Actionpunjab

Action Punjab Logo
Breaking News

Author name: Action Punjab

Action Punjab
Punjab

ਸਿਆਸੀ ਡਰਾਮੇ ਲਈ ਪੰਜਾਬ ਪੁਲਿਸ ਨੂੰ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਦਾ ਮਨੋਬਲ ਡੇਗਣਾ ਖ਼ਤਰਨਾਕ ਅਤੇ ਗੈਰ-ਜ਼ਿੰਮੇਵਾਰਾਨਾ ਹੈ: ਬਲਤੇਜ ਪੰਨੂ

ਚੰਡੀਗੜ੍ਹ 28 ਮਈ   ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਧੂਰੀ ਵਿਖੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਕੀਤੇ ਗਏ ਵਿਵਹਾਰ ਨੂੰ ਲੈ ਕੇ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਦੇ ਰਵੱਈਏ ਨੇ ਸ਼ਾਲੀਨਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਇਸ ਨਾਲ ਭਾਜਪਾ ਆਗੂ ਦਾ ਹੰਕਾਰ ਅਤੇ ਸੁਰੱਖਿਆ ਬਲਾਂ ਪ੍ਰਤੀ ਨਿਰਾਦਰ ਪੂਰੀ ਤਰ੍ਹਾਂ ਜਨਤਕ ਹੋ ਗਿਆ ਹੈ।   ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਕੈਮਰਿਆਂ ਦੇ ਸਾਹਮਣੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਸਰੇਆਮ ਬਦਸਲੂਕੀ ਕੀਤੀ ਅਤੇ ਅਧਿਕਾਰੀਆਂ ਲਈ ਦਲਾਲ ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਵੀ ਕੀਤੀ। ਉਨ੍ਹਾਂ ਕਿਹਾ ਕਿ ਇੱਕ ਕੇਂਦਰੀ ਮੰਤਰੀ ਵੱਲੋਂ ਅਜਿਹਾ ਵਿਵਹਾਰ ਬਿਲਕੁਲ ਨਾਕਾਬਿਲ-ਏ-ਬਰਦਾਸ਼ਤ ਅਤੇ ਗੈਰ-ਜ਼ਿੰਮੇਵਾਰਾਨਾ ਹੈ। ਬਲਤੇਜ ਪੰਨੂ ਨੇ ਕਿਹਾ ਕਿ ਚਾਹੇ ਪੰਜਾਬ ਪੁਲਿਸ ਹੋਵੇ, ਕੇਂਦਰੀ ਹਥਿਆਰਬੰਦ ਬਲ ਹੋਣ ਜਾਂ ਭਾਰਤੀ ਫੌਜ, ਹਰ ਸੁਰੱਖਿਆ ਬਲ ਸਤਿਕਾਰ ਦਾ ਹੱਕਦਾਰ ਹੈ ਕਿਉਂਕਿ ਉਹ ਨਾਗਰਿਕਾਂ ਦੀ ਸੁਰੱਖਿਆ ਲਈ ਦਿਨ-ਰਾਤ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਡਰਾਮੇ ਲਈ ਪੂਰੀ ਫੋਰਸ ਨੂੰ ਨਿਸ਼ਾਨਾ ਬਣਾਉਣਾ ਅਤੇ ਉਨ੍ਹਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰਨਾ ਬੇਹੱਦ ਖ਼ਤਰਨਾਕ ਹੈ। ਸੁਰੱਖਿਆ ਕਰਮੀ ਲੋਕਾਂ ਦੀ ਸੁਰੱਖਿਆ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਉਂਦੇ ਹਨ ਅਤੇ ਉਨ੍ਹਾਂ ਦਾ ਇਸ ਤਰ੍ਹਾਂ ਕਦੇ ਵੀ ਅਪਮਾਨ ਨਹੀਂ ਕੀਤਾ ਜਾਣਾ ਚਾਹੀਦਾ।   ਰਵਨੀਤ ਸਿੰਘ ਬਿੱਟੂ ਦੀ ਉਸ ਟਿੱਪਣੀ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਦੋਂ ਵੀ ਨਾਕੇ ਲਗਾਏ ਜਾਂਦੇ ਹਨ ਤਾਂ ਪੰਜਾਬੀ ਪੁਲਿਸ ਮੁਲਾਜ਼ਮਾਂ ਨੂੰ ਗਾਲਾਂ ਕੱਢਦੇ ਹਨ, ਪੰਨੂ ਨੇ ਕਿਹਾ ਕਿ ਇਹ ਬਿਆਨ ਨਾ ਸਿਰਫ਼ ਪੰਜਾਬ ਪੁਲਿਸ ਸਗੋਂ ਪੰਜਾਬ ਦੇ ਲੋਕਾਂ ਦਾ ਵੀ ਘੋਰ ਅਪਮਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ, ਖ਼ਾਸ ਕਰਕੇ ਨੌਜਵਾਨ ਅਧਿਕਾਰੀਆਂ ਨੇ ਜਨਤਾ ਨਾਲ ਨਜਿੱਠਣ ਦੇ ਤਰੀਕੇ ਨੂੰ ਬਦਲਿਆ ਹੈ ਅਤੇ ਉਹ ਲੋਕਾਂ ਦੀ ਸੁਰੱਖਿਆ ਲਈ ਪੇਸ਼ੇਵਰ ਤਰੀਕੇ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ।   ਸੜਕ ਸੁਰੱਖਿਆ ਫੋਰਸ (ਐਸਐਸਐਫ) ਦੇ ਕੰਮ ਦਾ ਜ਼ਿਕਰ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਅੱਜ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਮਿੰਟਾਂ ਵਿੱਚ ਤੁਰੰਤ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਨੂੰ ਚੋਰੀ, ਹਮਲੇ, ਹਾਦਸੇ ਜਾਂ ਕਿਸੇ ਐਮਰਜੈਂਸੀ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਉਹ ਸਭ ਤੋਂ ਪਹਿਲਾਂ ਪੁਲਿਸ ਨੂੰ ਫੋਨ ਕਰਦੇ ਹਨ, ਨਾ ਕਿ ਉਨ੍ਹਾਂ ਨੂੰ ਗਾਲਾਂ ਕੱਢਣ ਲਈ। ਇਮਾਨਦਾਰ ਨਾਗਰਿਕ ਪੁਲਿਸ ਨਾਕੇ ਲੱਗਣ ‘ਤੇ ਵਧੇਰੇ ਸੁਰੱਖਿਅਤ ਮਹਿਸੂਸ ਕਰਦੇ ਹਨ। ਪੁਲਿਸ ਚੈਕਿੰਗ ਤੋਂ ਸਿਰਫ਼ ਅਪਰਾਧੀਆਂ ਅਤੇ ਸਮਾਜ ਵਿਰੋਧੀ ਅੰਸ਼ਾਂ ਨੂੰ ਹੀ ਤਕਲੀਫ਼ ਹੁੰਦੀ ਹੈ।   ਬਲਤੇਜ ਪੰਨੂ ਨੇ ਵਿਵਾਦ ਭੜਕਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੀ ਚੁੱਪ ‘ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਕੇਂਦਰੀ ਮੰਤਰੀ ਪਿਛਲੀਆਂ ਪ੍ਰੈੱਸ ਕਾਨਫਰੰਸਾਂ ‘ਚ ‘ਆਪ’ ਆਗੂਆਂ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦੇਣ ‘ਚ ਨਾਕਾਮ ਰਹੇ ਹਨ। ਉਨ੍ਹਾਂ ਕਿਹਾ ਕਿ ਗੰਭੀਰ ਚਿੰਤਾਵਾਂ ਦਾ ਜਵਾਬ ਦੇਣ ਦੀ ਬਜਾਏ, ਉਹ ਨਿੱਜੀ ਹਮਲਿਆਂ ‘ਤੇ ਉਤਰ ਆਏ।   ਰਵਨੀਤ ਸਿੰਘ ਬਿੱਟੂ ਨੂੰ ਹੋਰ ਘੇਰਦਿਆਂ ਬਲਤੇਜ ਪੰਨੂ ਨੇ 2017 ਵਿੱਚ ਕਾਂਗਰਸ ਸਰਕਾਰ ਦੌਰਾਨ ਬਿੱਟੂ ਦੇ ਭਰਾ ਨੂੰ ਪੰਜਾਬ ਪੁਲਿਸ ਵਿੱਚ ਡੀਐੱਸਪੀ ਵਜੋਂ ਭਰਤੀ ਕਰਨ ਦਾ ਮੁੱਦਾ ਚੁੱਕਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਿਯੁਕਤੀ ਨੂੰ ਸੰਭਵ ਬਣਾਉਣ ਲਈ ਉਮਰ ਦੇ ਮਾਪਦੰਡ, ਵਿਦਿਅਕ ਯੋਗਤਾ ਅਤੇ ਭਰਤੀ ਪ੍ਰਕਿਰਿਆਵਾਂ ਸਮੇਤ ਕਈ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਸਨ। ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਜੇਕਰ ਰਵਨੀਤ ਸਿੰਘ ਬਿੱਟੂ ਦਾ ਮੰਨਣਾ ਹੈ ਕਿ ਪੰਜਾਬ ਪੁਲਿਸ ਇੰਨੀ ਮਾੜੀ ਹੈ ਅਤੇ ਉਹ ਦਾਅਵਾ ਕਰਦੇ ਹਨ ਕਿ ਪੰਜਾਬੀ ਇਸ ਫੋਰਸ ਨੂੰ ਨਫ਼ਰਤ ਕਰਦੇ ਹਨ, ਤਾਂ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਉਸੇ ਵਿਭਾਗ ਵਿੱਚ ਭਰਤੀ ਕਰਵਾਉਣ ਲਈ ਇੰਨੇ ਅਸਾਧਾਰਨ ਯਤਨ ਕਿਉਂ ਕੀਤੇ?   ਪਿਛਲੀਆਂ ਸਰਕਾਰਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਾਲ ਤੁਲਨਾ ਕਰਦਿਆਂ ਬਲਤੇਜ ਪੰਨੂ ਨੇ ਦੱਸਿਆ ਕਿ ਬਿਨਾਂ ਕਿਸੇ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਜਾਂ ਸਿਫ਼ਾਰਸ਼ ਦੇ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ‘ਤੇ 65,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਵਿਰੋਧੀ ਨੇਤਾਵਾਂ ਨੂੰ ਚੁਣੌਤੀ ਦਿੱਤੀ ਕਿ ਉਹ ਮੌਜੂਦਾ ਪੰਜਾਬ ਸਰਕਾਰ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਰਾਹੀਂ ਹੋਈ ਭਰਤੀ ਦੀ ਇੱਕ ਵੀ ਮਿਸਾਲ ਪੇਸ਼ ਕਰਨ।   ਬਿਨਾਂ ਸ਼ਰਤ ਮੁਆਫੀ ਦੀ ਮੰਗ ਕਰਦੇ ਹੋਏ ਬਲਤੇਜ ਪੰਨੂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਪੂਰੀ ਪੰਜਾਬ ਪੁਲਿਸ ਫੋਰਸ, ਖ਼ਾਸ ਕਰਕੇ ਸਬ-ਇੰਸਪੈਕਟਰ ਅਤੇ ਐੱਸਐੱਸਪੀ ਨਵਜੋਤ ਕੌਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਖ਼ਿਲਾਫ਼ ਉਨ੍ਹਾਂ ਨੇ ਟਕਰਾਅ ਦੌਰਾਨ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਸਖ਼ਤ ਮਿਹਨਤ, ਪੜ੍ਹਾਈ, ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਆਪਣੇ ਪਰਿਵਾਰਾਂ ਦੀਆਂ ਕੁਰਬਾਨੀਆਂ ਸਦਕਾ ਇਹ ਮੁਕਾਮ ਹਾਸਲ ਕਰਦੇ ਹਨ, ਨਾ ਕਿ ਵਿਸ਼ੇਸ਼ ਨਿਯਮਾਂ ਦੇ ਬਦਲਾਅ ਅਤੇ ਸਿਆਸੀ ਪ੍ਰਭਾਵ ਰਾਹੀਂ।

Punjab

ਪੰਜਾਬ ਨਿਗਮ ਚੋਣ ਨਤੀਜੇ: 'ਆਪ' ਦਾ ਦਬਦਬਾ, 500 ਤੋਂ ਪਾਰ ਪਹੁੰਚਿਆ ਸੀਟਾਂ ਦਾ ਅੰਕੜਾ

ਚੰਡੀਗੜ੍ਹ: ਪੰਜਾਬ ਵਿੱਚ ਸਥਾਨਕ ਨਿਕਾਏ ਚੋਣਾਂ (Municipal Elections) ਦੇ ਨਤੀਜਿਆਂ ਨੇ ਸੂਬੇ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ (AAP) ਦੀ ਪਕੜ ਨੂੰ ਮਜ਼ਬੂਤ ਕਰ ਦਿੱਤਾ ਹੈ। ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ ਦੀ ਵੋਟਾਂ ਦੀ ਗਿਣਤੀ ਦੌਰਾਨ ‘ਆਪ’ ਨੇ ਵੱਡੀ ਲੀਡ ਹਾਸਲ ਕਰਦੇ ਹੋਏ 500 ਤੋਂ ਵੱਧ ਸੀਟਾਂ ‘ਤੇ ਜਿੱਤ ਦਾ ਪਰਚਮ ਲਹਿਰਾਇਆ ਹੈ। ਸ਼ਹਿਰੀ ਵੋਟਰਾਂ ਦੇ ਇਸ ਫੈਸਲੇ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ‘ਆਪ’ ਦੀ ਹੂੰਝਾ ਫੇਰ ਜਿੱਤ, ਵਿਰੋਧੀ ਧਿਰਾਂ ਪਛੜੀਆਂ ਚੋਣ ਨਤੀਜਿਆਂ ਦੇ ਰੁਝਾਨਾਂ ਅਤੇ ਐਲਾਨੇ ਗਏ ਨਤੀਜਿਆਂ ਮੁਤਾਬਕ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਵਿਕਾਸ ਕਾਰਜਾਂ ‘ਤੇ ਸ਼ਹਿਰੀ ਵੋਟਰਾਂ ਨੇ ਮੋਹਰ ਲਗਾਈ ਹੈ। ਪਾਰਟੀ ਨੇ ਕਈ ਪ੍ਰਮੁੱਖ ਨਗਰ ਕੌਂਸਲਾਂ ਅਤੇ ਨਿਗਮਾਂ ‘ਤੇ ਕਬਜ਼ਾ ਕਰ ਲਿਆ ਹੈ। ਉਦਾਹਰਨ ਵਜੋਂ, ਸ਼੍ਰੀ ਆਨੰਦਪੁਰ ਸਾਹਿਬ ਦੇ 13 ਵਾਰਡਾਂ ਵਿੱਚੋਂ 11 ਵਾਰਡਾਂ ‘ਤੇ ‘ਆਪ’ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਦਕਿ ਬਰਨਾਲਾ ਵਿੱਚ ਵੀ ਪਾਰਟੀ ਨੇ ਇੱਕਪਾਸੜ ਹੂੰਝਾ ਫੇਰ ਪ੍ਰਦਰਸ਼ਨ ਕੀਤਾ ਹੈ। ਆਜ਼ਾਦ ਉਮੀਦਵਾਰਾਂ ਨੇ ਸਭ ਨੂੰ ਚੌਂਕਾਇਆ ਇਸ ਵਾਰ ਦੀਆਂ ਚੋਣਾਂ ਵਿੱਚ ਸਭ ਤੋਂ ਦਿਲਚਸਪ ਪਹਿਲੂ ਆਜ਼ਾਦ (Independent) ਉਮੀਦਵਾਰਾਂ ਦਾ ਪ੍ਰਦਰਸ਼ਨ ਰਿਹਾ ਹੈ। ਰਵਾਇਤੀ ਪਾਰਟੀਆਂ ਜਿਵੇਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਛੇ ਛੱਡਦਿਆਂ, ਆਜ਼ਾਦ ਉਮੀਦਵਾਰ ਦੂਜੇ ਨੰਬਰ ‘ਤੇ ਸਭ ਤੋਂ ਵੱਡੀ ਤਾਕਤ ਵਜੋਂ ਉੱਭਰੇ ਹਨ। ਕਈ ਵਾਰਡਾਂ ਵਿੱਚ ਸਥਾਨਕ ਚਿਹਰਿਆਂ ਨੇ ਸਿਆਸੀ ਪਾਰਟੀਆਂ ਦੇ ਸਮੀਕਰਨ ਵਿਗਾੜ ਦਿੱਤੇ। ਪਾਰਟੀ ਵਾਈਜ਼ ਮੌਜੂਦਾ ਸਥਿਤੀ (ਲਗਭਗ ਅੰਕੜੇ) ਸਿਆਸੀ ਪਾਰਟੀ ਜਿੱਤੀਆਂ/ਮੋਹਰੀ ਸੀਟਾਂ ਆਮ ਆਦਮੀ ਪਾਰਟੀ (AAP) 500+ ਆਜ਼ਾਦ ਉਮੀਦਵਾਰ 160+ ਭਾਰਤੀ ਰਾਸ਼ਟਰੀ ਕਾਂਗਰਸ 160+ ਸ਼੍ਰੋਮਣੀ ਅਕਾਲੀ ਦਲ (SAD) 110+ ਭਾਰਤੀ ਜਨਤਾ ਪਾਰਟੀ (BJP) 30+ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਜਤਾਇਆ ਜਨਤਾ ਦਾ ਧੰਨਵਾਦ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੇਂਡੂ ਚੋਣਾਂ (ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ) ਅਤੇ ਹੁਣ ਸ਼ਹਿਰੀ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਾ ‘ਆਪ’ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ, ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ ਅਤੇ ਰੁਜ਼ਗਾਰ ਦੇ ਫੈਸਲਿਆਂ ਦੇ ਨਾਲ ਖੜ੍ਹੀ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਗਿਣਤੀ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਬਣਾਏ ਗਏ 115 ਗਿਣਤੀ ਕੇਂਦਰਾਂ ਦੇ ਬਾਹਰ ਪੰਜਾਬ ਪੁਲਿਸ ਵੱਲੋਂ ਬਹੁ-ਪਰਤੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਚੋਣ ਕਮਿਸ਼ਨ ਦੀ ਮੁਸਤੈਦੀ ਸਦਕਾ ਵੋਟਾਂ ਦੀ ਗਿਣਤੀ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹਿਆ। ਦੱਸਣਯੋਗ ਹੈ ਕਿ 26 ਮਈ ਨੂੰ ਹੋਈ ਪੋਲਿੰਗ ਦੌਰਾਨ ਕਰੀਬ 64 ਫ਼ੀਸਦੀ ਵੋਟਰਾਂ ਨੇ ਆਪਣੇ ਲੋਕਤੰਤਰੀ ਹੱਕ ਦਾ ਇਸਤੇਮਾਲ ਕੀਤਾ ਸੀ।

Punjab

ਸੁਪ੍ਰੀਮ ਕੋਰਟ ਦੀ NTA ਨੂੰ ਫਿਟਕਾਰ: "UPSC ਕੋਲੋਂ ਸਿੱਖਣ ਦੀ ਲੋੜ, ਜਵਾਬਦੇਹੀ ਤੈਅ ਕੀਤੇ ਬਿਨਾਂ ਨਹੀਂ ਰੁਕਣਗੀਆਂ ਪੇਪਰ ਲੀਕ ਦੀਆਂ ਘਟਨਾਵਾਂ"

ਨਵੀਂ ਦਿੱਲੀ: ਦੇਸ਼ ਵਿੱਚ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘NEET-UG’ ਦੇ ਪੇਪਰ ਲੀਕ ਮਾਮਲੇ ‘ਤੇ ਸੁਣਵਾਈ ਕਰਦਿਆਂ ਸੁਪ੍ਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੂੰ ਸਖ਼ਤ ਫਿਟਕਾਰ ਲਗਾਈ ਹੈ। ਜਸਟਿਸ ਪੀ. ਐੱਸ. ਨਰਸਿਮਹਾ ਅਤੇ ਜਸਟਿਸ ਆਲੋਕ ਅਰਾਧੇ ਦੇ ਬੈਂਚ ਨੇ ਪ੍ਰੀਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ NTA ਨੂੰ ਦੇਸ਼ ਦੀਆਂ ਹੋਰ ਪ੍ਰਮੁੱਖ ਪ੍ਰੀਖਿਆ ਸੰਸਥਾਵਾਂ, ਖਾਸ ਕਰਕੇ UPSC (ਸੰਘ ਲੋਕ ਸੇਵਾ ਆਯੋਗ) ਤੋਂ ਸਿੱਖਣ ਦੀ ਲੋੜ ਹੈ, ਜਿੱਥੇ ਅੱਜ ਤੱਕ ਕਦੇ ਵੀ ਪੇਪਰ ਲੀਕ ਜਾਂ ਅਜਿਹੇ ਵਿਵਾਦ ਸਾਹਮਣੇ ਨਹੀਂ ਆਏ। “UPSC ਤੋਂ ਸਿੱਖੋ, ਉੱਥੇ ਕਦੇ ਪੇਪਰ ਲੀਕ ਨਹੀਂ ਹੁੰਦਾ” ਸੁਣਵਾਈ ਦੌਰਾਨ ਮਾਨਯੋਗ ਜੱਜਾਂ ਨੇ ਕਿਹਾ ਕਿ ਦੇਸ਼ ਵਿੱਚ UPSC ਵਰਗੀ ਸੰਸਥਾ ਵੀ ਹੈ ਜੋ ਇੰਨੇ ਵੱਡੇ ਪੱਧਰ ‘ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਕਰਵਾਉਂਦੀ ਹੈ, ਪਰ ਉੱਥੇ ਕਦੇ ਵੀ ਸੁਰੱਖਿਆ ਵਿੱਚ ਸੰਨ੍ਹ ਲੱਗਣ ਜਾਂ ਪੇਪਰ ਲੀਕ ਹੋਣ ਵਰਗੀ ਸਥਿਤੀ ਪੈਦਾ ਨਹੀਂ ਹੋਈ। ਅਦਾਲਤ ਨੇ ਕਿਹਾ, “UPSC ਵਿੱਚ ਕਦੇ ਅਜਿਹੇ ਹਾਲਾਤ ਨਹੀਂ ਬਣੇ, ਤੁਹਾਨੂੰ (NTA) ਉਨ੍ਹਾਂ ਦੇ ਸਿਸਟਮ ਤੋਂ ਸਿੱਖਣ ਦੀ ਸਖ਼ਤ ਲੋੜ ਹੈ।” ਜਵਾਬਦੇਹੀ ਤੈਅ ਕੀਤੇ ਬਿਨਾਂ ਸਮੱਸਿਆ ਦਾ ਹੱਲ ਅਸੰਭਵ ਸੁਪ੍ਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਸਿਰਫ਼ ਕਮੇਟੀਆਂ ਬਣਾਉਣ ਜਾਂ ਸੁਧਾਰਾਂ ਦੀਆਂ ਸਿਫ਼ਾਰਸ਼ਾਂ ਕਰਨ ਨਾਲ ਪੇਪਰ ਲੀਕ ਦੀਆਂ ਘਟਨਾਵਾਂ ਨਹੀਂ ਰੁਕਣਗੀਆਂ। ਅਦਾਲਤ ਨੇ ਕਿਹਾ ਕਿ ਅਸਲ ਸਮੱਸਿਆ ਉਦੋਂ ਤੱਕ ਹੱਲ ਨਹੀਂ ਹੋਵੇਗੀ ਜਦੋਂ ਤੱਕ ਸਿਸਟਮ ਵਿੱਚ ਨਿੱਜੀ ਜਵਾਬਦੇਹੀ ਤੈਅ ਨਹੀਂ ਕੀਤੀ ਜਾਂਦੀ। ਜਸਟਿਸ ਨਰਸਿਮਹਾ ਨੇ ਕਿਹਾ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰੀਖਿਆ ਦੀ ਸੁਰੱਖਿਆ ਲਈ ਕਿਸ ਖਾਸ ਵਿਅਕਤੀ ਜਾਂ ਅਧਿਕਾਰੀ ਦੇ ਮੋਢਿਆਂ ‘ਤੇ ਜ਼ਿੰਮੇਵਾਰੀ ਸੀ। ਜਦੋਂ ਤੱਕ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਅਜਿਹੀਆਂ ਗਲਤੀਆਂ ਵਾਰ-ਵਾਰ ਦੋਹਰਾਈਆਂ ਜਾਣਗੀਆਂ। ਸੰਸਥਾਵਾਂ ਦਾ ‘ਐਡ-ਹਾਕ’ (Ad-hoc) ਹੋਣਾ ਸਭ ਤੋਂ ਵੱਡੀ ਕਮਜ਼ੋਰੀ ਅਦਾਲਤ ਨੇ ਦੇਸ਼ ਵਿੱਚ ਪ੍ਰੀਖਿਆ ਕਰਵਾਉਣ ਵਾਲੀਆਂ ਸੰਸਥਾਵਾਂ ਦੇ ਅਸਥਾਈ (Ad-hoc) ਢਾਂਚੇ ‘ਤੇ ਵੀ ਚਿੰਤਾ ਪ੍ਰਗਟਾਈ। ਬੈਂਚ ਨੇ ਕਿਹਾ ਕਿ ਜ਼ਿਆਦਾਤਰ ਸੰਸਥਾਵਾਂ ਵਿੱਚ ਨਿਰੰਤਰਤਾ ਅਤੇ ਸਥਾਈ ਮਾਹਰਾਂ ਦੀ ਕਮੀ ਹੈ। ਅਦਾਲਤ ਨੇ ਕੇਂਦਰ सरकार ਨੂੰ ਇੱਕ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ਵਿੱਚ ਇਹ ਦੱਸਿਆ ਜਾਵੇ ਕਿ NTA ਵਰਗੀਆਂ ਸੰਸਥਾਵਾਂ ਵਿੱਚ ਇੱਕ ‘ਸਥਾਈ ਸੰਸਥਾਗਤ ਯਾਦਦਾਸ਼ਤ’ (Institutional memory of continuity) ਕਿਵੇਂ ਬਣਾਈ ਜਾ ਸਕਦੀ ਹੈ, ਤਾਂ ਜੋ ਭਵਿੱਖ ਵਿੱਚ ਬਿਨਾਂ ਕਿਸੇ ਦਾਗ ਦੇ ਪਾਰਦਰਸ਼ੀ ਤਰੀਕੇ ਨਾਲ ਪ੍ਰੀਖਿਆਵਾਂ ਕਰਵਾਈਆਂ ਜਾ ਸਕਣ। ਵਿਦਿਆਰਥੀਆਂ ਲਈ ਬੇਹੱਦ ਦੁਖਦਾਈ ਹੈ ਇਹ ਸਥਿਤੀ ਅਦਾਲਤ ਨੇ NEET ਪ੍ਰੀਖਿਆ ਵਿੱਚ ਹੋਈਆਂ ਗੜਬੜੀਆਂ ਕਾਰਨ ਲੱਖਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ‘ਤੇ ਪੈਣ ਵਾਲੇ ਮਾਨਸਿਕ ਪ੍ਰਭਾਵ ਦਾ ਜ਼ਿਕਰ ਵੀ ਕੀਤਾ। ਸੁਪ੍ਰੀਮ ਕੋਰਟ ਨੇ ਕਿਹਾ ਕਿ ਦੇਸ਼ ਦੇ ਲੱਖਾਂ ਬੱਚੇ ਦਿਨ-ਰਾਤ ਮਿਹਨਤ ਕਰਦੇ ਹਨ, ਅਤੇ ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਇਹ ਨਾ ਸਿਰਫ਼ ਵਿਦਿਆਰਥੀਆਂ ਲਈ ਬਲਕਿ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਬੇਹੱਦ ‘ਟਰਾਮੈਟਿਕ’ (ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਵਾਲੀ) ਹੁੰਦੀ ਹੈ। ਅਸੀਂ ਦੇਸ਼ ਦੇ ਨੌਜਵਾਨਾਂ ਨੂੰ ਨਿਰਾਸ਼ ਨਹੀਂ ਕਰ ਸਕਦੇ।

Punjab

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਦੀ ਧੀ ਬਣੀ ਭਾਰਤੀ ਜਲ ਸੈਨਾ ਵਿੱਚ ਸਬ-ਲੈਫਟੀਨੈਂਟ

ਚੰਡੀਗੜ੍ਹ, 29 ਮਈ: ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼, ਐਸ.ਏ.ਐਸ. ਨਗਰ (ਮੁਹਾਲੀ) ਦੀ ਇੱਕ ਹੋਰ ਕੈਡਿਟ ਨਿਸ਼ਾ ਨੂੰ ਭਾਰਤੀ ਜਲ ਸੈਨਾ ਵਿੱਚ ਸਬ ਲੈਫਟੀਨੈਂਟ ਵਜੋਂ ਕਮਿਸ਼ਨ ਮਿਲਿਆ ਹੈ। ਉਸ ਨੇ ਇੰਡੀਅਨ ਨੇਵਲ ਅਕੈਡਮੀ, ਏਝੀਮਾਲਾ (ਕੇਰਲਾ) ਤੋਂ ਸਫਲਤਾਪੂਰਵਕ ਪਾਸ ਆਊਟ ਕੀਤਾ ਅਤੇ ਆਪਣੀ ਸੰਸਥਾ ਅਤੇ ਪਰਿਵਾਰ ਦਾ ਮਾਣ ਵਧਾਇਆ। ਇਸ ਪ੍ਰਭਾਵਸ਼ਾਲੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਵਾਈਸ ਐਡਮਿਰਲ ਸਮੀਰ ਸਕਸੈਨਾ, ਜੋ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਦੱਖਣੀ ਨੇਵਲ ਕਮਾਂਡ ਹਨ, ਵੱਲੋਂ ਕੀਤਾ ਗਿਆ। ਭਾਰਤੀ ਨੇਵੀ ਦੀ ਸਿੱਖਿਆ ਸ਼ਾਖਾ ਵਿੱਚ ਕਮਿਸ਼ਨ ਹਾਸਲ ਕਰਨ ਵਾਲੀ ਸਬ ਲੈਫਟੀਨੈਂਟ ਨਿਸ਼ਾ ਦੇ ਪਿਤਾ ਸ੍ਰੀ ਦਿਨੇਸ਼ ਚੰਦਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੀਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਸਬ ਲੈਫਟੀਨੈਂਟ ਨਿਸ਼ਾ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਸਦੀ ਸਫਲਤਾ ਪੰਜਾਬ ਦੀਆਂ ਹੋਰ ਧੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਦੀਆਂ ਚਾਹਵਾਨ ਲੜਕੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਪ੍ਰਤੀ ਵਚਨਬੱਧ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਜੁਲਾਈ 2023 ਵਿੱਚ ਮਾਈ ਭਾਗੋ ਏਐਫਪੀਆਈ ਵਿਖੇ ਕੁੜੀਆਂ ਲਈ ਇੱਕ ਐਨਡੀਏ ਪ੍ਰਾਪਰੇਟਰੀ ਵਿੰਗ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦਾ ਤੀਜਾ ਬੈਚ ਇਸ ਸਮੇਂ ਸਿਖਲਾਈ ਪ੍ਰਾਪਤ ਕਰ ਰਿਹਾ ਹੈ। ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ. (ਸੇਵਾਮੁਕਤ) ਨੇ ਸਬ ਲੈਫਟੀਨੈਂਟ ਨਿਸ਼ਾ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਹਥਿਆਰਬੰਦ ਸੈਨਾਵਾਂ ਵਿੱਚ ਹੋਰ ਲੜਕੀਆਂ ਨੂੰ ਸ਼ਾਮਲ ਕਰਨ ਸਬੰਧੀ ਸੂਬਾ ਸਰਕਾਰ ਦੇ ਯਤਨਾਂ ਨੂੰ ਵੱਡਾ ਹੁਲਾਰਾ ਦੇਵੇਗੀ। ਉਨ੍ਹਾਂ ਨੇ ਨਵੀਂ ਕਮਿਸ਼ਨਡ ਅਫਸਰ ਨੂੰ ਭਾਰਤੀ ਜਲ ਸੈਨਾ ਵਿੱਚ ਉੱਜਵਲ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।  

Punjab

ਜਲੰਧਰ ਵਿੱਚ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; 5 ਪਿਸਤੌਲਾਂ ਸਮੇਤ ਤਿੰਨ ਕਾਬੂ

ਚੰਡੀਗੜ੍ਹ/ਜਲੰਧਰ, 29 ਮਈ: ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਪੰਜ .32 ਬੋਰ ਪਿਸਤੌਲਾਂ ਦੇ ਨਾਲ-ਨਾਲ 9 ਮੈਗਜ਼ੀਨਾਂ ਅਤੇ 22 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਨਜੋਤ ਸਿੰਘ ਵਾਸੀ ਪਿੰਡ ਢੇਸੀਆਂ, ਗੁਰਦਾਸਪੁਰ; ਸੰਦੀਪ ਸਿੰਘ ਵਾਸੀ ਪਿੰਡ ਜਾਗੋਵਾਲ, ਗੁਰਦਾਸਪੁਰ ਅਤੇ ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਪਿੰਡ ਭੈਣੀ ਪਸਵਾਲ, ਗੁਰਦਾਸਪੁਰ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦਾ ਮੁਕੰਮਲ ਖਾਤਮਾ ਕਰਨ ਲਈ ਹੋਰ ਜਾਂਚ ਜਾਰੀ ਹੈ। ਪੁਲਿਸ ਕਮਿਸ਼ਨਰ (ਸੀਪੀ) ਧਨਪ੍ਰੀਤ ਕੌਰ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਪੁਲਿਸ ਟੀਮ ਨੇ ਸ਼ੱਕੀ ਮਨਜੋਤ ਸਿੰਘ ਨੂੰ ਬੱਸ ਸਟੈਂਡ ਜਲੰਧਰ ਨੇੜਿਓਂ ਇੱਕ .32 ਬੋਰ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਮਨਜੋਤ ਨੇ ਆਪਣੇ ਖੁਲਾਸੇ ਦੌਰਾਨ ਇਸ ਮਾਡਿਊਲ ਵਿੱਚ ਸ਼ਾਮਲ ਆਪਣੇ ਦੋ ਸਾਥੀਆਂ – ਸੰਦੀਪ ਅਤੇ ਅਮਨਦੀਪ – ਬਾਰੇ ਜਾਣਕਾਰੀ ਦਿੱਤੀ।  ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਣਕਾਰੀ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਤੋਂ ਉਕਤ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਅਮਨਦੀਪ ਦੇ ਖੁਲਾਸੇ ਦੇ ਅਧਾਰ ‘ਤੇ, ਪੁਲਿਸ ਟੀਮਾਂ ਨੇ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਵਿਖੇ ਧੁੱਸੀ ਬੰਨ੍ਹ ਨੇੜੇ ਛੁਪਾਏ ਗਏ ਚਾਰ ਹੋਰ .32 ਬੋਰ ਪਿਸਤੌਲਾਂ ਦੇ ਨਾਲ-ਨਾਲ ਅੱਠ ਮੈਗਜ਼ੀਨਾਂ ਅਤੇ 18 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ, ਐਫਆਈਆਰ ਨੰਬਰ 153 ਮਿਤੀ 25/5/2026 ਨੂੰ ਜਲੰਧਰ ਕਮਿਸ਼ਨਰੇਟ ਦੇ ਪੁਲਿਸ ਸਟੇਸ਼ਨ ਡਿਵੀਜ਼ਨ-6 ਵਿਖੇ ਅਸਲਾ ਐਕਟ ਦੀ ਧਾਰਾ 25 (1-ਬੀ)ਏ ਤਹਿਤ ਦਰਜ ਕੀਤੀ ਗਈ ਹੈ। ————–  

Punjab

ਨਗਰ ਨਿਗਮ ਬਰਨਾਲਾ ਦੇ ਆਏ ਨਤੀਜਿਆਂ 'ਚੋਂ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ

ਆਪ ਨੇ 36, ਭਾਜਪਾ ਨੇ 6, ਕਾਂਗਰਸ ਨੇ 2 ਅਤੇ 6 ਆਜ਼ਾਦ ਵੀ ਉਮੀਦਵਾਰ ਵੀ ਜੇਤੂ ਰਹੇ, ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਖੁਲਿਆ ਖਾਤਾ ਜਗਸੀਰ ਸਿੰਘ ਸੰਧੂ ਨਗਰ ਨਿਗਮ ਬਰਨਾਲਾ ਦੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਹਾਸਲ ਕਰ ਲਈ ਹੈ। ਕੁੱਲ 50 ਵਾਰਡਾਂ ਵਾਲੀ ਨਗਰ ਨਿਗਮ ਬਰਨਾਲਾ ਦੀ ਪਲੇਠੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ 36 ਵਾਰਡਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ ਇੱਕ ਤਿਹਾਈ ਬਹੁਮਤ ਹਾਸਲ ਕਰ ਲਿਆ ਹੈ। ਨਗਰ ਨਿਗਮ ਬਰਨਾਲਾ ਦੀ ਇਸ ਚੋਣ ਵਿਚ ਭਾਜਪਾ ਨੂੰ  6 ਵਾਰਡਾਂ ਵਿੱਚ ਅਤੇ ਕਾਂਗਰਸ ਪਾਰਟੀ ਨੇ ਸਿਰਫ 2 ਵਾਰਡਾਂ ਵਿੱਚ ਹੀ ਜਿੱਤ ਪ੍ਰਾਪਤ ਹੋਈ ਹੈ ਜਦਕਿ 6 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ, ਪਰ ਸ੍ਰੋਮਣੀ ਅਕਾਲੀ ਦਲ ਦਾ ਇਹਨਾਂ ਚੋਣਾਂ ਵਿੱਚ ਖਾਤਾ ਵੀ ਨਹੀਂ ਖੁੱਲਿਆ ਸਕਿਆ। ਨਗਰ ਨਿਗਮ ਬਰਨਾਲਾ ਦੇ ਆਏ ਚੋਣ ਨਤੀਜਿਆਂ ਦਾ ਵੇਰਵਾ ਇਸ ਤਰਾਂ ਹੈ। ਵਾਰਡ ਨੰਬਰ 1 ਤੋਂ ਪਰਮਜੀਤ ਕੌਰ ‘ਆਪ’ ਵਾਰਡ ਨੰਬਰ 2 ਤੋਂ ਜਸਵਿੰਦਰ ਸਿੰਘ ”ਆਪ’ ਵਾਰਡ ਨੰਬਰ 3 ਤੋਂ ਕਰਮਜੀਤ ਕੌਰ ”ਆਪ’ ਵਾਰਡ ਨੰਬਰ 4 ਤੋਂ ਗੁਰਪ੍ਰੀਤ ਸਿੰਘ ‘ਆਪ’ ਵਾਰਡ ਨੰਬਰ 5 ਤੋਂ ਅਮਰਜੀਤ ਕੌਰ ‘ਆਪ’  ਵਾਰਡ ਨੰਬਰ 6 ਤੋਂ ਸਿਮਰਤਪਾਲ ਸਿੰਘ ਜੰਡੂ ‘ਆਪ’ ਵਾਰਡ ਨੰਬਰ 7 ਤੋਂ ਅਮਨਦੀਪ ਕੌਰ ‘ਆਪ’ ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ ਧਰਮਾ ‘ਆਪ’ ਵਾਰਡ ਨੰਬਰ 9 ਤੋਂ ਰੇਨੂੰ ਧਰਮਾ ‘ਆਪ’ ਵਾਰਡ ਨੰਬਰ 10 ਤੋਂ ਗੋਲੂ ਮੱਦੀ “ਆਜ਼ਾਦ”  ਵਾਰਡ ਨੰਬਰ 11 ਤੋਂ ਸ਼ਰਨਦੀਪ ਲਾਡੀ ‘ਆਜਾਦ’ ਵਾਰਡ ਨੰਬਰ 12 ਤੋਂ ਜਸਵੀਰ ਜੱਸਾ ‘ਆਪ’ ਵਾਰਡ ਨੰਬਰ 13 ਤੋਂ ਹਰਮਿੰਦਰ ਕੌਰ ਜੱਗੂ ਮੋਰ ‘ਆਪ’ ਵਾਰਡ ਨੰਬਰ 14 ਤੋਂ ਰਣਜੀਤ ਜੀਤਾ ਮੋਰ ‘ਆਪ’ ਵਾਰਡ ਨੰਬਰ 15 ਤੋਂ ਦੀਪਇੰਦਰ ਕੌਰ ਗੱਖੀ  ‘ਭਾਜਪਾ’ ਵਾਰਡ ਨੰਬਰ 16 ਤੋਂ ਜਗਸੀਰ ਲਾਡੀ ਸਰਪੰਚ ‘ਆਪ’ ਵਾਰਡ ਨੰਬਰ 17 ਤੋਂ ਰਣਜੀਤ ਕੌਰ ‘ਆਜ਼ਾਦ’  ਵਾਰਡ ਨੰਬਰ 18 ਤੋਂ ਗੁਰਜੀਤ ਰਾਮਣਵਾਸੀਆ ‘ਆਪ’

Punjab

ਗੈਂਗਸਟਰਾਂ ‘ਤੇ ਵਾਰ ਦਾ 129ਵਾਂ ਦਿਨ: ਪੰਜਾਬ ਪੁਲਿਸ ਵੱਲੋਂ 438 ਥਾਈਂ ਛਾਪੇਮਾਰੀ; 156 ਗ੍ਰਿਫ਼ਤਾਰ

ਚੰਡੀਗੜ੍ਹ, 29 ਮਈ: ਸੂਬੇ ਵਿੱਚ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’  ਦੇ 129ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 438 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। 129ਵੇਂ ਦਿਨ ਪੁਲਿਸ ਟੀਮਾਂ ਨੇ 156 ਵਿਅਕਤੀਆਂ ਨੂੰ 1 ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 32,553 ਹੋ ਗਈਆਂ।   ਇਸ ਤੋਂ ਇਲਾਵਾ 96 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 09 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 1 ਭਗੌੜੇ ਅਪਰਾਧੀ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ, ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਰਿਪੋਰਟ ਕਰ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ ਨੂੰ 454ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 58 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 366 ਗ੍ਰਾਮ ਹੈਰੋਇਨ, 105 ਕਿਲੋ ਭੁੱਕੀ, 1855 ਨਸ਼ੀਲੀਆਂ ਗੋਲੀਆਂ ਅਤੇ 29,200 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਨਾਲ ਸਿਰਫ 454 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 65,775 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 10 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।  

Punjab

ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪ੍ਰੋਗਰਾਮ ਵਿੱਚ ਅੰਸ਼ਕ ਸੋਧ: ਸੀਈਓ ਅਨਿੰਦਿਤਾ ਮਿਤਰਾ

ਚੰਡੀਗੜ੍ਹ, 29 ਮਈ: ਭਾਰਤੀ ਚੋਣ ਕਮਿਸ਼ਨ ਵਲੋਂ ਅੱਜ ਪੰਜਾਬ ਰਾਜ ਲਈ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਪਹਿਲਾਂ ਐਲਾਨੇ ਗਏ ਪ੍ਰੋਗਰਾਮ ਵਿੱਚ ਅੰਸ਼ਕ ਸੋਧ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਮੁੱਖ ਚੋਣ ਅਫ਼ਸਰ  ਪੰਜਾਬ  ਰਾਜ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਹੁਣ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦਾ ਖਰੜਾ ਹੁਣ 03 ਅਗਸਤ, 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ ਪੇਸ਼ ਕਰਨ ਦਾ ਸਮਾਂ 03-08-2026 ਤੋਂ  02-09- 2026 ਤੱਕ ਕਰ ਦਿੱਤਾ ਗਿਆ ਹੈ। ਨੋਟਿਸ ਪੜਾਅ/ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03-08-2026 ਤੋਂ  28-09- 2026 ਤੱਕ ਕੀਤਾ ਜਾਵੇਗਾ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਬਾਕੀ ਸਮਾਂ-ਸਾਰਣੀ 14 ਮਈ 2026 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੀ ਰਹੇਗੀ।  

Punjab

ਲੋਕਾਂ ਨੇ 'ਈਡੀ ਪਾਰਟੀ' (ਭਾਜਪਾ) ਨੂੰ ਨਕਾਰਿਆ, 1,142 ਉਮੀਦਵਾਰਾਂ ਦੀ ਹੋਈ ਜ਼ਮਾਨਤ ਜ਼ਬਤ:ਸਿਸੋਦੀਆ

*ਚੰਡੀਗੜ੍ਹ, 29 ਮਈ , 2026*   ਪੰਜਾਬ ਵਿੱਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਪਰ ਜਿੱਤ ਹਾਸਲ ਕੀਤੀ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਦਫ਼ਤਰ ਵਿੱਚ ਜਸ਼ਨ ਦਾ ਮਾਹੌਲ ਰਿਹਾ। ਸਵੇਰ ਤੋਂ ਹੀ ਨਤੀਜਿਆਂ ਦੇ ਰੁਝਾਨ ‘ਆਪ’ ਦੇ ਪੱਖ ਵਿੱਚ ਆਉਣ ਤੋਂ ਬਾਅਦ ਪਾਰਟੀ ਆਗੂ ਤੇ ਵਰਕਰ ਦਫ਼ਤਰ ‘ਤੇ ਇਕੱਠਾ ਹੋਣਾ ਸ਼ੁਰੂ ਹੋ ਗਏ।   ਜਿੱਤ ਦੀ ਖ਼ੁਸ਼ੀ ਵਿੱਚ ਪਾਰਟੀ ਮੁੱਖ ਦਫ਼ਤਰ ਵਿਖੇ ਵਰਕਰਾਂ ਨੇ ਢੋਲ ਦੀ ਥਾਪ ‘ਤੇ ਜੰਮ ਕੇ ਭੰਗੜਾ ਪਾਇਆ ਅਤੇ ਇੱਕ-ਦੂਜੇ ਨੂੰ ਲੱਡੂ ਖਵਾ ਕੇ ਅਤੇ ਵਧਾਈ ਦੇ ਕੇ ਜਿੱਤ ਦਾ ਜਸ਼ਨ ਮਨਾਇਆ।   ਇਸ ਵਿਜੇ ਉਤਸਵ ਦੇ ਮੌਕੇ ‘ਤੇ ਆਪ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਨ੍ਹਾਂ ਤੋਂ ਇਲਾਵਾ ਪਾਰਟੀ ਦੇ ਤਮਾਮ ਸੀਨੀਅਰ ਆਗੂ, ਵਿਧਾਇਕ ਅਤੇ ਅਹੁਦੇਦਾਰ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਏ।   ਇਸ ਮੌਕੇ ਮੌਜੂਦ ਸੀਨੀਅਰ ਆਗੂਆਂ ਨੇ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀਆਂ ਲੋਕ-ਭਲਾਈ ਨੀਤੀਆਂ ਅਤੇ ਵਿਕਾਸ ਕਾਰਜਾਂ ‘ਤੇ ਜਨਤਾ ਦੀ ਮੋਹਰ ਹੈ। ਨਗਰ ਨਿਗਮਾਂ ਵਿੱਚ ਵੀ ਹੁਣ ‘ਆਪ’ ਦੀ ਸਰਕਾਰ ਬਣਨ ਨਾਲ ਸ਼ਹਿਰਾਂ ਦਾ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ।   ਉੱਥੇ ਹੀ, ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਵੀ ਪੰਜਾਬ ਦੀ ਜਨਤਾ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ, “ਇਨ੍ਹਾਂ ਚੋਣਾਂ ਵਿੱਚ ‘ਆਪ’ ਦੇ ਪੱਖ ਵਿੱਚ ਆਏ ਨਤੀਜਿਆਂ ਨੂੰ ਲੈ ਕੇ ਮੈਂ ਪੰਜਾਬ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੰਨਾ ਵੱਡਾ ਸਨਮਾਨ ਅਤੇ ਆਸ਼ੀਰਵਾਦ ਦਿੱਤਾ ਹੈ।”   ਜਨਤਾ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦਾ ਇਮਾਨਦਾਰੀ ਦੀ ਰਾਜਨੀਤੀ ਕਰਨ ਦਾ ਤਰੀਕਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿਛਲੇ 4 ਸਾਲਾਂ ਦਾ ਕੰਮ ਕਰਨ ਦਾ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ।   ਮਨੀਸ਼ ਸਿਸੋਦੀਆ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਜਦੋਂ ਪੰਜਾਬ ਵਿੱਚ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਹੋਈਆਂ ਸਨ, ਉਦੋਂ ਪਿੰਡਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕਤਰਫ਼ਾ ਬੰਪਰ ਜਿੱਤ ਦਿਵਾਈ ਸੀ ਅਤੇ ਹੁਣ ਨਗਰ ਨਿਗਮ/ਕੌਂਸਲ ਦੀਆਂ ਚੋਣਾਂ ਵਿੱਚ, ਖ਼ਾਸ ਕਰਕੇ ਸ਼ਹਿਰਾਂ ਦੇ ਲੋਕਾਂ ਨੇ ਇਹ ਸਪਸ਼ਟ ਸੰਦੇਸ਼ ਦੇ ਦਿੱਤਾ ਹੈ ਕਿ ਉਨ੍ਹਾਂ ਨੂੰ ਸਾਡੀ ਸਰਕਾਰ ਦੇ ਜਨਹਿਤ ਦੇ ਕੰਮ ਪਸੰਦ ਆ ਰਹੇ ਹਨ।   ਸਿਸੋਦੀਆ ਨੇ ਕਿਹਾ ਕਿ ਮਾਨ ਸਾਹਿਬ ਦੀ ਸਰਕਾਰ ਨੇ ਬਿਜਲੀ, ਪਾਣੀ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਜੋ ਕ੍ਰਾਂਤੀਕਾਰੀ ਕਦਮ ਚੁੱਕੇ ਹਨ, ਜਨਤਾ ਨੇ ਅੱਜ ਉਸ ‘ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਪੰਜਾਬ ਦੇ ਇਸ ਚੋਣ ਨਤੀਜਿਆਂ ਨੇ ਦੋ ਬੇਹੱਦ ਸਾਫ਼ ਸੰਦੇਸ਼ ਦਿੱਤੇ ਹਨ। ਪਹਿਲਾ ਸੰਦੇਸ਼ ਜਨਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਕਾਸ ਕਾਰਜਾਂ ਨੂੰ ਆਪਣਾ ਸਮਰਥਨ ਦੇ ਕੇ ਦਿੱਤਾ ਹੈ, ਅਤੇ ਦੂਜਾ ਕਰਾਰਾ ਸੰਦੇਸ਼ ਜਨਤਾ ਨੇ ‘ਈਡੀ ਪਾਰਟੀ’ (ਭਾਜਪਾ) ਨੂੰ ਦਿੱਤਾ ਹੈ। ਪੰਜਾਬ ਦੇ ਜਾਗਰੂਕ ਵੋਟਰਾਂ ਨੇ ਇਹ ਸਾਫ਼ ਦੱਸ ਦਿੱਤਾ ਹੈ ਕਿ ਪੰਜਾਬ ਦੀ ਧਰਤੀ ‘ਤੇ ‘ਈਡੀ ਪਾਰਟੀ’ ਅਤੇ ਉਸ ਦੀ ਬਦਲਾਖੋਰੀ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ। ਇਸ ਚੋਣ ਵਿੱਚ ਜਨਤਾ ਨੇ ‘ਈਡੀ ਪਾਰਟੀ’ ਨੂੰ ਇਸ ਕਦਰ ਨਕਾਰਿਆ ਹੈ ਕਿ ਉਨ੍ਹਾਂ ਦੇ 1142 ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਹੈ।   ਉਨ੍ਹਾਂ ਅੱਗੇ ਕਿਹਾ ਕਿ ਸਾਡੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਾਲ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਇਤਿਹਾਸਕ ਬਹੁਮਤ ਨਾਲ ਜਿੱਤਣ ਲਈ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਹਾਲਾਂਕਿ ਵਿਧਾਨ ਸਭਾ ਚੋਣਾਂ ਵਿੱਚ ਅਜੇ ਸਮਾਂ ਹੈ, ਪਰ ਨਗਰ ਨਿਗਮ/ਕੌਂਸਲ ਚੋਣਾਂ ਵਿੱਚ ਜਿੱਤੇ ਸਾਡੇ ਇਹ ਤਮਾਮ ਨਵੇਂ ਚੁਣੇ ਗਏ ਮੇਅਰ ਅਤੇ ਕੌਂਸਲਰ ਹੁਣ ਜ਼ਮੀਨੀ ਪੱਧਰ ‘ਤੇ ਮਾਨ ਸਾਹਿਬ ਦਾ ਹੱਥ ਵਟਾਉਣਗੇ। ਅਸੀਂ ਸਾਰੇ ਮਿਲ ਕੇ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਾਂਗੇ ਅਤੇ 2027 ਵਿੱਚ ਇੱਕ ਵਾਰ ਫਿਰ ਪੰਜਾਬ ਵਿੱਚ ਜਿੱਤ ਦਾ ਪਰਚਮ ਲਹਿਰਾਵਾਂਗੇ। 

Punjab

ਇਹ ਜਿਂੱਤ ਆਮ ਲੋਕਾਂ ਦੀਆਂ ਉਮੀਦਾਂ, ਵਿਸ਼ਵਾਸ ਅਤੇ ਬਦਲਾਅ ਦੀ ਸੋਚ ਦੀ ਜਿੱਤ ਹੈ : ਮੋਹਿੰਦਰ ਭਗਤ

ਜਲੰਧਰ, 29 ਮਈ : ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਅਤੇ ਇਤਿਹਾਸਕ ਜਿੱਤ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਇੱਕ ਰਾਜਨੀਤਿਕ ਪਾਰਟੀ ਦੀ ਜਿੱਤ ਨਹੀਂ, ਸਗੋਂ ਆਮ ਲੋਕਾਂ ਦੀਆਂ ਉਮੀਦਾਂ, ਵਿਸ਼ਵਾਸ ਅਤੇ ਬਦਲਾਅ ਦੀ ਸੋਚ ਦੀ ਜਿੱਤ ਹੈ।   ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹੁਣ ਰਾਜਨੀਤੀ ਜਾਤ-ਪਾਤ, ਧਰਮ ਅਤੇ ਝੂਠੇ ਵਾਅਦਿਆਂ ਦੇ ਆਧਾਰ ’ਤੇ ਨਹੀਂ, ਸਗੋਂ ਸਿੱਖਿਆ, ਸਿਹਤ, ਬਿਜਲੀ, ਪਾਣੀ, ਰੋਜ਼ਗਾਰ ਅਤੇ ਵਿਕਾਸ ਵਰਗੇ ਅਸਲ ਮੁੱਦਿਆਂ ’ਤੇ ਹੋਵੇਗੀ।   ਮੋਹਿੰਦਰ ਭਗਤ ਨੇ ਕਿਹਾ ਕਿ ਲੋਕਾਂ ਨੇ ਆਪਣੇ ਵੋਟ ਰਾਹੀਂ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਇਮਾਨਦਾਰ ਅਤੇ ਕੰਮ ਕਰਨ ਵਾਲੀ ਰਾਜਨੀਤੀ ਨੂੰ ਹੀ ਸਮਰਥਨ ਮਿਲੇਗਾ। ਇਹ ਜਿੱਤ ਉਹਨਾਂ ਲੱਖਾਂ ਵਰਕਰਾਂ ਦੀ ਮਿਹਨਤ ਦਾ ਨਤੀਜਾ ਹੈ, ਜਿਨ੍ਹਾਂ ਨੇ ਦਿਨ-ਰਾਤ ਲੋਕਾਂ ਵਿਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਕੀਤਾ।   ਉਨ੍ਹਾਂ ਕਿਹਾ ਕਿ ਅਸੀਂ ਉਹਨਾਂ ਸਾਰੇ ਵੋਟਰਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਭਰੋਸਾ ਜਤਾਇਆ। ਇਹ ਭਰੋਸਾ ਸਾਡੇ ਲਈ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਪਾਰਦਰਸ਼ਤਾ, ਇਮਾਨਦਾਰੀ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਾਂਗੇ।   ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਜਿੱਤ ਲੋਕਤੰਤਰ ਦੀ ਤਾਕਤ ਅਤੇ ਆਮ ਆਦਮੀ ਦੀ ਆਵਾਜ਼ ਦੀ ਜਿੱਤ ਹੈ। ਹੁਣ ਸਾਡਾ ਮਕਸਦ ਸਿਰਫ਼ ਸੱਤਾ ਹਾਸਲ ਕਰਨਾ ਨਹੀਂ, ਸਗੋਂ ਹਰ ਨਾਗਰਿਕ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਹੈ। ਲੋਕਾਂ ਦਾ ਇਹ ਪਿਆਰ ਅਤੇ ਸਮਰਥਨ ਸਾਨੂੰ ਹੋਰ ਵੱਧ ਮਿਹਨਤ ਕਰਨ ਅਤੇ ਪੰਜਾਬ ਦੀ ਤਰੱਕੀ ਲਈ ਨਿਰੰਤਰ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਰਹੇਗਾ। 

Scroll to Top