਾ। ਇਸ ਮੌਕੇ ਡਾਇਰੈਕਟਰ ਸਹਿਕਾਰੀ ਖੰਡ ਮਿਲ ਮੋਰਿੰਡਾ ਸ. ਰਣਧੀਰ ਸਿੰਘ ਅਤੇ ਇਲਾਕੇ ਦੇ ਅਗਾਹਵਧੂ ਕਿਸਾਨ ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਕੁਲਵੰਤ ਸਿੰਘ, ਬਹਾਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ। 
Scroll to Top