Actionpunjab

Action Punjab Logo
Breaking News

ਕਿਸੇ ਵੀ ਇਨਸਾਨ ਦੇ ਕਿਰਦਾਰ ਦਾ ਪਤਾ ਮੁਸੀਬਤ ਦੇ ਸਮੇਂ ਲੱਗਦਾ ਹੈ, ਸੰਜੀਵ ਅਰੋੜਾ ਦੀ ਹਿੰਮਤ ਨੂੰ ਸਲਾਮ- ਕੇਜਰੀਵਾਲ



ਨਵੀਂ ਦਿੱਲੀ, 10 ਮਈ- ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਇੱਕ ਫਰਜ਼ੀ ਕੇਸ ਵਿੱਚ ਗ੍ਰਿਫ਼ਤਾਰ ਕਰਨ ਨੂੰ ਪੰਜਾਬ ਦੇ ਲੋਕਾਂ ਦੇ ਭਰੋਸੇ, ਵਿਕਾਸ ਅਤੇ ਭਵਿੱਖ ਨਾਲ ਧੋਖਾ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਹੋਰਨਾਂ ਆਗੂਆਂ ਨੇ ਸੰਕਟ ਦੀ ਇਸ ਘੜੀ ਵਿੱਚ ਵੀ ਸੰਜੀਵ ਅਰੋੜਾ ਦੇ ਅਡੋਲ ਰਹਿਣ ਅਤੇ ਭਾਜਪਾ ਵਿੱਚ ਸ਼ਾਮਲ ਨਾ ਹੋਣ ਦੇ ਫੈਸਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ‘ਐਕਸ’ (X) ‘ਤੇ ਕਿਹਾ ਕਿ ਕਿਸੇ ਵੀ ਇਨਸਾਨ ਦੇ ਕਿਰਦਾਰ ਦਾ ਪਤਾ ਮੁਸੀਬਤ ਦੇ ਸਮੇਂ ਲੱਗਦਾ ਹੈ। ਸੰਜੀਵ ਅਰੋੜਾ ਨੇ ਭਾਜਪਾ ਵਿੱਚ ਜਾਣ ਦੀ ਬਜਾਏ ਜੇਲ੍ਹ ਜਾਣਾ ਪਸੰਦ ਕੀਤਾ। ਸੰਜੀਵ ਅਰੋੜਾ ਦੀ ਹਿੰਮਤ ਨੂੰ ਸਲਾਮ ਹੈ।

‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੰਜੀਵ ਅਰੋੜਾ ਇੱਕ ਅਜਿਹੇ ਆਗੂ ਹਨ ਜੋ ਨਾ ਸਿਰਫ਼ ਇਮਾਨਦਾਰ ਅਤੇ ਮਿਹਨਤੀ ਹਨ, ਸਗੋਂ ਪੰਜਾਬ ਲਈ ਉਨ੍ਹਾਂ ਕੋਲ ਇੱਕ ਸਪਸ਼ਟ ਵਿਜ਼ਨ, ਡੂੰਘੀ ਸਮਝ ਅਤੇ ਬਦਲਾਅ ਦਾ ਜਨੂੰਨ ਵੀ ਹੈ। ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਲਿਆਉਣ ਲਈ ਜਿਸ ਗੰਭੀਰਤਾ ਅਤੇ ਰਫ਼ਤਾਰ ਨਾਲ ਕੰਮ ਕੀਤਾ, ਉਸ ਦੀ ਅੱਜ ਹਰ ਪਾਸੇ ਚਰਚਾ ਹੈ। ਪੰਜਾਬ ਦੇ ਕਿਸੇ ਵੀ ਉਦਯੋਗਪਤੀ ਤੋਂ ਪੁੱਛ ਲਓ- ਸ਼ਾਇਦ ਹੀ ਕੋਈ ਅਜਿਹਾ ਮਿਲੇ ਜੋ ਸੰਜੀਵ ਅਰੋੜਾ ਦੀ ਉਦਯੋਗਿਕ ਨੀਤੀ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਦੀ ਤਾਰੀਫ਼ ਨਾ ਕਰਦਾ ਹੋਵੇ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰਾਂ ਨੂੰ ਸਾਫ਼-ਸੁਥਰਾ ਅਤੇ ਵਿਵਸਥਿਤ ਬਣਾਉਣ ਲਈ ਵੱਡੇ ਪੱਧਰ ‘ਤੇ ਕੰਮ ਸ਼ੁਰੂ ਕੀਤਾ। ਸਟਰੀਟ ਲਾਈਟਾਂ ਨਾਲ ਸ਼ਹਿਰਾਂ ਨੂੰ ਰੁਸ਼ਨਾਉਣ, ਸੜਕਾਂ ਅਤੇ ਗਲੀਆਂ ਵਿੱਚ ਫੈਲੇ ਬਿਜਲੀ ਦੀਆਂ ਤਾਰਾਂ ਦੇ ਜਾਲ ਨੂੰ ਵਿਵਸਥਿਤ ਕਰਨ ਅਤੇ ਆਧੁਨਿਕ ਅਰਬਨ ਇੰਫਰਾਸਟਰਕਚਰ ਖੜ੍ਹਾ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ। ਹਾਲ ਹੀ ਵਿੱਚ ਪਿੰਡਾਂ ਅਤੇ ਖੇਤਾਂ ਵਿੱਚ ਫੈਲੀਆਂ ਨੰਗੀਆਂ ਬਿਜਲੀ ਦੀਆਂ ਤਾਰਾਂ ਨੂੰ ਅੰਡਰ-ਗਰਾਊਂਡ ਕਰਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਹਿਮ ਯੋਜਨਾ ਨੂੰ ਜ਼ਮੀਨ ‘ਤੇ ਉਤਾਰਨ ਦੀ ਜ਼ਿੰਮੇਵਾਰੀ ਵੀ ਸੰਜੀਵ ਅਰੋੜਾ ਹੀ ਪੂਰੀ ਮਿਹਨਤ ਅਤੇ ਵਚਨਬੱਧਤਾ ਨਾਲ ਨਿਭਾ ਰਹੇ ਸਨ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਭਾਜਪਾ ਅਜਿਹੇ ਮਿਹਨਤੀ, ਨਤੀਜੇ ਦੇਣ ਵਾਲੇ ਅਤੇ ਵਿਜ਼ਨਰੀ ਆਗੂ ਨੂੰ ਝੂਠੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਦੀ ਹੈ, ਤਾਂ ਇਹ ਮਾਮਲਾ ਸਿਰਫ਼ ਇੱਕ ਆਗੂ ਨੂੰ ਪਰੇਸ਼ਾਨ ਕਰਨ ਦਾ ਨਹੀਂ ਰਹਿ ਜਾਂਦਾ, ਸਗੋਂ ਇਹ ਪੰਜਾਬ ਦੀ ਜਨਤਾ ਦੇ ਭਰੋਸੇ, ਪੰਜਾਬ ਦੇ ਵਿਕਾਸ ਅਤੇ ਪੰਜਾਬ ਦੇ ਭਵਿੱਖ ਨਾਲ ਧੋਖਾ ਬਣ ਜਾਂਦਾ ਹੈ। ਅਤੇ ਪੰਜਾਬੀ ਆਪਣੇ ਨਾਲ ਤਾਂ ਕੀ, ਕਿਸੇ ਦੂਜੇ ਨਾਲ ਧੋਖਾ ਕਰਨ ਵਾਲੇ ਨੂੰ ਵੀ ਸਬਕ ਸਿਖਾਉਣਾ ਜਾਣਦੇ ਹਨ। 

Scroll to Top