Actionpunjab

Action Punjab Logo
Breaking News

Author name: Action Punjab

Action Punjab
Punjab

ਵਿਸ਼ਵ ਲਿਵਰ ਦਿਵਸ 2026: ‘ਦ ਲੈਂਸੇਟ’ ਨੇ ਵਿਸ਼ਵ ਪੱਧਰ ‘ਤੇ ਲਿਵਰ ਬੀਮਾਰੀਆਂ ਵਿੱਚ ਵਾਧੇ ਦੀ ਚੇਤਾਵਨੀ ਦਿੱਤੀ, ਪੰਜਾਬ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਤਿਆਰੀ ਤੇਜ਼ ਕੀਤੀ, ਸਕ੍ਰੀਨਿੰਗ ਦਾ ਵਿਸਥਾਰ

 ਚੰਡੀਗੜ੍ਹ,18 ਅਪ੍ਰੈਲ 2026: ਦੁਨੀਆ ਭਰ ਵਿੱਚ 19 ਅਪ੍ਰੈਲ ਨੂੰ ‘ਸਾਲਿਡ ਹੈਬਿਟਸ, ਸਟ੍ਰਾਂਗ ਲਿਵਰ’ (‘ਸਿਹਤਮੰਦ ਆਦਤਾਂ, ਸਿਹਤਮੰਦ ਲਿਵਰ ’) ਦੇ ਥੀਮ ਉੱਤੇ ਮਨਾਏ ਜਾਣ ਵਾਲੇ ਵਿਸ਼ਵ ਲਿਵਰ ਦਿਵਸ ਦੇ ਮੌਕੇ, ‘ਦ ਲੈਂਸੇਟ’ ਦੀ ਇੱਕ ਚੇਤਾਵਨੀ ਨੇ ਲਿਵਰ ਬੀਮਾਰੀਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਿਸ਼ਵ ਪੱਧਰੀ ਵਾਧੇ ਨੂੰ ਉਜਾਗਰ ਕੀਤਾ ਹੈ। ਰਿਪੋਰਟ ਮੁਤਾਬਕ ‘ਮੈਟਾਬੋਲਿਕ ਡਿਸਫੰਕਸ਼ਨ-ਅਸੋਸੀਏਟਿਡ ਸਟੀਏਟੋਟਿਕ ਲਿਵਰ ਡਿਜ਼ੀਜ਼’(ਐਮਏਐਸਐਲਡੀ)  ਦੇ ਮਾਮਲਿਆਂ ਵਿੱਚ 2050 ਤੱਕ ਤੇਜ਼ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਚਿੰਤਾਜਨਕ ਸਥਿਤੀ ਦੇ ਦਰਮਿਆਨ, ਪੰਜਾਬ ਇਸ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਨ ਲਈ ਅੱਗੇ ਵੱਧ ਰਿਹਾ ਹੈ। ਰਾਜ ਨੇ ਵਿਸਥਾਰਿਤ ਸਕ੍ਰੀਨਿੰਗ ਅਤੇ ਕੈਸ਼ਲੈੱਸ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਆਪਣੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਉਹ ਆਧੁਨਿਕ ਜੀਵਨਸ਼ੈਲੀ ਨਾਲ ਜੁੜੀ ਇਸ ਤੇਜ਼ੀ ਨਾਲ ਵਧ ਰਹੀ ‘ਮੂਕ ਮਹਾਂਮਾਰੀ’ ਖ਼ਿਲਾਫ਼ ਭਾਰਤ ਦੀ ਲੜਾਈ ਵਿੱਚ ਅਗੇਤਰੀ ਭੂਮਿਕਾ ਨਿਭਾਅ ਰਿਹਾ ਹੈ। ਦੁਨੀਆ ਭਰ ਵਿੱਚ ਲਿਵਰ ਸਬੰਧੀ ਬੀਮਾਰੀਆਂ ਇੱਕ ‘ਮੂਕ ਮਹਾਂਮਾਰੀ’ ਵਜੋਂ ਉੱਭਰ ਰਹੀਆਂ ਹਨ। ਸਿਹਤ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਲਗਭਗ ਹਰ ਤਿੰਨ ਵਿੱਚੋਂ ਇੱਕ ਬਾਲਿਗ ਵਿਅਕਤੀ ਇਸ ਨਾਲ ਪ੍ਰਭਾਵਿਤ ਹੈ। ਇਹ ਐਸੀ ਬੀਮਾਰੀ ਹੈ ਜਿਸ ਦੇ ਲੱਛਣ ਅਕਸਰ ਉਸ ਵੇਲੇ ਸਾਹਮਣੇ ਆਉਂਦੇ ਹਨ ਜਦੋਂ ਗੰਭੀਰ ਨੁਕਸਾਨ ਹੋ ਚੁੱਕਾ ਹੁੰਦਾ ਹੈ। ‘ਦ ਲੈਂਸੇਟ’ ਦਾ ਅਧਿਐਨ ਚੇਤਾਵਨੀ ਦਿੰਦਾ ਹੈ ਕਿ ਮਰੀਜ਼ਾਂ ਦੀ ਗਿਣਤੀ 2023 ਵਿੱਚ 1.3 ਅਰਬ ਤੋਂ ਵੱਧ ਕੇ 2050 ਤੱਕ 1.8 ਅਰਬ ਹੋ ਸਕਦੀ ਹੈ, ਜੋ ਕਿ 42 ਫੀਸਦੀ ਵਾਧੇ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਵੀ ਇਸੇ ਤਰ੍ਹਾਂ ਦਾ ਰੁਝਾਨ ਵੇਖਿਆ ਜਾ ਰਿਹਾ ਹੈ, ਖ਼ਾਸ ਕਰਕੇ ਸ਼ਹਿਰੀ ਅਬਾਦੀ ਅਤੇ ਉੱਚ-ਖ਼ਤਰਾ ਸਮੂਹਾਂ ਵਿੱਚ ਇਹ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬ ਵਿੱਚ ਡਾਕਟਰਾਂ ਦੇ ਮੁਤਾਬਕ ‘ਹੈਪੇਟਾਈਟਿਸ-ਸੀ’ ਇਨਫੈਕਸ਼ਨ, ਸ਼ਰਾਬ ਦੀ ਵਰਤੋਂ ਅਤੇ ਬਦਲ ਰਹੀਆਂ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ,ਸਥਿਤੀ ਹੋਰ ਗੰਭੀਰ ਹੋ ਰਹੀ ਹੈ। ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲਿਆਰੀ ਸਾਇੰਸਜ਼(ਪੀਆਈਐਲਬੀਐਸ) ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਕਿਹਾ,“ਭਾਰਤ ਵਿੱਚ ਲਿਵਰ ਦੇ ਗੰਭੀਰ ਰੋਗਾਂ ਦੇ ਮੁੱਖ ਕਾਰਨਾਂ  ਵਿੱਚ ਸ਼ਰਾਬ ਇੱਕ ਵੱਡਾ ਕਾਰਨ ਹੈ ਅਤੇ ਇਹ ਵਾਇਰਲ ਹੈਪੇਟਾਈਟਿਸ ਨਾਲ ਮਿਲ ਕੇ ਹਾਲਤ ਨੂੰ ਹੋਰ ਵੀ ਖਰਾਬ ਕਰ ਦਿੰਦੀ ਹੈ। ਫੈੱਟੀ ਲਿਵਰ ਡਿਜ਼ੀਜ਼ ਹੁਣ ਸ਼ਰਾਬ ਅਤੇ ਹੈਪੇਟਾਈਟਿਸ-ਸੀ ਦੇ ਨਾਲ ਇੱਕ ਮੁੱਖ ਕਾਰਨ ਵਜੋਂ ਉੱਭਰ  ਰਹੀ ਹੈ। ਅਲਟਰਾ-ਪ੍ਰੋਸੈਸਡ ਖਾਣਾ, ਤਲੀਆਂ ਹੋਈਆਂ ਚੀਜ਼ਾਂ ਅਤੇ ਟ੍ਰਾਂਸ- ਫੈਟਸ ਦਾ ਲੰਬੇ ਸਮੇਂ ਤੱਕ ਸੇਵਨ ਸਮੱਸਿਆ ਨੂੰ ਵਧਾ ਰਿਹਾ ਹੈ।” ਡਾਕਟਰ ਇੱਕ ਚਿੰਤਾਜਨਕ ਬਦਲਾਅ ਵੀ ਦੇਖ ਰਹੇ ਹਨ ਕਿ ਘੱਟ ਉਮਰ ਦੇ ਮਰੀਜ਼ਾਂ ਵਿੱਚ ਲਿਵਰ ਦੀਆਂ ਬੀਮਾਰੀਆਂ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ਇਸ ਦਾ ਮੁੱਖ ਕਾਰਨ ਸ਼ਰਾਬ ਦਾ ਵਧਦਾ ਸੇਵਨ ਅਤੇ ਹੈਪੇਟਾਈਟਿਸ-ਸੀ ਦਾ ਫੈਲਾਅ ਹੈ, ਜੋ ਰਾਜ ਵਿੱਚ ਬਦਲ ਰਹੀਆਂ ਜੀਵਨਸ਼ੈਲੀ ਅਤੇ ਵਿਵਹਾਰਕ ਰੁਝਾਨਾਂ ਨੂੰ ਦਰਸਾਉਂਦਾ ਹੈ। ਸਿਹਤ ਸੇਵਾਵਾਂ ਬਾਰੇ ਉਨ੍ਹਾਂ ਨੇ ਦੱਸਿਆ,” ਪੰਜਾਬ ਨੇ ਆਪਣੀ ਰੈਫਰਲ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਲਿਵਰ ਬੀਮਾਰੀਆਂ ਦੀ ਪਹਿਲਾਂ ਨਾਲੋਂ ਜਲਦੀ ਪਛਾਣ ਹੋ ਰਹੀ ਹੈ। ਪਿੰਡਾਂ ਵਿੱਚ ਸਕ੍ਰੀਨਿੰਗ ਅਤੇ ਵਿਸ਼ੇਸ਼ਗਿਆ ਸੇਵਾਵਾਂ ਤੱਕ ਪਹੁੰਚ ਵੀ ਸੁਧਰੀ ਹੈ, ਹਾਲਾਂਕਿ ਫੈੱਟੀ ਲਿਵਰ ਦੀ ‘ਮੂਕ’ ਪ੍ਰਕਿਰਤੀ ਕਾਰਨ ਦੇਰ ਨਾਲ ਪਛਾਣ ਦੀ ਸਮੱਸਿਆ ਅਜੇ ਵੀ ਮੌਜੂਦ ਹੈ।” ਵਿੱਤੀ ਅਤੇ ਪਹੁੰਚ ਨਾਲ ਜੁੜੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ, ਰਾਜ ਨੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਕਵਰੇਜ ਦਾ ਵਿਸਥਾਰ ਕੀਤਾ ਹੈ, ਜੋ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ  ਇਲਾਜ ਪ੍ਰਦਾਨ ਕਰਦੀ ਹੈ। ਡਾ. ਸਿੰਘ ਦੱਸਦੇ ਹਨ ਕਿ ਮਰੀਜ਼ ਦੇ ਭਰਤੀ ਹੋਣ ’ਤੇ, ਜ਼ਿਆਦਾਤਰ ਟੈਸਟ ਅਤੇ ਦਵਾਈਆਂ ਇਸ ਯੋਜਨਾ ਦੇ ਅਧੀਨ ਕਵਰ ਹੁੰਦੀਆਂ ਹਨ, ਜਿਸ ਨਾਲ ਮਰੀਜ਼ ਦਾ ਜੇਬ ਤੋਂ ਹੋਣ ਵਾਲਾ ਖ਼ਰਚ ਘੱਟ ਹੁੰਦਾ ਹੈ। ਇਸ ਯੋਜਨਾ ਵਿੱਚ ਜਾਂਚ, ਹਸਪਤਾਲ ਵਿੱਚ ਦਾਖ਼ਲਾ ਅਤੇ ਵਿਸ਼ੇਸ਼ਗਿਆ ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਨੇ ਕਈ ਮਰੀਜ਼ਾਂ ਨੂੰ ਬਿਹਤਰ ਇਲਾਜ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ ਅਤੇ ਇਹ ਕਈ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਨਿਰਣਾਇਕ ਸਾਬਤ ਹੋਈ ਹੈ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਕਿਹਾ, “ਇਹ ਯੋਜਨਾ ਜੇਬ ਤੋਂ ਹੋਣ ਵਾਲੇ ਖਰਚ ਨੂੰ ਘਟਾਉਂਦੀ ਹੈ , ਇਸਦੇ ਨਾਲ ਹੀ ਰੋਗ ਦੀ ਪਛਾਣ ਅਤੇ ਇਲਾਜ ਵਿੱਚ ਹੋਣ ਵਾਲੀ ਦੇਰੀ ਨੂੰ ਰੋਕਦੀ ਹੈ।” ਜਨਤਕ ਸਿਹਤ ਪ੍ਰੋਗਰਾਮਾਂ ਹੇਠ ਵਿਸਥਾਰਿਤ ਸਕ੍ਰੀਨਿੰਗ ਨਾਲ, ਸ਼ੁਰੂਆਤੀ ਪਛਾਣ ਵਿੱਚ ਸੁਧਾਰ ਹੋਣ ਅਤੇ ਬੀਮਾਰੀ  ਦੀ ਪ੍ਰਗਤੀ ਨੂੰ ਧੀਮਾ ਕਰਨ ਦੀ ਉਮੀਦ ਹੈ।  ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲਿਵਰ ਡਿਜ਼ੀਜ਼ ਦੇ ਸ਼ੁਰੂਆਤੀ ਪੜਾਅ ਨੂੰ ਜੀਵਨਸ਼ੈਲੀ ਦੇ ਵਿੱਚ ਬਦਲਾਅ  ਜਿਵੇਂ ਕਿ ਵਧੀਆ ਖੁਰਾਕ, ਨਿਯਮਿਤ ਸਰੀਰਕ ਗਤੀਵਿਧੀਆਂ ਅਤੇ ਸ਼ਰਾਬ ਦੇ ਸੇਵਨ ਵਿੱਚ ਕਮੀ ਕਰਨ ਨਾਲ ਅਕਸਰ ਠੀਕ ਕੀਤਾ ਜਾ ਸਕਦਾ ਹੈ।  

Punjab

ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਤੋਂ ਨੀਦਰਲੈਂਡ ਦੇ ਦੌਰੇ 'ਤੇ

*ਚੰਡੀਗੜ੍ਹ, 18 ਅਪ੍ਰੈਲ*: ਸੂਬੇ ਦੇ ਉਦਯੋਗਿਕ ਅਤੇ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਦੇ ਹਿੱਸੇ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੂਡ ਪ੍ਰੋਸੈਸਿੰਗ, ਲੌਜਿਸਟਿਕਸ, ਅਲੌਏਜ਼ ਤੇ ਸਟੀਲਜ਼, ਫਾਰਮਾਸਿਊਟੀਕਲ ਅਤੇ ਸੂਚਨਾ ਤਕਨਾਲੋਜੀ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਅੱਜ ਨੀਦਰਲੈਂਡ ਦੌਰੇ ‘ਤੇ ਚਲੇ ਗਏ ਹਨ।    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡਾ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਸਾਫ ਅਤੇ ਸਪੱਸ਼ਟ ਹੈ, ਜੋ ਨੀਤੀ ਸਥਿਰਤਾ, ਤੇਜ਼ੀ ਨਾਲ ਫੈਸਲੇ ਲੈਣ ਅਤੇ ਨਿਵੇਸ਼ਕਾਂ ਦੇ ਸਮੇਂ ਅਤੇ ਭਰੋਸੇ ਦਾ ਸਤਿਕਾਰ ਕਰਨ ਵਾਲੀ ਸ਼ਾਸਨ ਪ੍ਰਣਾਲੀ ਪੇਸ਼ ਕਰਕੇ ਪੰਜਾਬ ਨੂੰ ਵਿਸ਼ਵ ਪੱਧਰ ‘ਤੇ ਉਦਯੋਗ ਲਈ ਤਰਜੀਹੀ ਥਾਂ ਬਣਾਉਣ ‘ਤੇ ਕੇਂਦਰਤ ਹੈ।ਇਹ ਦੌਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਨੀਦਰਲੈਂਡ, ਭਾਰਤ ਲਈ ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਕਾਂ ਵਿੱਚੋਂ ਇੱਕ ਹੈ ਅਤੇ ਕਈ ਡੱਚ ਕੰਪਨੀਆਂ ਪਹਿਲਾਂ ਹੀ ਪੰਜਾਬ ਵਿੱਚ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਅਕਤੂਬਰ-2023 ਵਿੱਚ ਵਿਵਿਧਾ ਇੰਡਸਟਰੀਅਲ ਪਾਰਕ, ਰਾਜਪੁਰਾ ਵਿਖੇ ਡੀ ਹਿਊਸ ਫੈਕਟਰੀ ਦਾ ਨੀਂਹ ਪੱਥਰ ਰੱਖਿਆ ਸੀ। ਇਸੇ ਤਰ੍ਹਾਂ ਆਲੂ ਦੀ ਫਸਲ ਲਈ ਇੰਡੋ-ਡੱਚ ਸੈਂਟਰ ਆਫ ਐਕਸੀਲੈਂਸ ਪਹਿਲਾਂ ਹੀ ਸੂਬੇ ਵਿੱਚ ਸਫਲਤਾਪੂਰਵਕ ਕੰਮ ਕਰ ਰਿਹਾ ਹੈ, ਜੋ ਪੰਜਾਬ ਅਤੇ ਨੀਦਰਲੈਂਡ ਦਰਮਿਆਨ ਵਧ ਰਹੇ ਸਹਿਯੋਗ ਨੂੰ ਦਰਸਾਉਂਦਾ ਹੈ।ਇਸ ਦੌਰੇ ਦੌਰਾਨ ਮੁੱਖ ਮੰਤਰੀ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਤਰਜੀਹੀ ਖੇਤਰਾਂ ਵਿੱਚ ਰਣਨੀਤਕ ਸਾਂਝ ਦੀ ਪ੍ਰਮੁੱਖਤਾ ਨੂੰ ਉਭਾਰਨਗੇ। ਉਹ ਪੰਜਾਬ ਦੀ ਰਣਨੀਤਕ ਸਥਿਤੀ, ਐਨ.ਸੀ.ਆਰ. ਅਤੇ ਪ੍ਰਮੁੱਖ ਬੰਦਰਗਾਹਾਂ ਨਾਲ ਨਿਰਵਿਘਨ ਸੰਪਰਕ, ਮਜ਼ਬੂਤ ਉਦਯੋਗਿਕ ਕਲੱਸਟਰ, ਗੁਣਵੱਤਾ ਵਾਲੀ ਨਿਰਵਿਘਨ ਬਿਜਲੀ ਸਪਲਾਈ, ਹੁਨਰਮੰਦ ਕਾਰਜਬਲ ਅਤੇ ਪ੍ਰਗਤੀਸ਼ੀਲ ਨੀਤੀ ਢਾਂਚੇ ਨੂੰ ਉਜਾਗਰ ਕਰਕੇ ਪੰਜਾਬ ਨੂੰ ਉੱਤਰੀ ਭਾਰਤ ਦੇ ਤਰਜੀਹੀ ਨਿਵੇਸ਼ ਸਥਾਨ ਵਜੋਂ ਵੀ ਪ੍ਰਦਰਸ਼ਿਤ ਕਰਨਗੇ।ਮੁੱਖ ਮੰਤਰੀ ਦੀ ਅਗਵਾਈ ਵਾਲਾ ਵਫ਼ਦ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਮੁੱਖ ਪ੍ਰਸ਼ਾਸਨਿਕ ਅਤੇ ਰੈਗੂਲੇਟਰੀ ਸੁਧਾਰਾਂ ਨੂੰ ਪੇਸ਼ ਕਰੇਗਾ, ਜਿਸ ਵਿੱਚ 173 ਸਰਕਾਰ ਤੋਂ ਕਾਰੋਬਾਰ ਸੇਵਾਵਾਂ, ਆਟੋ-ਡੀਮਡ ਪ੍ਰਵਾਨਗੀਆਂ, ਪੈਨ-ਅਧਾਰਤ ਕਾਰੋਬਾਰੀ ਪਛਾਣ ਅਤੇ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਵਿੱਚ ਸੋਧਾਂ ਸਮੇਤ ਫਾਸਟਟ੍ਰੈਕ ਪੰਜਾਬ ਸਿੰਗਲ-ਵਿੰਡੋ ਪ੍ਰਣਾਲੀ ਸ਼ਾਮਲ ਹੈ।ਇਸ ਵਫ਼ਦ ਦਾ ਉਦੇਸ਼ ਲੜੀਵਾਰ ਰੋਡ ਸ਼ੋਅ, ਵਨ-ਟੂ-ਵਨ ਬਿਜ਼ਨਸ ਮੀਟਿੰਗਾਂ ਅਤੇ ਵੱਡੀਆਂ ਗਲੋਬਲ ਕਾਰਪੋਰੇਸ਼ਨਾਂ ਅਤੇ ਸੰਸਥਾਵਾਂ ਨਾਲ ਗੱਲਬਾਤ ਰਾਹੀਂ ਪੰਜਾਬ ਨੂੰ ਯੂਰਪੀਅਨ ਦੇਸ਼ਾਂ ਲਈ ਨਿਵੇਸ਼ ਵਾਸਤੇ ਆਕਰਸ਼ਕ ਥਾਂ ਵਜੋਂ ਪੇਸ਼ ਕਰਨਾ ਅਤੇ ਪੰਜਾਬ ਵਿੱਚ ਨਵਾਂ ਨਿਵੇਸ਼ ਲਿਆਉਣਾ ਹੈ।  

Punjab

ਗੈਂਗਸਟਰਾਂ ’ਤੇ ਵਾਰ ਦਾ 88ਵਾਂ ਦਿਨ: ਪੰਜਾਬ ਪੁਲਿਸ ਵੱਲੋਂ 639 ਥਾਵਾਂ ’ਤੇ ਛਾਪੇਮਾਰੀ; 239 ਗ੍ਰਿਫ਼ਤਾਰ

ਚੰਡੀਗੜ੍ਹ, 18 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’ ਦੇ 88ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 639 ਟਿਕਾਣਿਆਂ ’ਤੇ  ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜਿਸ ਦੀ ਸ਼ੁਰੂਆਤ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿ੍ਹਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 88ਵੇਂ ਦਿਨ, ਪੁਲਿਸ ਟੀਮਾਂ ਨੇ ਚਾਰ ਹਥਿਆਰਾਂ ਸਮੇਤ 239 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 22,144 ਹੋ ਗਈ ਹੈ। ਇਸ ਤੋਂ ਇਲਾਵਾ 116 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 116 ਵਿਅਕਤੀਆਂ ਨੂੰ ਤਫ਼ਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਛੇ ਭਗੌੜੇ ਅਪਰਾਧੀਆਂ  ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ, ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਸਬੰਧਤ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ‘ ਦੇ 413ਵੇਂ ਦਿਨ ਅੱਜ 89 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 74.5 ਕਿਲੋਗ੍ਰਾਮ ਹੈਰੋਇਨ, 3299 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 13,080 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਦੇ ਨਾਲ ਸਿਰਫ 413 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 59,476 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਅੱਜ 28 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।

Punjab

ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਲਿਆ ਰਹੀ ਰੰਗ, 80% ਸਫਲਤਾ ਦਰ ਨਾਲ ਜਨਤਾ ਅਤੇ ਪੁਲਿਸ ਦੇ ਤਾਲਮੇਲ ਨੇ ਤੋੜੀ ਤਸਕਰਾਂ ਦੀ ਕਮਰ: ਬਲਤੇਜ ਪੰਨੂ

ਚੰਡੀਗੜ੍ਹ, 18 ਅਪ੍ਰੈਲ    ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਜਿਸ ਤਰ੍ਹਾਂ ਦੀ ਸਫਲਤਾ ਮਿਲ ਰਹੀ ਹੈ, ਉਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਪੰਜਾਬ ਬਹੁਤ ਜਲਦ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣ ਵੱਲ ਵਧ ਰਿਹਾ ਹੈ। ਸਰਕਾਰ ਅਤੇ ਜਨਤਾ ਵਿਚਕਾਰ ਇਸੇ ਤਾਲਮੇਲ ਨੇ ਨਸ਼ਾ ਤਸਕਰਾਂ ਦੀ ਕਮਰ ਤੋੜ ਦਿੱਤੀ ਹੈ। ਨਸ਼ਿਆਂ ਵਿਰੁੱਧ ਜਾਰੀ ਇਸ ਜੰਗ ਦੇ ਹੁਣ ਤੱਕ ਦੇ ਅੰਕੜੇ ਸਾਂਝੇ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਹੁਣ ਤੱਕ ਮੁਸਤੈਦੀ ਦਿਖਾਉਂਦੇ ਹੋਏ ਕੁੱਲ 41,850 ਐਫਆਈਆਰ ਦਰਜ ਕੀਤੀਆਂ ਹਨ। ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਕਰੀਬ 60,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਭੇਜਿਆ ਗਿਆ ਹੈ। ਪੁਲਿਸ ਵੱਲੋਂ ਕੀਤੀ ਗਈ ਬਰਾਮਦਗੀ ਦੇ ਅੰਕੜੇ ਦੱਸਦੇ ਹਨ ਕਿ ਮੁਹਿੰਮ ਕਿੰਨੀ ਡੂੰਘਾਈ ਨਾਲ ਕੰਮ ਕਰ ਰਹੀ ਹੈ। ਹੁਣ ਤੱਕ ਪੁਲਿਸ ਨੇ 2569 ਕਿੱਲੋ ਹੈਰੋਇਨ, 0.37 ਕਿੱਲੋ ਸਮੈਕ, 748 ਕਿੱਲੋ ਅਫੀਮ, 35,058 ਕਿੱਲੋ ਭੁੱਕੀ, 898 ਕਿੱਲੋ ਗਾਂਜਾ ਅਤੇ 4599 ਕਿੱਲੋ ਕੋਕੀਨ ਬਰਾਮਦ ਕਰਕੇ ਨਸ਼ਿਆਂ ਦੇ ਵੱਡੇ ਨੈੱਟਵਰਕ ਨੂੰ ਤਬਾਹ ਕੀਤਾ ਹੈ। ਬਲਤੇਜ ਪੰਨੂ ਨੇ ਵਿਸ਼ੇਸ਼ ਤੌਰ ‘ਤੇ ਜ਼ਮੀਨੀ ਪੱਧਰ ‘ਤੇ ਜਨਤਾ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਬਣਾਈਆਂ ਗਈਆਂ ਵਿਲੇਜ ਡਿਫੈਂਸ ਕਮੇਟੀਆਂ (ਵੀਡੀਸੀ) ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ ਬਣਾਈ ਗਈ ਵਿਸ਼ੇਸ਼ ਮੋਬਾਈਲ ਐਪ ‘ਤੇ ਸਭ ਤੋਂ ਵੱਧ ਸੂਚਨਾਵਾਂ ਪੁਲਿਸ ਤੱਕ ਪਹੁੰਚ ਰਹੀਆਂ ਹਨ, ਜਿਸ ਦੀ ਸਫਲਤਾ ਦਰ (ਸਕਸੈੱਸ ਰੇਟ) 80 ਫੀਸਦੀ ਤੋਂ ਵੀ ਜ਼ਿਆਦਾ ਹੈ। ਪੰਨੂ ਨੇ ਸਪੱਸ਼ਟ ਕੀਤਾ ਕਿ ਅੱਜ ਜੋ ਵੱਡੀ ਗਿਣਤੀ ਵਿੱਚ ਐਫਆਈਆਰ ਦਰਜ ਹੋ ਰਹੀਆਂ ਹਨ ਅਤੇ ਬਰਾਮਦਗੀ ਹੋ ਰਹੀ ਹੈ, ਉਹ ਮੁੱਖ ਤੌਰ ‘ਤੇ ਲੋਕਾਂ ਦੁਆਰਾ ਦਿੱਤੀ ਗਈ ਸਹੀ ਜਾਣਕਾਰੀ ਅਤੇ ਉਨ੍ਹਾਂ ਦੀ ਮਦਦ ਸਦਕਾ ਹੀ ਸੰਭਵ ਹੋ ਰਿਹਾ ਹੈ। ‘ਰੰਗਲਾ ਪੰਜਾਬ’ ਦੀ ਦਿਸ਼ਾ ਵਿੱਚ ਇਹ ਇੱਕ ਨਿਰਣਾਇਕ ਜਿੱਤ ਹੈ। 

Punjab

ਰੂਪਨਗਰ ਵਿਖੇ 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦੀ ਸ਼ਾਨਦਾਰ ਸ਼ੁਰੂਆਤ

ਰੂਪਨਗਰ 18 ਅਪ੍ਰੈਲ, 2026 : ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵੱਲੋਂ ਆਯੋਜਿਤ 12ਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਗੁਰੂ ਨਾਨਕ ਮਾਡਲ ਸਕੂਲ ਲੌਧੀਪੁਰ ਵਿਖੇ ਚੱਲ ਰਹੀ ਇਸ ਦੋ ਰੋਜ਼ਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ 15 ਜ਼ਿਲ੍ਹਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ ਜਿਸ ਨਾਲ ਖਾਲਸਾਈ ਖੇਡ ਦਾ ਮਾਹੌਲ ਪੂਰੀ ਚਰਮ ਸੀਮਾ ‘ਤੇ ਹੈ।ਅੱਜ ਟੂਰਨਾਮੈਂਟ ਦਾ ਉਦਘਾਟਨ ਤੇ ਮੁਕਾਬਲਿਆਂ ਦੀ ਸ਼ੁਰੂਆਤ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੋਵਾਲ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਗਰੇਵਾਲ ਐਡਵੋਕੇਟ ਅਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਦੀ ਹਾਜ਼ਰੀ ਵਿੱਚ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਗੱਤਕਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਗੱਤਕੇ ਦੇ ਵਿਆਪਕ ਪ੍ਰਚਾਰ-ਪਸਾਰ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੋਵਾਲ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਗੱਤਕੇ ਦੇ ਖੇਤਰ ਵਿੱਚ ਬਹੁਤ ਅੱਗੇ ਹੈ ਅਤੇ ਪਿਛਲੇ ਸਾਲ ਵੀ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੌਰਾਨ ਇਥੋਂ ਦੇ ਖਿਡਾਰੀਆਂ ਨੇ ਪੰਜਾਬ ਟੀਮ ਦੀ ਅਗਵਾਈ ਕਰਦਿਆਂ ਕਈ ਮੈਡਲ ਜਿੱਤੇ ਸਨ। ਉਨ੍ਹਾਂ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਗਰੇਵਾਲ ਵੱਲੋਂ ਗੱਤਕੇ ਦੀ ਤਰੱਕੀ ਲਈ ਜਾਰੀ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।ਇਸ ਮੌਕੇ ਕੌਮੀ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਖਿਡਾਰੀਆਂ ਨੂੰ ਮਿਹਨਤ ਅਤੇ ਅਨੁਸ਼ਾਸਨ ਨਾਲ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੱਸਿਆ ਕਿ ਗੱਤਕੇ ਦੀ ਖੇਡ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ ਅਤੇ ਭਵਿੱਖ ਵਿੱਚ ਇਸ ਦੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵੀ ਕਰਵਾਏ ਜਾਣਗੇ।ਇਸ ਮੌਕੇ ਕਈ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਵੀ ਹਾਜ਼ਰੀ ਲਗਵਾਈ ਜਿਨ੍ਹਾਂ ਵਿੱਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸਾਬਕਾ ਵਿਧਾਇਕ ਸਰਦਾਰ ਅਮਰਜੀਤ ਸਿੰਘ ਸੰਧੋਆ ਵੀ ਸ਼ਾਮਲ ਸਨ। ਇਲਾਕੇ ਦੀਆਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਇਸ ਟੂਰਨਾਮੈਂਟ ਨੂੰ ਭਰਪੂਰ ਸਮਰਥਨ ਮਿਲਿਆ।ਜ਼ਿਲ੍ਹਾ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਦੱਸਿਆ ਕਿ ਐਤਵਾਰ 19 ਅਪ੍ਰੈਲ ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਹੋਣਗੇ ਅਤੇ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰੂ ਨਾਨਕ ਮਾਡਲ ਸਕੂਲ ਦੇ ਚੇਅਰਮੈਨ ਸਰਦਾਰ ਗੁਰਬਚਨ ਸਿੰਘ, ਗੁਰਪ੍ਰੀਤ ਸਿੰਘ ਭਾਉਵਾਲ, ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ ਰੂਪਨਗਰ, ਸਰਦਾਰ ਹਰਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।  

Punjab

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਬੁਨਿਆਦੀ ਢਾਂਚੇ ਦਾ ਕਾਇਆ-ਕਲਪ ਲਗਾਤਾਰ ਜਾਰੀ: ਹਰਭਜਨ ਸਿੰਘ ਈਟੀਓ

ਚੰਡੀਗੜ੍ਹ, 18 ਅਪ੍ਰੈਲ   ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਸੜਕੀ ਵਿਕਾਸ ਕਾਰਜਾਂ ਦੀ ਪ੍ਰਗਤੀ ਸਾਂਝੀ ਕਰਦਿਆਂ ਦੱਸਿਆ ਕਿ ਰਾਜ ਵਿੱਚ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ 45,000 ਕਿਲੋਮੀਟਰ ਲੰਬੀਆਂ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਸਰਕਾਰ ਦਾ ਮੁੱਖ ਟੀਚਾ ਪੰਜਾਬ ਦੇ ਹਰ ਪਿੰਡ ਨੂੰ ਬਿਹਤਰੀਨ ਸੜਕੀ ਨੈੱਟਵਰਕ ਨਾਲ ਜੋੜਨਾ ਹੈ ਤਾਂ ਜੋ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ।   ਕੈਬਨਿਟ ਮੰਤਰੀ ਨੇ ਸੜਕਾਂ ਦੀ ਗੁਣਵੱਤਾ ਅਤੇ ਟਿਕਾਊਪਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਨੇ ਸਖ਼ਤ ਨਿਯਮ ਲਾਗੂ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸੜਕ ਬਣਨ ਤੋਂ ਬਾਅਦ ਅਗਲੇ 5 ਸਾਲਾਂ ਤੱਕ ਜੇਕਰ ਸੜਕ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਮੁਰੰਮਤ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਕੰਟਰੈਕਟਰ (ਠੇਕੇਦਾਰ) ਦੀ ਹੋਵੇਗੀ।   ਉਨ੍ਹਾਂ ਦੱਸਿਆ ਕਿ ਨਿਰਮਾਣ ਕਾਰਜਾਂ ਵਿੱਚ ਪਾਰਦਰਸ਼ਤਾ ਅਤੇ ਉੱਚ ਗੁਣਵੱਤਾ ਯਕੀਨੀ ਬਣਾਉਣ ਲਈ ‘ਮੁੱਖ ਮੰਤਰੀ ਫਲਾਇੰਗ ਸਕੁਐਡ’ ਦਾ ਗਠਨ ਕੀਤਾ ਗਿਆ ਹੈ, ਜੋ ਸਿੱਧੇ ਤੌਰ ‘ਤੇ ਨਿਗਰਾਨੀ ਕਰ ਰਿਹਾ ਹੈ। ਇਸ ਦੇ ਨਾਲ ਹੀ ਇੱਕ ਵਿਸ਼ੇਸ਼ ‘ਕੁਆਲਿਟੀ ਕੰਟਰੋਲ ਸੈੱਲ’ ਵੀ ਸਰਗਰਮ ਹੈ ਅਤੇ ਵਿਭਾਗ ਦੇ ਅਧਿਕਾਰੀ ਸਮੇਂ-ਸਮੇਂ ‘ਤੇ ਅਚਨਚੇਤ ਨਿਰੀਖਣ ਕਰ ਰਹੇ ਹਨ।   ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਵਿਕਾਸ ਕਾਰਜਾਂ ਦੀ ਮਾਨੀਟਰਿੰਗ ਕਰ ਰਹੇ ਹਨ। ਕਈ ਥਾਵਾਂ ‘ਤੇ ਉਨ੍ਹਾਂ ਨੇ ਖੁਦ ਨਿਰਮਾਣ ਕਾਰਜਾਂ ਦਾ ਜ਼ਮੀਨੀ ਨਿਰੀਖਣ ਕੀਤਾ ਹੈ। ਸਰਕਾਰ ਦਾ ਸਪੱਸ਼ਟ ਸੰਦੇਸ਼ ਹੈ ਕਿ ਸੜਕ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਘਟੀਆ ਜਾਂ ਨੀਵੇਂ ਦਰਜੇ ਦੀ ਸਮੱਗਰੀ ਦੀ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਪ੍ਰਤੀ ‘ਜ਼ੀਰੋ ਟਾਲਰੈਂਸ’ ਦੀ ਨੀਤੀ ਅਪਣਾਈ ਜਾ ਰਹੀ ਹੈ।   ਤਕਨੀਕੀ ਨਵੀਨਤਾ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰ ‘ਫੁੱਲ ਡੈਪਥ ਰੈਕਲੀਮੇਸ਼ਨ’ (ਐਫਡੀਆਰ) ਵਰਗੀ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤਕਨੀਕ ਤਹਿਤ ਮੌਜੂਦਾ ਸਮੇਂ ਵਿੱਚ 540 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।   ਐਫਡੀਆਰ ਤਕਨੀਕ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਸੜਕ ਦਾ ਪੱਧਰ ਘਰਾਂ ਦੇ ਪੱਧਰ ਅਨੁਸਾਰ ਰੱਖਿਆ ਜਾਂਦਾ ਹੈ, ਜਿਸ ਨਾਲ ਜਲ-ਥਲ (ਪਾਣੀ ਭਰਨ) ਦੀ ਸਮੱਸਿਆ ਨਹੀਂ ਹੁੰਦੀ। ਜਲਦੀ ਹੀ ਇਸ ਤਕਨੀਕ ਦਾ ਘੇਰਾ ਵਧਾ ਕੇ ਸੂਬੇ ਦੀਆਂ ਹੋਰ ਸੜਕਾਂ ਨੂੰ ਵੀ ਇਸ ਦੇ ਅਧੀਨ ਕਵਰ ਕੀਤਾ ਜਾਵੇਗਾ।   ਮੰਤਰੀ ਨੇ ਇਹ ਵੀ ਸਾਂਝਾ ਕੀਤਾ ਕਿ ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਸ਼ ਕਾਰਨ ਨਿਰਮਾਣ ਕਾਰਜਾਂ ਵਿੱਚ ਕੁਝ ਦੇਰੀ ਜ਼ਰੂਰ ਹੋਈ ਹੈ, ਪਰ ਵਿਭਾਗ ਹੁਣ ਦੁੱਗਣੀ ਰਫ਼ਤਾਰ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜੂਨ ਤੱਕ 45,000 ਕਿਲੋਮੀਟਰ ਸੜਕਾਂ ਦਾ ਮਿੱਥਿਆ ਟੀਚਾ ਪੂਰਾ ਕਰ ਲਿਆ ਜਾਵੇਗਾ, ਜਿਸ ਨਾਲ ਪੰਜਾਬ ਦੇ ਵਸਨੀਕਾਂ ਨੂੰ ਸੁਖਾਲੇ ਅਤੇ ਸੁਰੱਖਿਅਤ ਸਫ਼ਰ ਦੀ ਸਹੂਲਤ ਮਿਲੇਗੀ। 

Punjab

ਗਲੋਬਲ ਸਿੱਖ ਕੌਂਸਲ ਵੱਲੋਂ ਧਾਰਮਿਕ ਆਜ਼ਾਦੀ, ਤਕਨੀਕੀ ਵਿਗਾੜ ਤੇ ਗੁਰਮੁਖੀ ਦੇ ਮੁੱਦੇ ਸੰਸਦ ਚ ਉਠਾਉਣ ਲਈ ਚਾਰਾਜੋਈ

ਚੰਡੀਗੜ੍ਹ, 18 ਅਪ੍ਰੈਲ 2026 : 28 ਮੁਲਕਾਂ ਵਿੱਚ ਸਿੱਖ ਸੰਸਥਾਵਾਂ ਦੀ ਪ੍ਰਤਿਨਿਧ ਸੰਸਥਾ, ਗਲੋਬਲ ਸਿੱਖ ਕੌਂਸਲ, ਦੇ ਇੱਕ ਉੱਚ-ਪੱਧਰੀ ਵਫ਼ਦ ਨੇ ਨਵੀਂ ਦਿੱਲੀ ਵਿੱਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨਾਲ ਮੁਲਾਕਾਤ ਕਰਕੇ ਸਿੱਖਾਂ ਦੀ ਧਾਰਮਿਕ ਆਜ਼ਾਦੀ, ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਪਵਿੱਤਰ ਗੁਰਬਾਣੀ, ਗੁਰੂ ਸਾਹਿਬਾਨ ਤੇ ਸਿੱਖ ਸੰਸਥਾਵਾਂ ਦਾ ਨਿਰਾਦਰ ਕਰਨ ਅਤੇ ਭਾਸ਼ਾਈ ਵਿਰਾਸਤ ਦੀ ਸੰਭਾਲ ਨਾਲ ਜੁੜੇ ਅਹਿਮ ਮਸਲਿਆਂ ’ਤੇ ਤੁਰੰਤ ਵਿਧਾਨਕ ਅਤੇ ਪ੍ਰਸ਼ਾਸਕੀ ਕਦਮ ਚੁੱਕਣ ਦੀ ਮੰਗ ਕੀਤੀ। ਅਮਰੀਕਾ ਤੋਂ ਕੌਂਸਲ ਦੇ ਉਪ-ਪ੍ਰਧਾਨ ਸਰਦਾਰ ਪਰਮਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਵਫ਼ਦ ਨੇ ਅਤਿ-ਆਧੁਨਿਕ ਤਕਨੀਕਾਂ ਦੇ ਗਲਤ ਇਸਤੇਮਾਲ ਅਤੇ ਸਿੱਖ ਕੌਮ ਸਾਹਮਣੇ ਖੜ੍ਹੀਆਂ ਚੁਣੌਤੀਆਂ ਦੇ ਹੱਲ ਲਈ ਮੁੱਦੇ ਸੰਸਦੀ ਪੱਧਰ ’ਤੇ ਉਠਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।  ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਨਾ ਕੌਂਸਲ ਦੇ ਖਜਾਨਚੀ ਸਰਦਾਰ ਹਰਸਰਨ ਸਿੰਘ ਪੁਡੂਚੇਰੀ, ਅਫਗਾਨਿਸਤਾਨ ਤੋਂ ਮੈਂਬਰ ਸਰਦਾਰ ਗੁਲਜੀਤ ਸਿੰਘ ਅਤੇ ‘ਸਿੱਖ ਕੁਲੈਕਿਟਿਵ’ ਦੇ ਕਨਵੀਨਰ ਸਰਦਾਰ ਜਗਮੋਹਨ ਸਿੰਘ ਵੀ ਸ਼ਾਮਲ ਸਨ। ਕੌਂਸਲ ਦੀ ਪ੍ਰਧਾਨ ਡਾ. ਕੰਵਲਜੀਤ ਕੌਰ ਯੂਕੇ ਦਾ ਸੰਦੇਸ਼ ਦਿੰਦਿਆਂ ਸਰਦਾਰ ਬੇਦੀ ਨੇ ਸੰਸਦ ਵਿੱਚ ਸਿੱਖ ਮਸਲਿਆਂ ਨੂੰ ਮਜ਼ਬੂਤੀ ਨਾਲ ਉਠਾਉਣ ਲਈ ਸਰਦਾਰ ਸਾਹਨੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਵਫ਼ਦ ਨੇ ਖਾਸ ਤੌਰ ’ਤੇ ਪੰਜਾਬ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਲਈ ਸਿੱਖਿਆ ਅਤੇ ਹੁਨਰ ਵਿਕਾਸ ਦੇ ਉਪਰਾਲਿਆਂ ਨੂੰ ਸਰਾਹਿਆ।  ਮੀਟਿੰਗ ਦੌਰਾਨ ਕਈ ਅਹਿਮ ਮਸਲਿਆਂ ’ਤੇ ਚਰਚਾ ਹੋਈ ਜਿਨ੍ਹਾਂ ਵਿੱਚ ਸਭ ਤੋਂ ਵੱਡਾ ਮਸਲਾ ਦੇਸ਼ ਭਰ ਵਿੱਚ ਵੱਖ-ਵੱਖ ਇਮਤਿਹਾਨਾਂ ਦੌਰਾਨ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਨੂੰ ਲੈ ਕੇ ਦਰਪੇਸ਼ ਸਮੱਸਿਆ ਹੈ ਅਤੇ ਅੰਮ੍ਰਿਤਧਾਰੀ ਪ੍ਰੀਖਿਆਰਥੀਆਂ ਨੂੰ ਅਕਸਰ ਕੜਾ, ਕਿਰਪਾਨ ਅਤੇ ਦਸਤਾਰ ਵਰਗੇ ਧਾਰਮਿਕ ਚਿੰਨ ਲਾਹੁਣ ਲਈ ਮਜਬੂਰ ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਅਣਖ-ਇਜ਼ਤ ਅਤੇ ਸੰਵਿਧਾਨਕ ਧਾਰਮਿਕ ਅਧਿਕਾਰਾਂ ਨੂੰ ਠੇਸ ਪਹੁੰਚਦੀ ਹੈ। ਕੌਂਸਲ ਨੇ ਇਸ ਮਸਲੇ ਨੂੰ ਗੰਭੀਰ ਮੰਨਦਿਆਂ ਇਸਦਾ ਤੁਰੰਤ ਹੱਲ ਲੱਭਣ ਦੀ ਲੋੜ ਉੱਤੇ ਜ਼ੋਰ ਦਿੱਤਾ।   ਇਸ ਤੋਂ ਇਲਾਵਾ, ਕੌਂਸਲ ਨੇ “ਤਕਨੀਕੀ ਬੇਅਦਬੀ” ਸਬੰਧੀ ਵੀ ਗੰਭੀਰ ਚਿੰਤਾ ਜ਼ਾਹਿਰ ਕੀਤੀ ਜਿਸ ਅਧੀਨ ਮਸਨੂਈ ਬੁੱਧੀ ਅਤੇ ਨਵੀਨਤਮ ਡਿਜ਼ਿਟਲ ਤਕਨੀਕਾਂ ਰਾਹੀਂ ਗੁਰਬਾਣੀ, ਸਿੱਖ ਸੰਸਥਾਵਾਂ ਅਤੇ ਸਿੱਖ ਸਿਧਾਂਤਾਂ ਨੂੰ ਸੋਸ਼ਲ ਮੀਡੀਆ ’ਤੇ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਵਫ਼ਦ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀ ਭ੍ਰਮਿਤ ਕਰਨ ਵਾਲੀ ਅਤੇ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਕਰਦੀ ਡਿਜ਼ਿਟਲ ਸਮੱਗਰੀ ’ਤੇ ਰੋਕ ਲਗਾਉਣ ਲਈ ਸਖ਼ਤ ਨਿਯਮ ਬਣਾਏ ਜਾਣ ਤਾਂ ਜੋ ਸਿੱਖ ਮਰਯਾਦਾ ਦੀ ਪਵਿੱਤਰਤਾ ਕਾਇਮ ਰਹੇ।  ਇਸ ਤੋਂ ਇਲਾਵਾ ਸਿੱਖ ਇਤਿਹਾਸ, ਪਹਿਚਾਣ ਅਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਜੁੜੇ ਮਾਮਲਿਆਂ ਵਿੱਚ ਸੰਤੁਲਿਤ ਅਤੇ ਤੱਥਾਂ ’ਤੇ ਆਧਾਰਿਤ ਮੁਲਾਂਕਣ ਯਕੀਨੀ ਬਣਾਉਣ ਲਈ ਵਫ਼ਦ ਨੇ ਕੇਂਦਰੀ ਫਿਲਮ ਪ੍ਰਮਾਣ ਬੋਰਡ ਵਿੱਚ ਇੱਕ ਯੋਗ ਸਿੱਖ ਵਿਦਵਾਨ ਦੀ ਨਿਯੁਕਤੀ ਦੀ ਮੰਗ ਵੀ ਕੀਤੀ। ਇਸਦੇ ਨਾਲ ਹੀ ਦਿੱਲੀ ਦੀ ਪੰਜਾਬੀ ਅਕਾਦਮੀ ਦੀ ਮਾੜੀ ਪ੍ਰਸ਼ਾਸਕੀ ਸਥਿਤੀ ’ਤੇ ਚਿੰਤਾ ਜਿਤਾਉਂਦਿਆਂ ਇਸਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਰਾਜਧਾਨੀ ਵਿੱਚ ਵਸਦੇ ਸਿੱਖਾਂ ਅੰਦਰ ਮਜ਼ਬੂਤ ਕੀਤਾ ਜਾ ਸਕੇ।  ਕੌਂਸਲ ਨੇ ‘ਕੇਂਦਰੀ ਗੁਰਮੁਖੀ ਯੂਨੀਵਰਸਿਟੀ’ ਸਥਾਪਤ ਕਰਨ ਦੀ ਮੰਗ ਕਰਦਿਆਂ ਇਸ ਅਦਾਰੇ ਨੂੰ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਦੀ ਤਰਜ ਉਤੇ ਰਾਸ਼ਟਰੀ ਦਰਜਾ ਅਤੇ ਪੂਰਾ ਸੰਸਥਾਗਤ ਸਹਿਯੋਗ ਦਿੱਤਾ ਜਾਵੇ। ਵਫਦ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਸਿਰਫ਼ ਸੱਭਿਆਚਾਰਕ ਹੀ ਨਹੀਂ ਸਗੋਂ ਧਾਰਮਿਕ ਤੇ ਆਧਿਆਤਮਿਕ ਪੱਖੋਂ ਵੀ ਅਤਿ ਮਹੱਤਵਪੂਰਨ ਹੈ। ਇਸ ਲਈ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ, ਸੰਭਾਲ ਅਤੇ ਪ੍ਰਚਾਰ ਲਈ ਇੱਕ ਵਿਸ਼ੇਸ਼ ਕੌਮੀ ਸੰਸਥਾ ਸਥਾਪਤ ਕਰਨੀ ਬਹੁਤ ਜ਼ਰੂਰੀ ਹੈ।  ਇਨ੍ਹਾਂ ਸਾਰੇ ਮਸਲਿਆਂ ’ਤੇ ਸਰਦਾਰ ਸਾਹਨੀ ਨੇ ਵਫ਼ਦ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਇਹ ਮਸਲੇ ਸੰਸਦ ਵਿੱਚ ਉਠਾਉਣਗੇ ਅਤੇ ਸੰਬੰਧਤ ਕੇਂਦਰੀ ਮੰਤਰੀਆਂ ਨਾਲ ਵੀ ਲਿਖਤੀ ਪੱਤਰਾਂ ਰਾਹੀਂ ਸਾਂਝਾ ਕਰਨਗੇ। ਉਨ੍ਹਾਂ ਕੌਮ ਦੀ ਭਲਾਈ, ਧਾਰਮਿਕ ਅਤੇ ਸੱਭਿਆਚਾਰਕ ਅਧਿਕਾਰਾਂ ਦੀ ਰੱਖਿਆ ਲਈ ਹਰ ਉਪਰਾਲੇ ਦਾ ਸਹਿਯੋਗ ਕਰਨ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ। ਮੀਟਿੰਗ ਦੌਰਾਨ ਸਰਦਾਰ ਸਾਹਨੀ ਨੂੰ ਇਸੇ ਸਾਲ ਅਕਤੂਬਰ ਮਹੀਨੇ ਚੰਡੀਗੜ੍ਹ ਵਿੱਚ ਹੋਣ ਵਾਲੀ ਕੌਂਸਲ ਦੀ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਜੋ ਉਨ੍ਹਾਂ ਨੇ ਸਵੀਕਾਰ ਕਰ ਲਿਆ। 

Punjab

ਕੈਬਿਨਟ ਮੰਤਰੀ ਮੋਹਿੰਦਰ ਭਗਤ ਵੱਲੋਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ

ਚੰਡੀਗੜ੍ਹ, ਅਪ੍ਰੈਲ 18:ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਸ਼ੁੱਕਰਵਾਰ ਸ਼ਾਮ ਪੰਜਾਬ ਸਕੱਤਰੇਤ ਵਿਖੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਉੱਚ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸੁਮੇਰ ਸਿੰਘ ਗੁਰਜਰ, ਡਾਇਰੈਕਟਰ ਭੂਪਿੰਦਰ ਸਿੰਘ ਢਿੱਲੋਂ (ਸੇਵਾਮੁਕਤ) ਵਿਸੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਿਤ ਕੇਸਾਂ ਵਿੱਚ ਕਾਫ਼ੀ ਪ੍ਰਗਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਜੰਗਾਂ ਦੌਰਾਨ ਸ਼ਹੀਦ ਹੋਏ ਜਿਆਦਾਤਰ ਸੈਨਿਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਬਾਕੀ ਰਹਿੰਦੇ ਕੇਸਾਂ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਖਾਲੀ ਅਸਾਮੀਆਂ ਨੂੰ ਭਰਨ ਲਈ ਕਾਰਵਾਈ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਇਸ ਮੌਕੇ ਵਿਭਾਗੀ ਬਜਟ ਅਤੇ ਹੋਰ ਅਹਿਮ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਸ੍ਰੀ ਭਗਤ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਬੰਧਿਤ ਸਾਰੇ ਕੇਸਾਂ ਨੂੰ ਪਹਿਲ ਦੇ ਆਧਾਰ ‘ਤੇ ਨੇਪੜੇ ਚਾੜਿਆ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਕਰਦਿਆਂ ਆਪਣੀ ਜਾਨ ਨਿਓਛਾਵਰ ਕਰਨ ਵਾਲੇ ਬਹਾਦਰ ਸੈਨਿਕਾਂ ਪ੍ਰਤੀ ਪੰਜਾਬ ਸਰਕਾਰ ਪੂਰੀ ਸ਼ਰਧਾ ਅਤੇ ਸਤਿਕਾਰ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।  

Punjab

ਰੀਡਿੰਗ ਰਿਟ੍ਰੀਟ: ਕਿਤਾਬਾਂ ਪੜ੍ਹਨ ਦਾ ਬਦਲਦਾ ਅੰਦਾਜ਼ ਅਤੇ ਨਵਾਂ ਟਰੈਂਡ

ਅੱਜ ਦੇ ਭੱਜ-ਦੌੜ ਭਰੇ ਜੀਵਨ ਵਿੱਚ, ਮਾਨਸਿਕ ਸ਼ਾਂਤੀ ਅਤੇ ਇਕਾਗਰਤਾ ਦੀ ਤਲਾਸ਼ ਵਿੱਚ ਇੱਕ ਨਵਾਂ ਟਰੈਂਡ ਉੱਭਰ ਕੇ ਸਾਹਮਣੇ ਆਇਆ ਹੈ—’ਰੀਡਿੰਗ ਰਿਟ੍ਰੀਟ’। ਇਹ ਸਿਰਫ਼ ਕਿਤਾਬਾਂ ਪੜ੍ਹਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਇੱਕ ਅਜਿਹਾ ਅਨੁਭਵ ਹੈ ਜਿੱਥੇ ਪਾਠਕ ਕੁਝ ਦਿਨਾਂ ਲਈ ਦੁਨੀਆ ਤੋਂ ਦੂਰ ਕਿਸੇ ਸ਼ਾਂਤ ਸਥਾਨ ‘ਤੇ ਜਾ ਕੇ ਸਿਰਫ਼ ਕਿਤਾਬਾਂ ਦੀ ਦੁਨੀਆ ਵਿੱਚ ਖੋ ਜਾਂਦੇ ਹਨ। ਅਮਰੀਕਾ ਅਤੇ ਬ੍ਰਿਟੇਨ ਵਿੱਚ ਵੱਧ ਰਹੀ مقبولیت ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਇਹ ਟਰੈਂਡ ਬਹੁਤ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। ਇੱਥੇ ‘ਬੁੱਕ ਕਲੱਬ’ ਹੁਣ ਰਸਮੀ ਮੀਟਿੰਗਾਂ ਤੋਂ ਅੱਗੇ ਵਧ ਕੇ ਇੱਕ ਜੀਵਨ ਸ਼ੈਲੀ ਬਣ ਗਏ ਹਨ। ਰੀਡਿੰਗ ਰਿਟ੍ਰੀਟ ਵਿੱਚ ਲੋਕ ਪਹਾੜਾਂ, ਜੰਗਲਾਂ ਜਾਂ ਸਮੁੰਦਰ ਕਿਨਾਰੇ ਬਣੇ ਰਿਜ਼ੋਰਟਾਂ ਵਿੱਚ ਇਕੱਠੇ ਹੁੰਦੇ ਹਨ, ਜਿੱਥੇ ਕੋਈ ਡਿਜੀਟਲ ਰੁਕਾਵਟ ਨਹੀਂ ਹੁੰਦੀ। ਇੱਥੇ ਪਾਠਕਾਂ ਦਾ ਇੱਕ ਸਮੂਹ ਇੱਕੋ ਕਿਤਾਬ ਪੜ੍ਹਦਾ ਹੈ ਅਤੇ ਫਿਰ ਉਸ ‘ਤੇ ਡੂੰਘੀ ਚਰਚਾ ਕਰਦਾ ਹੈ। ਮਹਿੰਗਾ ਪਰ ਸ਼ਾਨਦਾਰ ਅਨੁਭਵ ਇਹ ਰਿਟ੍ਰੀਟ ਕਾਫੀ ਖਰਚੀਲੇ ਵੀ ਹੋ ਗਏ ਹਨ। ਲੋਕ ਇਸ ਵਿਲੱਖਣ ਅਨੁਭਵ ਲਈ 93 ਹਜ਼ਾਰ ਰੁਪਏ ਤੋਂ ਲੈ ਕੇ 1.6 ਲੱਖ ਰੁਪਏ ਤੱਕ ਖਰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ। ਇਸ ਮੋਟੀ ਰਕਮ ਵਿੱਚ ਰਿਹਾਇਸ਼, ਚੰਗਾ ਖਾਣਾ, ਲਾਇਬ੍ਰੇਰੀ ਦੀ ਸੁਵਿਧਾ ਅਤੇ ਮਾਹਿਰਾਂ ਨਾਲ ਸਾਹਿਤਕ ਚਰਚਾ ਦੇ ਮੌਕੇ ਸ਼ਾਮਲ ਹੁੰਦੇ ਹਨ। ਕਿਉਂ ਪਸੰਦ ਕਰ ਰਹੇ ਹਨ ਲੋਕ? ਡਿਜੀਟਲ ਡਿਟੌਕਸ: ਫ਼ੋਨ ਅਤੇ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਦਾ ਵਧੀਆ ਤਰੀਕਾ। ਸਮਾਜਿਕ ਸੰਪਰਕ: ਸਮਾਨ ਸੋਚ ਰੱਖਣ ਵਾਲੇ ਲੋਕਾਂ ਨਾਲ ਮਿਲਣ ਦਾ ਮੌਕਾ। ਮਾਨਸਿਕ ਸਕੂਨ: ਸ਼ਾਂਤ ਵਾਤਾਵਰਣ ਵਿੱਚ ਪੜ੍ਹਨ ਨਾਲ ਇਕਾਗਰਤਾ ਵਧਦੀ ਹੈ। ਸਿੱਟੇ ਵਜੋਂ, ਰੀਡਿੰਗ ਰਿਟ੍ਰੀਟ ਸਿਰਫ਼ ਪੜ੍ਹਨ ਦਾ ਇੱਕ ਸਾਧਨ ਨਹੀਂ, ਸਗੋਂ ਖੁਦ ਨੂੰ ਸਮਾਂ ਦੇਣ ਦਾ ਇੱਕ ਨਵਾਂ ਤਰੀਕਾ ਬਣ ਗਿਆ ਹੈ, ਜਿੱਥੇ ਕਿਤਾਬਾਂ ਰਾਹੀਂ ਲੋਕ ਆਪਣੇ ਵਿਚਾਰਾਂ ਨੂੰ ਹੋਰ ਵਿਸ਼ਾਲ ਅਤੇ ਸ਼ਾਂਤ ਬਣਾ ਰਹੇ ਹਨ।

Punjab

ਪੰਜਾਬੀ ਇੰਡਸਟਰੀ ‘ਚ ਵੱਡਾ ਧਮਾਕਾ: ਵਿਸ਼ਾਲ ਮਿਸ਼ਰਾ ਦਾ ‘ਸ਼ੇਰਾ’ ਨਾਲ ਪੰਜਾਬੀ ਡੈਬਿਊ!

ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਤੋਂ ਇੱਕ ਬਹੁਤ ਹੀ ਖਾਸ ਅਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜੇਕਰ ਤੁਸੀਂ ਬਾਲੀਵੁੱਡ ਦੇ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ, ਤਾਂ ਇਹ ਖਬਰ ਤੁਹਾਡੇ ਲਈ ਹੈ। ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਮਿਸ਼ਰਾ, ਜਿਨ੍ਹਾਂ ਨੇ ‘ਕਬੀਰ ਸਿੰਘ’ ਵਰਗੀਆਂ ਸੁਪਰਹਿੱਟ ਫਿਲਮਾਂ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਹੁਣ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਣ ਜਾ ਰਹੇ ਹਨ। ਵਿਸ਼ਾਲ ਮਿਸ਼ਰਾ ਆਪਣਾ ਪੰਜਾਬੀ ਡੈਬਿਊ ਕਰਨਗੇ ਪੰਜਾਬੀ ਸਿਨੇਮਾ ਦੇ ਐਕਸ਼ਨ ਸਟਾਰ ਪਰਮੀਸ਼ ਵਰਮਾ ਦੀ ਆਉਣ ਵਾਲੀ ਬਹੁਤ ਹੀ ਚਰਚਿਤ ਫਿਲਮ ‘ਸ਼ੇਰਾ’ ਨਾਲ। ਇਸ ਖਬਰ ਦੇ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਰਮੀਸ਼ ਵਰਮਾ ਜੋ ਪਹਿਲਾਂ ਹੀ ਆਪਣੀ ਵੱਖਰੀ ਸ਼ੈਲੀ ਅਤੇ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ, ਹੁਣ ਵਿਸ਼ਾਲ ਮਿਸ਼ਰਾ ਦੇ ਸੰਗੀਤ ਦੇ ਨਾਲ ਇੱਕ ਨਵਾਂ ਜਾਦੂ ਬਿਖੇਰਨ ਲਈ ਤਿਆਰ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਫਿਲਮ ਦਾ ਸੰਗੀਤ ਪੰਜਾਬੀ ਅਤੇ ਹਿੰਦੀ ਸੰਗੀਤ ਦਾ ਇੱਕ ਅਦਭੁਤ ਮਿਸ਼ਰਣ ਹੋਵੇਗਾ, ਜੋ ਨਾ ਸਿਰਫ ਪੰਜਾਬ ਵਿੱਚ, ਸਗੋਂ ਪੂਰੇ ਭਾਰਤ ਵਿੱਚ ਧਮਾਲ ਮਚਾਉਣ ਲਈ ਤਿਆਰ ਹੈ। ਵਿਸ਼ਾਲ ਮਿਸ਼ਰਾ ਦੀ ਰੂਹਾਨੀ ਆਵਾਜ਼ ਅਤੇ ਪਰਮੀਸ਼ ਵਰਮਾ ਦਾ ਪੰਜਾਬੀ ਅੰਦਾਜ਼—ਇਹ ਜੋੜੀ ਸਿਨੇਮਾਘਰਾਂ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰਨ ਵਾਲੀ ਹੈ। ਦਰਸ਼ਕ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਇਸ ਕੋਲਾਬੋਰੇਸ਼ਨ ਨੂੰ ਲੈ ਕੇ ਕਾਫੀ ਖੁਸ਼ ਹਨ। ‘ਸ਼ੇਰਾ’ ਫਿਲਮ ਪਹਿਲਾਂ ਹੀ ਆਪਣੇ ਐਕਸ਼ਨ ਅਤੇ ਕਹਾਣੀ ਕਰਕੇ ਚਰਚਾ ਵਿੱਚ ਸੀ, ਪਰ ਹੁਣ ਵਿਸ਼ਾਲ ਮਿਸ਼ਰਾ ਦੇ ਜੁੜਨ ਨਾਲ ਇਸਦਾ ਕ੍ਰੇਜ਼ ਕਈ ਗੁਣਾ ਵੱਧ ਗਿਆ ਹੈ। ਤੁਸੀਂ ਇਸ ਨਵੀਂ ਜੋੜੀ ਨੂੰ ਦੇਖਣ ਲਈ ਕਿੰਨੇ ਉਤਸ਼ਾਹਿਤ ਹੋ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ! ਪੰਜਾਬੀ ਮਨੋਰੰਜਨ ਜਗਤ ਦੀ ਹਰ ਤਾਜ਼ਾ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ। ਧੰਨਵਾਦ!

Scroll to Top