Actionpunjab

Action Punjab Logo
Breaking News

ਸ਼ੋਰ ਪ੍ਰਦੂਸ਼ਣ ਸਬੰਧੀ ਨਿਯਮਾਂ ਦੀ ਉਲੰਘਣਾ 'ਤੇ ਹੋਵੇਗੀ ਸਖ਼ਤ ਕਾਰਵਾਈ



ਸੰਗਰੂਰ, 04 ਅਪ੍ਰੈਲ
ਸ਼ਹਿਰ ਵਿੱਚ ਲਾਊਡਸਪੀਕਰਾਂ ਰਾਹੀਂ ਪੈਦਾ ਹੋ ਰਹੇ ਸ਼ੋਰ ਪ੍ਰਦੂਸ਼ਣ ਸਬੰਧੀ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਉਪ-ਮੰਡਲ ਮੈਜਿਸਟ੍ਰੇਟ ਸੰਗਰੂਰ ਸਤੀਸ਼ ਚੰਦਰ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਡੀ.ਐਸ.ਪੀ. ਸੰਗਰੂਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪ੍ਰਤੀਨਿਧੀ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਹਾਜ਼ਰੀ ਭਰੀ ਗਈ।
ਮੀਟਿੰਗ ਦੌਰਾਨ ਲਾਊਡਸਪੀਕਰਾਂ ਦੀ ਵਰਤੋਂ ਕਾਰਨ ਪੈਦਾ ਹੋ ਰਹੇ ਸ਼ੋਰ ਪ੍ਰਦੂਸ਼ਣ ਸਬੰਧੀ ਆਮ ਅਤੇ ਵਿਸ਼ੇਸ਼ ਸ਼ਿਕਾਇਤਾਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਉਪ-ਮੰਡਲ ਮੈਜਿਸਟ੍ਰੇਟ ਵੱਲੋਂ ਦੱਸਿਆ ਗਿਆ ਕਿ ਉੱਚ ਧੁਨੀ ਤੀਵਰਤਾ ਕਾਰਨ ਆਵਾਜ਼ ਦੂਰ-ਦੂਰ ਤੱਕ ਫੈਲਦੀ ਹੈ, ਜਿਸ ਨਾਲ ਨੇੜਲੇ ਰਹਾਇਸ਼ੀ ਇਲਾਕਿਆਂ ਵਿੱਚ ਰਹਿੰਦੇ ਬਜ਼ੁਰਗਾਂ, ਬਿਮਾਰ ਵਿਅਕਤੀਆਂ ਅਤੇ ਵਿਦਿਆਰਥੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਨਤਕ ਸ਼ਾਂਤੀ ਪ੍ਰਭਾਵਿਤ ਹੁੰਦੀ ਹੈ।
ਇਸ ਮੌਕੇ ‘ਤੇ Environment (Protection) Act, 1986 ਅਤੇ Noise Pollution (Regulation and Control) Rules, 2000 ਤਹਿਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਰਾਤ 10:00 ਵਜੇ ਤੋਂ ਸਵੇਰੇ 6:00 ਵਜੇ ਤਕ ਲਾਊਡਸਪੀਕਰ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਮਨਾਹੀ ਹੈ, ਲਾਊਡਸਪੀਕਰ ਦੀ ਵਰਤੋਂ ਲਈ ਸੰਬੰਧਿਤ ਅਥਾਰਟੀ ਤੋਂ ਅਗਾਊਂ ਅਨੁਮਤੀ ਲੈਣੀ ਲਾਜ਼ਮੀ ਹੈ, ਦਿਨ ਦੇ ਸਮੇਂ ਨਿਰਧਾਰਤ ਸ਼ੋਰ ਮਿਆਰਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ ਅਤੇ ਹਸਪਤਾਲਾਂ, ਸਕੂਲਾਂ ਅਤੇ ਅਦਾਲਤਾਂ ਦੇ ਨੇੜਲੇ ਖੇਤਰਾਂ ਵਿੱਚ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ।
ਮੀਟਿੰਗ ਦੌਰਾਨ ਹਾਜ਼ਰ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਇਹ ਭਰੋਸਾ ਦਿਵਾਇਆ ਗਿਆ ਕਿ ਉਹ ਭਵਿੱਖ ਵਿੱਚ ਲਾਊਡਸਪੀਕਰ ਦੀ ਵਰਤੋਂ ਸਬੰਧੀ ਸਾਰੇ ਲਾਗੂ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਗੇ ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।
ਅੰਤ ਵਿੱਚ ਉਪ-ਮੰਡਲ ਮੈਜਿਸਟ੍ਰੇਟ ਸਤੀਸ਼ ਚੰਦਰ ਵੱਲੋਂ ਸਾਰੇ ਸੰਬੰਧਿਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਕਿ ਜਨਤਕ ਸ਼ਾਂਤੀ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸ਼ੋਰ ਪ੍ਰਦੂਸ਼ਣ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਇਸ ਦੇ ਨਾਲ ਹੀ ਇਹ ਫੈਸਲਾ ਵੀ ਲਿਆ ਗਿਆ ਕਿ ਪੁਲਿਸ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਮੇਂ-ਸਮੇਂ ‘ਤੇ ਮੌਕੇ ‘ਤੇ ਨਿਰੀਖਣ ਅਤੇ ਮਾਨੀਟਰਿੰਗ ਕੀਤੀ ਜਾਵੇਗੀ ਅਤੇ ਕਿਸੇ ਵੀ ਉਲੰਘਣਾ ਦੀ ਸੂਰਤ ਵਿੱਚ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।  

Scroll to Top