Actionpunjab

Action Punjab Logo
Breaking News

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ; ਅੱਤ ਦੀ ਗਰਮੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਸਵੇਰੇ 7:30 ਵਜੇ ਕੀਤਾ



*ਚੰਡੀਗੜ੍ਹ; 22 ਮਈ:* ਭਿਆਨਕ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਹੈ। ਵਡੇਰੇ ਜਨਤਕ ਹਿੱਤ ਵਿੱਚ ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਮੌਜੂਦਾ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਦੀ ਬਜਾਏ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ।
ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬਦਲਿਆ ਹੋਇਆ ਸਮਾਂ 25 ਮਈ ਤੋਂ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ, “ਇਹ ਫੈਸਲਾ ਆਮ ਲੋਕਾਂ ਦੀ ਸਹੂਲਤ ਲਈ ਲਿਆ ਗਿਆ ਹੈ ਤਾਂ ਜੋ ਉਹ ਪੂਰੇ ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਆਸਾਨੀ ਨਾਲ ਆਪਣੇ ਕੰਮ ਕਰਵਾ ਸਕਣ। ਹਰ ਕਿਸੇ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਭਾਈਵਾਲਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਬਦਲੇ ਹੋਏ ਸਮੇਂ ਨਾਲ ਲੋਕ ਆਪਣੇ ਕੰਮ ਤੋਂ ਛੁੱਟੀ ਲਏ ਬਿਨਾਂ ਸਵੇਰੇ-ਸਵੇਰੇ ਆਪਣੇ ਸਰਕਾਰੀ ਕੰਮ ਪੂਰੇ ਕਰ ਸਕਣਗੇ। ਉਨ੍ਹਾਂ ਕਿਹਾ, “ਇਸ ਕਦਮ ਨਾਲ ਮੁਲਾਜ਼ਮਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ, ਕਿਉਂਕਿ ਉਹ ਦਿਨ ਵੇਲੇ ਤਾਪਮਾਨ ਵਧਣ ਤੋਂ ਪਹਿਲਾਂ ਆਪਣੀ ਡਿਊਟੀ ਖ਼ਤਮ ਕਰ ਸਕਣਗੇ।”
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਹੁਣ ਮੁਲਾਜ਼ਮਾਂ ਨੂੰ ਆਪਣੇ ਬੱਚਿਆਂ ਨਾਲ ਬਿਤਾਉਣ ਲਈ ਵਧੇਰੇ ਸਮਾਂ ਮਿਲੇਗਾ, ਜੋ ਕਿ ਸਕੂਲਾਂ ਅਤੇ ਕਾਲਜਾਂ ਦੇ ਬਦਲੇ ਹੋਏ ਸਮੇਂ ਕਾਰਨ ਲਗਭਗ ਉਸੇ ਸਮੇਂ ਘਰ ਪਰਤਣਗੇ। ਉਨ੍ਹਾਂ ਕਿਹਾ, “ਇਹ ਫੈਸਲਾ ਪੰਜਾਬ ਸਰਕਾਰ ਦੀ ਲੋਕ-ਪੱਖੀ ਪਹੁੰਚ ਅਤੇ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਨਵਾਂ ਸਮਾਂ ਸੂਬੇ ਭਰ ਦੇ ਸਕੂਲਾਂ ਤੇ ਕਾਲਜਾਂ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ‘ਤੇ ਲਾਗੂ ਹੋਵੇਗਾ। ਉਨ੍ਹਾਂ ਅੱਗੇ ਕਿਹਾ, “ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ.) ਦੇ ਅੰਕੜਿਆਂ ਅਨੁਸਾਰ  ਬਿਜਲੀ ਦਾ ਪੀਕ ਲੋਡ ਦੁਪਹਿਰ 1:00 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ, ਇਸ ਲਈ ਦਫ਼ਤਰਾਂ ਦਾ ਨਵਾਂ ਸਮਾਂ ਬਿਜਲੀ ਦੀ ਖਪਤ ਨੂੰ ਘਟਾਉਣ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ‘ਤੇ ਦਬਾਅ ਨੂੰ ਘੱਟ ਕਰਨ ਵਿੱਚ ਵੀ ਮਦਦ ਕਰੇਗਾ।”
ਸਮਾਜ ਦੇ ਹਰ ਵਰਗ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਜਨਤਕ ਸਹੂਲਤਾਂ ਦੀ ਰਾਖੀ ਅਤੇ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। 

Scroll to Top