Actionpunjab

Action Punjab Logo
Breaking News

Author name: Action Punjab

Action Punjab
Punjab

ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਕ ਘਟਨਾ ਲਈ ਸਬੰਧਤ ਜੇਲ੍ਹ ਸੁਪਰਡੈਂਟ ਦੀ ਜ਼ਿੰਮੇਵਾਰੀ ਤੈਅ ਹੋਵੇਗੀ: ਡਾ. ਰਵਜੋਤ ਸਿੰਘ

ਚੰਡੀਗੜ੍ਹ, 1 ਜੂਨ: ਭਵਿੱਖ ਵਿੱਚ ਕਿਸੇ ਵੀ ਜੇਲ੍ਹ ਵਿੱਚ ਹਿੰਸਕ ਘਟਨਾ, ਸੁਰੱਖਿਆ ਵਿੱਚ ਕੁਤਾਹੀ ਜਾਂ ਪ੍ਰਸ਼ਾਸਨਿਕ ਲਾਪਰਵਾਹੀ ਸਾਹਮਣੇ ਆਉਣ ਦੀ ਸੂਰਤ ਵਿੱਚ ਸਬੰਧਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੰਜਾਬ ਦੇ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਦੀਆਂ ਸਮੂਹ ਜੇਲ੍ਹਾਂ ਦੇ ਸੁਪਰਡੈਂਟਾਂ ਨਾਲ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜੇਲ੍ਹਾਂ ਵਿੱਚ ਸੁਰੱਖਿਅਤ, ਅਨੁਸ਼ਾਸਿਤ ਅਤੇ ਸੁਧਾਰਕ ਮਾਹੌਲ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜੇਲ੍ਹਾਂ ਵਿੱਚ ਹਿੰਸਕ ਘਟਨਾਵਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਜੇਲ੍ਹ ਪ੍ਰਬੰਧਨ, ਸੁਰੱਖਿਆ ਵਿਵਸਥਾਵਾਂ, ਬੰਦੀਆਂ ਦੀ ਭਲਾਈ ਅਤੇ ਵਿਭਾਗੀ ਕਾਰਗੁਜ਼ਾਰੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਡਾ. ਰਵਜੋਤ ਸਿੰਘ ਨੇ ਜੇਲ੍ਹ ਅਧਿਕਾਰੀਆਂ ਨੂੰ ਆਪਣੀ ਕਾਰਗੁਜ਼ਾਰੀ ਦਾ ਲਗਾਤਾਰ ਮੁਲਾਂਕਣ ਕਰਨ, ਕਮਜ਼ੋਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਅਤੇ ਉਪਲਬਧ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ ਬਿਹਤਰ ਨਤੀਜੇ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇੱਕ ਸਮਰੱਥ ਅਤੇ ਜ਼ਿੰਮੇਵਾਰ ਅਧਿਕਾਰੀ ਉਹ ਹੁੰਦਾ ਹੈ ਜੋ ਉਪਲਬਧ ਸਰੋਤਾਂ ਨਾਲ ਆਪਣੀ ਡਿਊਟੀ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਪੇਸ਼ੇਵਰਾਨਾ ਢੰਗ ਨਾਲ ਨਿਭਾਉਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਲ੍ਹਾਂ ਅੰਦਰ ਕਿਸੇ ਵੀ ਤਰ੍ਹਾਂ ਦੀ ਹਿੰਸਾ, ਅਨੁਸ਼ਾਸਨਹੀਣਤਾ ਜਾਂ ਗੈਰ-ਕਾਨੂੰਨੀ ਗਤੀਵਿਧੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਲ੍ਹ ਪ੍ਰਬੰਧਨ ਨੂੰ ਹੋਰ ਮਜ਼ਬੂਤ, ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣ ‘ਤੇ ਜ਼ੋਰ ਦਿੰਦਿਆਂ ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਦਾ ਮੁੱਖ ਉਦੇਸ਼ ਸਿਰਫ਼ ਬੰਦੀਆਂ ਨੂੰ ਹਿਰਾਸਤ ਵਿੱਚ ਰੱਖਣਾ ਨਹੀਂ, ਸਗੋਂ ਉਨ੍ਹਾਂ ਦੇ ਸੁਧਾਰ, ਪੁਨਰਵਾਸ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਮੁੜ ਜੋੜਨ ਲਈ ਅਨੁਕੂਲ ਮਾਹੌਲ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਜੇਲ੍ਹ ਪ੍ਰਸ਼ਾਸਨ ਨੂੰ ਬੰਦੀਆਂ ਲਈ ਸਿੱਖਿਆ, ਹੁਨਰ ਵਿਕਾਸ, ਸਿਹਤ ਸਹੂਲਤਾਂ ਅਤੇ ਮਨੋਵਿਗਿਆਨਕ ਸਹਾਇਤਾ ਵਰਗੇ ਉਪਰਾਲਿਆਂ ’ਤੇ ਵਿਸ਼ੇਸ਼ ਧਿਆਨ ਦੇਣ ਦੇ ਆਦੇਸ ਵੀ ਦਿੱਤੇ। ਮੀਟਿੰਗ ਦੌਰਾਨ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸੁਧਾਰਾਤਮਕ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਵਿੱਚ ਬੰਦੀਆਂ ਲਈ ਸਿਹਤ ਸਹੂਲਤਾਂ, ਖੁਰਾਕ ਪ੍ਰਬੰਧ, ਸਟਾਫ਼ ਦੀ ਭਰਤੀ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਕਰਮਚਾਰੀਆਂ ਨਾਲ ਸਬੰਧਤ ਮੁੱਦਿਆਂ ’ਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਜੇਲ੍ਹ ਵਿਭਾਗ ਦੇ ਸਕੱਤਰ ਮੁਹੰਮਦ ਤਈਅਬ, ਏ.ਡੀ.ਜੀ.ਪੀ. ਜੇਲ੍ਹ ਆਰ. ਕੇ. ਜੈਸਵਾਲ ਤੋਂ ਇਲਾਵਾ ਪੰਜਾਬ ਦੀਆਂ ਸਮੂਹ ਜੇਲ੍ਹਾਂ ਦੇ ਸੁਪਰਡੈਂਟ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।  

Punjab

ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਐਚ.ਪੀ.ਸੀ.ਐਲ. ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ

ਚੰਡੀਗੜ੍ਹ, 1 ਜੂਨ: ਪੰਜਾਬ ਦੇ ਇੱਕ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉਭਾਰ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐਚ.ਪੀ.ਸੀ.ਐਲ.) ਦਾ ਵੱਡਾ ਨਿਵੇਸ਼ ਯਕੀਨੀ ਬਣਾਇਆ। ਇਸ ਊਰਜਾ ਖੇਤਰ ਦੀ ਪ੍ਰਮੁੱਖ ਕੰਪਨੀ ਨੇ ਰਿਫਾਇਨਰੀ, ਬਾਇਓਫਿਊਲ ਅਤੇ ਬਾਇਓਗੈਸ ਖੇਤਰਾਂ ਵਿੱਚ ਨਿਵੇਸ਼ ਰਾਹੀਂ ਸੂਬੇ ਵਿੱਚ ਆਪਣਾ ਦਾਇਰਾ ਵਧਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਐਚ.ਪੀ.ਸੀ.ਐਲ. ਦੇ ਚੇਅਰਮੈਨ ਵਿਕਾਸ ਕੌਸ਼ਲ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਮਜ਼ਬੂਤ ਬੁਨਿਆਦੀ ਢਾਂਚੇ, ਰਣਨੀਤਕ ਸਥਿਤੀ, ਨਿਵੇਸ਼ਕ-ਪੱਖੀ ਨੀਤੀਆਂ ਅਤੇ ਪਾਰਦਰਸ਼ੀ ਸ਼ਾਸਨ ਪ੍ਰਣਾਲੀ ‘ਤੇ ਚਾਨਣਾ ਪਾਇਆ, ਜਿਸ ਨੇ ਸੂਬੇ ਨੂੰ ਉੱਤਰੀ ਭਾਰਤ ਦੇ ਸਭ ਤੋਂ ਆਕਰਸ਼ਕ ਨਿਵੇਸ਼ ਕੇਂਦਰ ਵਜੋਂ ਸਥਾਪਿਤ ਕਰਨ ਵਿੱਚ ਮਦਦ ਕੀਤੀ ਹੈ। ਮੀਟਿੰਗ ਦੌਰਾਨ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਿਡ ਨੇ ਪੰਜਾਬ ਵਿੱਚ ਆਪਣੇ ਕੰਮਕਾਜ ਦੇ ਹੋਰ ਵਿਸਤਾਰ ਦਾ ਐਲਾਨ ਵੀ ਕੀਤਾ, ਜਿਸ ਵਿੱਚ ਬਾਇਓਫਿਊਲ ਅਤੇ ਬਾਇਓਗੈਸ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਰੋਜ਼ਗਾਰ ਪੈਦਾ ਹੋਣ, ਪੇਂਡੂ ਆਰਥਿਕਤਾ ਨੂੰ ਮਜ਼ਬੂਤੀ ਮਿਲਣ, ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲਣ ਅਤੇ ਖੇਤੀਬਾੜੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਟਿਕਾਊ ਹੱਲ ਮਿਲਣ ਦੀ ਉਮੀਦ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਤਰੀ ਭਾਰਤ ਦੇ ਪਸੰਦੀਦਾ ਨਿਵੇਸ਼ ਸਥਾਨ ਵਜੋਂ ਪੰਜਾਬ ਦੀ ਸਥਿਤੀ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਸੂਬੇ ਦੀ ਭੂਗੋਲਿਕ ਸਥਿਤੀ, ਰਾਸ਼ਟਰੀ ਰਾਜਧਾਨੀ ਖੇਤਰ (ਐਨ.ਸੀ.ਆਰ.) ਅਤੇ ਪ੍ਰਮੁੱਖ ਬੰਦਰਗਾਹਾਂ ਨਾਲ ਨਿਰਵਿਘਨ ਸੰਪਰਕ, ਮਜ਼ਬੂਤ ਉਦਯੋਗਿਕ ਕਲੱਸਟਰਾਂ, ਨਿਰਵਿਘਨ ਮਿਆਰੀ ਬਿਜਲੀ ਸਪਲਾਈ, ਹੁਨਰਮੰਦ ਕਰਮਚਾਰੀਆਂ ਅਤੇ ਅਗਾਂਹਵਧੂ ਨੀਤੀਆਂ ਦੇ ਤਾਣੇ-ਬਾਣੇ ਬਾਰੇ ਦੱਸਿਆ। ਮੁੱਖ ਮੰਤਰੀ ਨੇ ਐਚ.ਪੀ.ਸੀ.ਐਲ. ਦੇ ਵਫ਼ਦ ਨੂੰ ਪੰਜਾਬ ਦੇ ਪ੍ਰਸ਼ਾਸਨਿਕ ਅਤੇ ਰੈਗੂਲੇਟਰੀ ਸੁਧਾਰਾਂ ਬਾਰੇ ਵੀ ਜਾਣੂ ਕਰਵਾਇਆ, ਜਿਸ ਵਿੱਚ 173 ਤੋਂ ਵੱਧ ਸਰਕਾਰੀ-ਤੋਂ-ਵਪਾਰਕ (G2B) ਸੇਵਾਵਾਂ ਪ੍ਰਦਾਨ ਕਰਨ ਵਾਲਾ ‘ਫਾਸਟ ਟ੍ਰੈਕ ਪੰਜਾਬ’ ਸਿੰਗਲ-ਵਿੰਡੋ ਸਿਸਟਮ, ਆਟੋ-ਡੀਮਡ ਪ੍ਰਵਾਨਗੀਆਂ, ਪੈਨ ਅਧਾਰਤ ਵਪਾਰਕ ਪਛਾਣਕਰਤਾ ਅਤੇ ‘ਪੰਜਾਬ ਰਾਈਟ ਟੂ ਬਿਜ਼ਨਸ ਐਕਟ’ ਵਿੱਚ ਕੀਤੀਆਂ ਸੋਧਾਂ ਸ਼ਾਮਲ ਹਨ, ਜੋ ਸਮੇਂ ਸਿਰ ਸਾਂਝੀਆਂ ਪ੍ਰਵਾਨਗੀਆਂ ਨੂੰ ਸੰਭਵ ਬਣਾਉਂਦੀਆਂ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਸਰਕਾਰ ਦਾ ਵਿਜ਼ਨ ਬਿਲਕੁਲ ਸਪੱਸ਼ਟ ਹੈ। ਅਸੀਂ ਨੀਤੀਆਂ ਵਿੱਚ ਸਥਿਰਤਾ, ਫੈਸਲੇ ਲੈਣ ਵਿੱਚ ਤੇਜ਼ੀ ਅਤੇ ਅਜਿਹੀ ਸ਼ਾਸਨ ਪ੍ਰਣਾਲੀ ਪ੍ਰਦਾਨ ਕਰਕੇ ਪੰਜਾਬ ਨੂੰ ਵਿਸ਼ਵਵਿਆਪੀ ਉਦਯੋਗਾਂ ਲਈ ਇੱਕ ਪਸੰਦੀਦਾ ਸਥਾਨ ਬਣਾਉਣਾ ਚਾਹੁੰਦੇ ਹਾਂ, ਜੋ ਨਿਵੇਸ਼ਕਾਂ ਦੇ ਸਮੇਂ ਅਤੇ ਭਰੋਸੇ ਦਾ ਸਤਿਕਾਰ ਕਰੇ।” ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗਾਂ ਲਈ ਸਾਜ਼ਗਾਰ ਮਾਹੌਲ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ, “ਇਹ ਬਹੁਤ ਉਤਸ਼ਾਹਜਨਕ ਹੈ ਕਿ ਐਚ.ਪੀ.ਸੀ.ਐਲ. ਨੇ ਪੰਜਾਬ ਵਿੱਚ ਰਿਫਾਇਨਰੀ ਅਤੇ ਬਾਇਓਗੈਸ ਵਰਗੇ ਮੁੱਖ ਖੇਤਰਾਂ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ। ਇਹ ਨਿਵੇਸ਼ ਸੂਬੇ ਨੂੰ ਵੱਡਾ ਲਾਭ ਪਹੁੰਚਾਉਣਗੇ। ਆਰਥਿਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣ ਤੋਂ ਇਲਾਵਾ ਇਹ ਪ੍ਰੋਜੈਕਟ ਪੰਜਾਬ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹਣਗੇ।” ਮੁੱਖ ਮੰਤਰੀ ਨੇ ਅੱਗੇ ਕਿਹਾ, “ਇਹ ਖ਼ੁਸ਼ੀ ਦੀ ਗੱਲ ਹੈ ਕਿ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਿਡ 2ਜੀ ਤਕਨਾਲੋਜੀ ‘ਤੇ ਕੰਮ ਕਰਕੇ ਬਠਿੰਡਾ ਵਿੱਚ ਆਪਣੇ ਕੰਮਕਾਜ ਦਾ ਹੋਰ ਵਿਸਤਾਰ ਕਰ ਰਹੀ ਹੈ। ਇਸ ਉਪਰਾਲੇ ਵਿੱਚ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਕੀਮਤੀ ਉਤਪਾਦ ਤਿਆਰ ਕਰਦੇ ਹੋਏ ਬਾਇਓਫਿਊਲ ਖੇਤਰ ਨੂੰ ਮਜ਼ਬੂਤ ਕਰਨ ਦੀ ਬੇਹੱਦ ਸੰਭਾਵਨਾ ਹੈ।” ਉਨ੍ਹਾਂ ਅੱਗੇ ਦੱਸਿਆ ਕਿ ਕੰਪਨੀ ਪੰਜਾਬ ਭਰ ਵਿੱਚ ਦਸ ਬਾਇਓਗੈਸ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜਿਨ੍ਹਾਂ ਵਿੱਚੋਂ ਪੰਜ ਪਹਿਲਾਂ ਹੀ ਚਾਲੂ ਹੋ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਬਾਇਓਗੈਸ ਪ੍ਰੋਜੈਕਟ ਸੂਬੇ ਵਿੱਚ ਖੇਤੀਬਾੜੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਨੂੰ ਯਕੀਨੀ ਬਣਾਉਣ ਵਿੱਚ ਬਹੁਤ ਸਹਾਈ ਸਿੱਧ ਹੋਣਗੇ। ਇਸ ਨਾਲ ਨਾ ਸਿਰਫ਼ ਵਾਤਾਵਰਨ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ, ਸਗੋਂ ਕਿਸਾਨਾਂ ਨੂੰ ਵੀ ਭਰਪੂਰ ਲਾਭ ਹੋਵੇਗਾ।” ਐਚ.ਪੀ.ਸੀ.ਐਲ. ਦੇ ਵਫ਼ਦ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਉਦਯੋਗਿਕ ਵਿਸਤਾਰ ਨੂੰ ਸੁਖਾਲਾ ਬਣਾਉਣ ਦੀ ਆਪਣੀ ਵਚਨਬੱਧਤਾ ‘ਤੇ ਦ੍ਰਿੜ੍ਹ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ, “ਨਿਵੇਸ਼ਕ ਸੱਚੇ ਦੇਸ਼ ਭਗਤ ਹਨ, ਜੋ ਵੱਡੇ ਨਿਵੇਸ਼ ਕਰਕੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਕੇ ਅਤੇ ਬੇਮਿਸਾਲ ਤਰੱਕੀ ਤੇ ਖ਼ੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਕਰਕੇ ਦੇਸ਼ ਦੀ ਸੇਵਾ ਕਰਦੇ ਹਨ। ਪੰਜਾਬ ਸਰਕਾਰ ਹਰ ਉਸ ਨਿਵੇਸ਼ਕ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ, ਜੋ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ।” ਉਨ੍ਹਾਂ ਨੇ ਵਫ਼ਦ ਨੂੰ ਅੱਗੇ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਵਪਾਰਕ ਮਾਹੌਲ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇੱਕ ਸਮਾਂ ਸੀ ਜਦੋਂ ਨਿਵੇਸ਼ਕਾਂ ਨੂੰ ਬੇਲੋੜੀਆਂ ਰੁਕਾਵਟਾਂ ਅਤੇ ਨਾਜਾਇਜ਼ ਮੰਗਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਜ ਪੰਜਾਬ ਸਰਕਾਰ ਸਿਰਫ਼ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਇੱਕ ਪਾਰਦਰਸ਼ੀ, ਨਿਵੇਸ਼ਕ-ਪੱਖੀ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ ਹੈ।” ਇਸ ਮੀਟਿੰਗ ਦੌਰਾਨ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਉਦਯੋਗ ਸਕੱਤਰ ਗੁਰਕਿਰਤ ਕਿਰਪਾਲ ਸਿੰਘ, ਸਕੱਤਰ ਪੇਂਡੂ ਵਿਕਾਸ ਅਜੀਤ ਬਾਲਾਜੀ ਜੋਸ਼ੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।  

Punjab

ਛੇਵੀਂ ਜਮਾਤ ਤੋਂ ਏ.ਆਈ ਤਕਨੀਕ ਨਾਲ ਸਿੱਖਿਆ ਦੀ ਸ਼ੁਰੂਆਤ, ਪੰਜਾਬ ਸਿੱਖਿਆ ਖੇਤਰ ਵਿੱਚ ਅੱਗੇ ਵੱਧ ਰਿਹਾ -ਹਰਜੋਤ ਸਿੰਘ ਬੈਂਸ

ਸ੍ਰੀ ਅਨੰਦਪੁਰ ਸਾਹਿਬ 01 ਜੂਨ: ਬਰਾਈਟ ਮਾਈਂਡਜ਼ ਪੰਜਾਬ 2026 ਤਹਿਤ ਵਿਰਾਸਤ ਏ ਖਾਲਸਾ ਵਿਖੇ ਆਯੋਜਿਤ ਸਮਾਰੋਹ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਿੱਧਾ ਸੰਵਾਦ ਕੀਤਾ। ਇਸ ਮੌਕੇ ਉੱਜਵਲ ਪ੍ਰਤਿਭਾਵਾਂ ਦਾ ਸਨਮਾਨ ਕਰਦਿਆਂ ਸਿੱਖਿਆ ਦੇ ਖੇਤਰ ਵਿੱਚ ਹੋ ਰਹੇ ਸੁਧਾਰਾਂ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।    ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਚਾਲੂ ਵਿੱਦਿਅਕ ਸੈਸ਼ਨ ਤੋਂ ਛੇਵੀਂ ਜਮਾਤ ਤੋਂ ਹੀ ਸਰਕਾਰੀ ਸਕੂਲਾਂ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ (ਏਆਈ) ਦੀ ਤਕਨੀਕ ਨਾਲ ਸਿੱਖਿਆ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਵੀਆਂ ਤਕਨੀਕਾਂ ਨਾਲ ਜੋੜਨਾ ਬਹੁਤ ਜਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਈ ਹੁਣ ਉੱਤਰ ਕਾਪੀਆਂ ਵਿਦਿਆਰਥੀਆਂ ਦੀ ਸਹੂਲਤ ਲਈ ਆਨਲਾਈਨ ਉਪਲੱਬਧ ਕਰਵਾਈਆਂ ਜਾਣਗੀਆਂ।     ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਅਗੇਤਰੀ ਸੂਬਾ ਬਣ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖਿਆ ਪੱਖੋਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਨੇ ਹਰਿਆਣਾ ਦੇ ਗੁੜਗਾਓਂ ਵਰਗੇ ਅੱਗੇ ਸਮਝੇ ਜਾਣ ਵਾਲੇ ਜ਼ਿਲ੍ਹਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਆਧਾਰ ‘ਤੇ ਹੀ ਦੇਸ਼ ਦੀ ਤਰੱਕੀ ਸੰਭਵ ਹੈ।       ਇਸ ਮੌਕੇ ਮਨੀਸ਼ ਸਿਸੋਦੀਆ ਸਾਬਕਾ ਉਪ ਮੁੱਖ ਮੰਤਰੀ ਦਿੱਲੀ ਤੇ ਪੰਜਾਬ ਇੰਚਾਰਜ ਨੇ ਕਿਹਾ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਪੱਧਰ ‘ਤੇ ਤਬਦੀਲੀਆਂ ਦੀ ਲੋੜ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਹਰ ਘਰ ਅਤੇ ਹਰ ਬੱਚੇ ਤੱਕ ਗੁਣਵੱਤਾ ਵਾਲੀ ਸਿੱਖਿਆ ਪਹੁੰਚਾਉਣਾ ਬਹੁਤ ਜਰੂਰੀ ਹੈ, ਕਿਉਂਕਿ ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੇ ਸਿੱਖਿਆ ਪ੍ਰਣਾਲੀ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਅਜੇ ਵੀ ਸਿੱਖਿਆ ਦੀ ਗੁਣਵੱਤਾ ‘ਚ ਕਮੀ ਹੈ, ਜਿਸ ‘ਤੇ ਕੰਮ ਕਰਨ ਦੀ ਲੋੜ ਹੈ।       ਸਿਸੋਦੀਆ ਨੇ ਇਹ ਵੀ ਕਿਹਾ ਕਿ ਏਆਈ ਆਉਣ ਵਾਲੇ ਸਮੇਂ ਵਿੱਚ ਨਵੀਆਂ ਨੌਕਰੀਆਂ ਪੈਦਾ ਕਰਨ ਦੇ ਨਾਲ ਕੁਝ ਰਵਾਇਤੀ ਨੌਕਰੀਆਂ ‘ਤੇ ਅਸਰ ਵੀ ਪਾਏਗਾ, ਇਸ ਲਈ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਲਈ ਤਿਆਰ ਕਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਪ੍ਰੀਖਿਆ ਪ੍ਰਣਾਲੀ, ਸਿਲੇਬਸ ਅਤੇ ਪੜ੍ਹਾਉਣ ਦੇ ਢੰਗ ਵਿੱਚ ਸੁਧਾਰ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਅਤੇ ਨਕਲ ਰੋਕਣ ਲਈ ਸਰਕਾਰ  ਅਤੇ ਅਧਿਆਪਕਾਂ ਦੀ ਜਿੰਮੇਵਾਰੀ ਦੱਸੀ। ਸ੍ਰੀ ਮਨੀਸ਼ ਸਿਸੋਦੀਆਂ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਸਿੱਖਿਆ ਢਾਂਚੇ ਵਿੱਚ ਸੁਧਾਰਾਂ ਬਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਰਾਏ ਲਈ।       ਸਿੱਖਿਆ ਸਕੱਤਰ ਸੋਨਾਲੀ ਗਿਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਨਵੀਆਂ ਸੋਚਾਂ ਨਾਲ ਹੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੇ ਸਵਾਲਾਂ ਅਤੇ ਸੁਝਾਵਾਂ ਰਾਹੀਂ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਲਈ ਆਪਣੀ ਭਾਗੀਦਾਰੀ ਦਰਸਾਈ।     ਇਸ ਮੌਕੇ ਸੁਖਪਾਲ ਸਿੰਘ ਐਸ.ਡੀ.ਐਮ, ਜਸ਼ਨਦੀਪ ਸਿੰਘ ਡੀ.ਐਸ.ਪੀ, ਸਕੱਤਰ ਸਿੰਘ ਬੱਲ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ, ਪ੍ਰੇਮ ਕੁਮਾਰ ਮਿੱਤਲ ਜਿਲ੍ਹਾ ਸਿੱਖਿਆ ਅਫਸਰ, ਸਮਸ਼ੇਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਮਨਜੀਤ ਸਿੰਘ ਮਾਵੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਸੀਮਾ ਜੱਸਲ ਸਟੇਜ ਸੰਚਾਲਕ, ਸਰਪੰਚ ਚੰਨਣ ਸਿੰਘ ਪੱਮੂ ਢਿੱਲੋਂ, ਕੁਲਵਿੰਦਰ ਸਿੰਘ ਹਾਜ਼ਰ ਸਨ। 

Punjab

ਪਿੰਡ ਖਨਾਲ ਕਲਾਂ ਲੁੱਟਖੋਹ ਮਾਮਲਾ ਟਰੇਸ; 04 ਮੁਲਜ਼ਮ ਗ੍ਰਿਫਤਾਰ; 02 ਦੇਸੀ ਪਿਸਤੌਲ, 4800/- ਰੁਪਏ, ਵਾਰਦਾਤ ਸਮੇਂ ਵਰਤੀ 01 ਕਾਰ ਅਤੇ 01 ਮੋਟਰਸਾਈਕਲ ਬ੍ਰਾਮਦ

ਸੰਗਰੂਰ ,01 ਜੂਨ-     ਡਾ. ਰਵਜੋਤ ਗਰੇਵਾਲ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਭੈੜੇ ਅਨਸਰਾਂ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਲਗਾਤਾਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਸ਼੍ਰੀ ਦਵਿੰਦਰ ਕੁਮਾਰ ਅੱਤਰੀ, ਪੀ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਸੰਗਰੂਰ ਦੀ ਯੋਗ ਅਗਵਾਈ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਬਾਜਵਾ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਬ ਡਵੀਜਨ ਦਿੜ੍ਹਬਾ ਦੀ ਨਿਗਰਾਨੀ ਹੇਠ ਥਾਣਾ ਦਿੜ੍ਹਬਾ ਪੁਲਿਸ ਵੱਲੋਂ ਪਿੰਡ ਖਨਾਲ ਕਲਾਂ ਵਿਖੇ ਵਾਪਰੀ ਲੁੱਟ ਖੋਹ ਦੀ ਵਾਰਦਾਤ ਸਬੰਧੀ ਦਰਜ ਮੁਕੱਦਮੇਂ ਦੀ ਤਫਤੀਸ਼ ਦੌਰਾਨ ਇੱਕ ਅਹਿਮ ਸਫਲਤਾ ਹਾਸਲ ਹੋਈ ਹੈ। ਪੁਲਿਸ ਟੀਮਾਂ ਵੱਲੋਂ ਤਕਨੀਕੀ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ਪਰ ਕੀਤੀ ਗਈ ਕਾਰਵਾਈ ਦੌਰਾਨ ਉਕਤ ਵਾਰਦਾਤ ਨੂੰ ਟਰੇਸ ਕਰਦਿਆਂ ਇਸ ਵਿੱਚ ਸ਼ਾਮਲ 04 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ 02 ਦੇਸੀ ਪਿਸਤੌਲ, ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ, ਇੱਕ ਸਵਿਫਟ ਡਿਜਾਇਰ ਕਾਰ ਅਤੇ 4800/- ਰੁਪਏ ਬ੍ਰਾਮਦ ਕੀਤੇ ਗਏ ਹਨ। ਸ਼੍ਰੀ ਦਵਿੰਦਰ ਕੁਮਾਰ ਅੱਤਰੀ, ਪੀ.ਪੀ.ਐਸ., ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਥਾਣਾ ਦਿੜ੍ਹਬਾ ਦੇ ਇਲਾਕੇ ਅਧੀਨ ਪੈਂਦੇ ਪਿੰਡ ਖਨਾਲ ਕਲਾਂ ਵਿਖੇ ਸਥਿੱਤ ਇੱਕ ਪੈਟਰੋਲ ਪੰਪ ਤੋਂ ਕੱਝ ਅਣਪਛਾਤੇ ਵਿਅਕਤੀਆਂ ਵੱਲੋਂ 15,000/- ਰੁਪਏ ਦੀ ਨਕਦੀ ਖੋਹ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਸਬੰਧੀ ਮੁਕੱਦਮਾ ਨੰਬਰ 95 ਮਿਤੀ 20.05.2026 ਅ/ਧ 309(4), 333, 351(3), 3(5) BNS, 2023 ਥਾਣਾ ਦਿੜ੍ਹਬਾ ਬਰਖਿਲਾਫ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ।ਮੁਕੱਦਮੇਂ ਨੂੰ ਟਰੇਸ ਕਰਨ ਲਈ ਸ਼੍ਰੀਮਤੀ ਰੁਪਿੰਦਰ ਕੌਰ ਬਾਜਵਾ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਬ ਡਵੀਜਨ ਦਿੜ੍ਹਬਾ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਤਾਰ ਸਿੰਘ 920/ਪਟਿ:, ਮੁੱਖ ਅਫਸਰ ਥਾਣਾ ਦਿੜ੍ਹਬਾ, ਇੰਸਪੈਕਟਰ ਸੰਦੀਪ ਸਿੰਘ 44/ਪੀ.ਆਰ, ਇੰਚਾਰਜ ਸੀ.ਆਈ.ਏ ਸੰਗਰੂਰ ਅਤੇ ਹੋਰ ਪੁਲਿਸ ਕਰਮਚਾਰੀਆਂ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਪੁਲਿਸ ਟੀਮਾਂ ਵੱਲੋਂ ਤਕਨੀਕੀ ਅਤੇ ਮਨੁੱਖੀ ਸੂਚਨਾਵਾਂ ਦੇ ਆਧਾਰ ਪਰ ਕੀਤੀ ਗਈ ਜਾਂਚ ਦੌਰਾਨ ਕਮਲਜੀਤ ਸਿੰਘ ਉਰਫ ਕਮਲ ਵਾਸੀ ਸਫੀਪੁਰ ਕਲਾਂ, ਕਮਲਪ੍ਰੀਤ ਸਿੰਘ ਉਰਫ ਹਰਮਨ ਵਾਸੀ ਕਮਾਲਪੁਰ, ਜੈਵੀਰ ਸਿੰਘ ਉਰਫ ਜੋਧੂ ਵਾਸੀ ਘਨੌੜ ਰਾਜਪੂਤਾਂ ਅਤੇ ਜਸਨ ਉਰਫ ਕਿੱਲੂ ਵਾਸੀ ਘਨੌੜ ਰਾਜਪੂਤਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਦੌਰਾਨੇ ਤਫਤੀਸ਼ ਮੁਕੱਦਮਾਂ ਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਕਮਲਜੀਤ ਸਿੰਘ ਉਰਫ ਕਮਲ ਪਾਸੋਂ 02 ਦੇਸੀ ਪਿਸਤੌਲ .32 ਬੋਰ, ਦੋਸ਼ੀ ਕਮਲਪ੍ਰੀਤ ਸਿੰਘ ਉਰਫ ਹਰਮਨ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ 01 ਮੋਟਰਸਾਈਕਲ ਬਿਨ੍ਹਾਂ ਨੰਬਰੀ ਅਤੇ 01 ਸਵਿਫਟ ਡਿਜਾਇਰ ਕਾਰ, ਜਸ਼ਨ ਉਰਫ ਕਿੱਲੂ ਪਾਸੋਂ ਲੁੱਟ ਕੀਤੀ ਗਈ ਰਕਮ ਵਿੱਚੋਂ 4800/- ਰੁਪਏ ਬ੍ਰਾਮਦ ਕਰਵਾਏ ਗਏ ਹਨ। ਸ਼੍ਰੀ ਅੱਤਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁੱਢਲੀ ਤਫਤੀਸ਼ ਦੌਰਾਨ ਕਈ ਅਹਿਮ ਸੁਰਾਗ ਪ੍ਰਾਪਤ ਹੋਏ ਹਨ। ਮੁਲਜ਼ਮਾਂ ਤੋਂ ਹੋਰ ਵੀ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਮਾਮਲੇ ਦੀ ਅਗਲੇਰੀ ਤਫਤੀਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਡਾ. ਰਵਜੋਤ ਗਰੇਵਾਲ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਅਪਰਾਧਿਕ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ। 

Punjab

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ 1241 ਲਾਭਪਾਤਰੀਆਂ ਲਈ 6.33 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਚੰਡੀਗੜ੍ਹ, 01 ਜੂਨ: ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਪਰਿਵਾਰਾਂ ਲਈ ਸਮਾਜਿਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਤਹਿਤ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ 1241 ਲਾਭਪਾਤਰੀਆਂ ਲਈ 6.33 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਸ੍ਰੀ ਫਤਹਿਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਮਾਨਸਾ, ਪਟਿਆਲਾ, ਪਠਾਨਕੋਟ, ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ ਅਤੇ ਮਾਲੇਰਕੋਟਲਾ ਦੇ ਕੁੱਲ 1241 ਯੋਗ ਲਾਭਪਾਤਰੀਆਂ ਦੀਆਂ ਅਰਜ਼ੀਆਂ ਅਸ਼ੀਰਵਾਦ ਪੋਰਟਲ ’ਤੇ ਪ੍ਰਾਪਤ ਹੋਈਆਂ ਸਨ। ਇਨ੍ਹਾਂ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 6.33 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ 546, ਬਰਨਾਲਾ ਦੇ 19, ਬਠਿੰਡਾ ਦੇ 14, ਫਰੀਦਕੋਟ ਦੇ 10, ਸ੍ਰੀ ਫਤਹਿਗੜ੍ਹ ਸਾਹਿਬ ਦੇ 21, ਜਲੰਧਰ ਦੇ 129, ਕਪੂਰਥਲਾ ਦੇ 90 ਅਤੇ ਮਾਨਸਾ ਦੇ 27 ਲਾਭਪਾਤਰੀਆਂ ਨੂੰ ਲਾਭ ਮਿਲੇਗਾ। ਇਸੇ ਤਰ੍ਹਾਂ ਪਟਿਆਲਾ ਦੇ 39, ਪਠਾਨਕੋਟ ਦੇ 208, ਐਸ.ਏ.ਐਸ. ਨਗਰ ਦੇ 22, ਐਸ.ਬੀ.ਐਸ. ਨਗਰ ਦੇ 103 ਅਤੇ ਮਾਲੇਰਕੋਟਲਾ ਦੇ 13 ਲਾਭਪਾਤਰੀਆਂ ਨੂੰ ਵੀ ਇਸ ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਯੋਗ ਘੱਟ ਆਮਦਨੀ ਵਾਲੇ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ 51,000 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਕੀਮ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਲਈ ਇੱਕ ਮਜ਼ਬੂਤ ਸਹਾਰਾ ਸਾਬਤ ਹੋ ਰਹੀ ਹੈ ਅਤੇ ਧੀਆਂ ਦੇ ਵਿਆਹ ਸਮੇਂ ਪੈਣ ਵਾਲੇ ਵਿੱਤੀ ਬੋਝ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਸਮਾਜਿਕ ਨਿਆਂ ਮੰਤਰੀ ਨੇ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਪੰਜਾਬ ਰਾਜ ਦਾ ਸਥਾਈ ਨਿਵਾਸੀ ਹੋਵੇ, ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਦਾ ਹੋਵੇ ਅਤੇ ਪਰਿਵਾਰ ਦੀ ਸਾਰੇ ਸਰੋਤਾਂ ਤੋਂ ਸਾਲਾਨਾ ਆਮਦਨ 32,790 ਰੁਪਏ ਤੋਂ ਘੱਟ ਹੋਵੇ। ਉਨ੍ਹਾਂ ਦੱਸਿਆ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਪਰਿਵਾਰਾਂ ਦੀਆਂ ਦੋ ਧੀਆਂ ਇਸ ਸਕੀਮ ਦਾ ਲਾਭ ਲੈਣ ਲਈ ਯੋਗ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਿੱਤੀ ਸਹਾਇਤਾ ਦੀ ਅਦਾਇਗੀ ਡੀ.ਬੀ.ਟੀ. (ਡਾਇਰੈਕਟ ਬੈਨੀਫਿਟ ਟਰਾਂਸਫਰ) ਰਾਹੀਂ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾਂਦੀ ਹੈ, ਜਿਸ ਨਾਲ ਪਾਰਦਰਸ਼ਤਾ, ਜਵਾਬਦੇਹੀ ਅਤੇ ਸਮੇਂ ਸਿਰ ਸਹਾਇਤਾ ਯਕੀਨੀ ਬਣਦੀ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਅਤੇ ਸਸ਼ਕਤੀਕਰਨ ਲਈ ਦ੍ਰਿੜ੍ਹਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਕੋਈ ਵੀ ਯੋਗ ਅਤੇ ਲੋੜਵੰਦ ਪਰਿਵਾਰ ਭਲਾਈ ਸਕੀਮਾਂ ਦੇ ਲਾਭ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਮਾਜਿਕ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੀ ਸੂਬੇ ਦੇ ਵਿਕਾਸ ਵਿੱਚ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।  

Punjab

ਦਿਲ ਵਿੱਚ ਛੇਦ ਨਾਲ ਸਾਲਾਂ ਤੱਕ ਜੂਝਦੀ ਰਹੀ ਗੁਰਪ੍ਰੀਤ ਕੌਰ; ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਦਿੱਤਾ ਨਵਾਂ ਜੀਵਨ

ਚੰਡੀਗੜ੍ਹ; 01 ਜੂਨ 2026- ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਪੰਜਾਬ ਦੇ ਲੋਕਾਂ ਨੂੰ ਇਲਾਜ ਦੇ ਖ਼ਰਚ ਦੀ ਚਿੰਤਾ ਤੋਂ ਬਿਨਾਂ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਇਸ ਯੋਜਨਾ ਅਧੀਨ ਹਰ ਪਾਤਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਦਿੱਤਾ ਜਾਂਦਾ ਹੈ। ਇਸ ਯੋਜਨਾ ਨੂੰ ਲੋਕਾਂ ਵੱਲੋਂ ਵਿਆਪਕ ਸਮਰਥਨ ਮਿਲਿਆ ਹੈ ਅਤੇ ਹੁਣ ਤੱਕ ਇਸ ਵਿੱਚ 45 ਲੱਖ ਤੋਂ ਵੱਧ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਖ਼ਾਸ ਤੌਰ ’ਤੇ ਮੈਡੀਕਲ ਐਮਰਜੈਂਸੀ ਦੀਆਂ ਸਥਿਤੀਆਂ ਵਿੱਚ ਹਜ਼ਾਰਾਂ ਪਰਿਵਾਰਾਂ ਨੂੰ ਇਸ ਦਾ ਲਾਭ ਮਿਲਿਆ ਹੈ ਅਤੇ ਕਈ ਲਾਭਪਾਤਰੀਆਂ ਨੇ ਇਸ ਲਈ ਧੰਨਵਾਦ ਪ੍ਰਗਟ ਕੀਤਾ ਹੈ। ਅਜਿਹੀ ਹੀ ਇੱਕ ਲਾਭਪਾਤਰੀ ਹੈ ਬਠਿੰਡਾ ਦੀ 37 ਸਾਲਾ ਗੁਰਪ੍ਰੀਤ ਕੌਰ, ਜਿਨ੍ਹਾਂ ਦੀ ਜ਼ਿੰਦਗੀ ਦਿਲ ਦੀ ਇੱਕ ਗੰਭੀਰ ਬੀਮਾਰੀ ਕਾਰਨ ਅਚਾਨਕ ਸੰਕਟ ਵਿੱਚ ਆ ਗਈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਦਿਲ ਵਿੱਚ ਇੱਕ ਵੱਡਾ ਛੇਦ ਹੈ, ਤਾਂ ਉਨ੍ਹਾਂ ਨੂੰ ਨਾ ਸਿਰਫ਼ ਸਿਹਤ ਸੰਬੰਧੀ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ, ਸਗੋਂ ਇਲਾਜ ਦੇ ਭਾਰੀ ਖ਼ਰਚ ਦੀ ਚਿੰਤਾ ਵੀ ਉਨ੍ਹਾਂ ਨੂੰ ਸਤਾਉਣ ਲੱਗੀ। ਪਰ ਏਮਸ ਬਠਿੰਡਾ ਵਿੱਚ ਸਫਲ ਇਲਾਜ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਜੀਵਨ ਦਾ ਨਵਾਂ ਮੌਕਾ ਮਿਲਿਆ। ਜ਼ਿਆਦਾਤਰ ਲੋਕਾਂ ਲਈ ਦਿਲ ਦੀ ਧੜਕਣ ਇੱਕ ਅਜਿਹੀ ਚੀਜ਼ ਹੈ ਜਿਸ ਬਾਰੇ ਉਹ ਕਦੀ ਸੋਚਦੇ ਵੀ ਨਹੀਂ। ਇਹ ਜੀਵਨ ਦੇ ਹਰ ਸੁਖ-ਦੁੱਖ ਨਾਲ ਚੁੱਪਚਾਪ ਚਲਦੀ ਰਹਿੰਦੀ ਹੈ। ਪਰ ਗੁਰਪ੍ਰੀਤ ਕੌਰ ਦੀ ਹਰ ਧੜਕਣ ਅਣਜਾਣੇ ਹੀ ਇੱਕ ਛਿਪੇ ਹੋਏ ਖ਼ਤਰੇ ਨੂੰ ਆਪਣੇ ਨਾਲ ਲੈ ਕੇ ਚੱਲ ਰਹੀ ਸੀ। ਹੁਣ ਤੱਕ ਗੁਰਪ੍ਰੀਤ ਦੀ ਜ਼ਿੰਦਗੀ ਪਰਿਵਾਰ ਪ੍ਰਤੀ ਆਪਣੀਆਂ ਆਮ ਜ਼ਿੰਮੇਵਾਰੀਆਂ ਦੇ ਆਲੇ-ਦੁਆਲੇ ਘੁੰਮਦੀ ਸੀ। ਉਹ ਆਪਣੇ ਪਰਿਵਾਰ ਦੀ ਦੇਖਭਾਲ ਕਰਦੀ ਸੀ, ਘਰ ਸੰਭਾਲਦੀ ਸੀ ਅਤੇ ਹਰ ਆਮ ਇਨਸਾਨ ਵਾਂਗ ਭਵਿੱਖ ਲਈ ਸੁਹਣੀਆਂ ਆਸਾਂ ਨਾਲ ਅੱਗੇ ਵਧ ਰਹੀ ਸੀ। ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਜਨਮ ਤੋਂ ਹੀ ਦਿਲ ਦੀ ਇੱਕ ਬੀਮਾਰੀ ਨਾਲ ਜੂਝ ਰਹੀ ਸੀ, ਜੋ ਸਾਲਾਂ ਤੱਕ ਸਾਹਮਣੇ ਹੀ ਨਾ ਆਈ। ਜਾਂਚ ਦੌਰਾਨ ਡਾਕਟਰਾਂ ਨੇ ਪਾਇਆ ਕਿ ਗੁਰਪ੍ਰੀਤ ਦੇ ਦਿਲ ਦੇ ਉੱਪਰੀ ਦੋਹਾਂ ਹਿੱਸਿਆਂ ਵਿਚਕਾਰ 22 ਮਿਲੀਮੀਟਰ ਦਾ ਵੱਡਾ ਐਟਰੀਅਲ ਸੈਪਟਲ ਡਿਫੈਕਟ (ਏਐਸਡੀ) ਸੀ। ਇਸ ਕਾਰਨ ਖੂਨ ਦੇ ਪ੍ਰਵਾਹ ਵਿੱਚ ਗੜਬੜੀ ਆ ਗਈ ਅਤੇ ਦਿਲ ’ਤੇ ਵਾਧੂ ਦਬਾਅ ਪੈ ਰਿਹਾ ਸੀ। ਜੇ ਇਸ ਦਾ ਇਲਾਜ ਨਾ ਹੁੰਦਾ ਤਾਂ ਅੱਗੇ ਚੱਲ ਕੇ ਇਹ ਦਿਲ ਦੇ ਫੇਲ੍ਹ  ਹੋਣ ਵਰਗੀਆਂ ਗੰਭੀਰ ਜਟਿਲਤਾਵਾਂ ਦਾ ਕਾਰਨ ਬਣ ਸਕਦਾ ਸੀ। ਬੀਮਾਰੀ ਦਾ ਪਤਾ ਲੱਗਦੇ ਹੀ ਪਰਿਵਾਰ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਇੱਕ ਪਾਸੇ ਉਨ੍ਹਾਂ ਦੀ ਸਿਹਤ ਦੀ ਚਿੰਤਾ ਸੀ, ਦੂਜੇ ਪਾਸੇ ਇਲਾਜ ਦੇ ਖ਼ਰਚ ਦਾ ਬੋਝ ਵੀ ਸੀ। ਗੁਰਪ੍ਰੀਤ ਕੌਰ ਨੇ ਦੱਸਿਆ,“ਸਭ ਤੋਂ ਪਹਿਲਾਂ ਮੇਰੇ ਮਨ ਵਿੱਚ ਇਲਾਜ ਦੇ ਖ਼ਰਚ ਦਾ ਹੀ ਖ਼ਿਆਲ ਆਇਆ। ਮੈਨੂੰ ਚਿੰਤਾ ਸੀ ਕਿ ਅਸੀਂ ਇਹ ਖ਼ਰਚ ਕਿਵੇਂ ਝੱਲਾਂਗੇ। ਅਜਿਹਾ ਲੱਗ ਰਿਹਾ ਸੀ ਜਿਵੇਂ ਸਾਡਾ ਪਰਿਵਾਰ ਇੱਕ ਬਹੁਤ ਮੁਸ਼ਕਲ ਮੋੜ ’ਤੇ ਖੜ੍ਹਾ ਹੋਵੇ।” ਏਮਸ ਬਠਿੰਡਾ ਦੇ ਮਾਹਿਰਾਂ ਨੇ ਇਸ ਖਾਮੀ ਨੂੰ ਠੀਕ ਕਰਨ ਲਈ ਵਿਸ਼ੇਸ਼ ਪ੍ਰਕਿਰਿਆ ਦੀ ਸਲਾਹ ਦਿੱਤੀ। ਹਸਪਤਾਲ ਦੇ ਰਿਕਾਰਡ ਮੁਤਾਬਕ, 5 ਮਈ 2026 ਨੂੰ ਕਾਰਡਿਯਕ ਕੈਥੇਟਰਾਈਜ਼ੇਸ਼ਨ ਲੈਬ ਵਿੱਚ ਜਨਰਲ ਐਨੇਸਥੀਸੀਆ ਹੇਠ ਇਹ ਪ੍ਰਕਿਰਿਆ ਕੀਤੀ ਗਈ। ਇਸ ਦੌਰਾਨ 24 ਮਿਲੀਮੀਟਰ ਦਾ ਐਮਪਲੈਟਜ਼ਰ ਸੈਪਟਲ ਓਕਲੂਡਰ ਡਿਵਾਈਸ ਲਗਾ ਕੇ ਦਿਲ ਦੇ ਛੇਦ ਨੂੰ ਬੰਦ ਕੀਤਾ ਗਿਆ। ਪਰਿਵਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ’ਤੇ ਭਰੋਸਾ ਕੀਤਾ, ਜਿਸ ਨੇ ਕਰੀਬ ਇੱਕ ਲੱਖ ਰੁਪਏ ਦੀ ਇਲਾਜ ਲਾਗਤ ਨੂੰ ਕਵਰ ਕੀਤਾ। ਇਹ ਪ੍ਰਕਿਰਿਆ ਖ਼ਤਰਿਆਂ ਨਾਲ ਭਰੀ ਹੋਈ ਸੀ। ਸਹਿਮਤੀ ਦਸਤਾਵੇਜ਼ਾਂ ਵਿੱਚ ਸੰਭਾਵਿਤ ਦਿਲੀ ਜਟਿਲਤਾਵਾਂ, ਹੀਮੋਡਾਇਨਾਮਿਕ ਅਸਥਿਰਤਾ ਅਤੇ ਗੰਭੀਰ ਚਿਕਿਤਸਕ ਸਹਾਇਤਾ ਦੀ ਲੋੜ ਵਰਗੀਆਂ ਚਿੰਤਾਵਾਂ ਦਾ ਜ਼ਿਕਰ ਸੀ। ਕਾਰਡਿਯਕ ਕੈਥੇਟਰਾਈਜ਼ੇਸ਼ਨ ਲੈਬ ਦੇ ਬਾਹਰ ਪਰਿਵਾਰਕ ਮੈਂਬਰ ਹੱਥ ਜੋੜ ਕੇ ਅਰਦਾਸ ਕਰਦੇ ਹੋਏ ਉਡੀਕ ਕਰ ਰਹੇ ਸਨ। ਗੁਰਪ੍ਰੀਤ ਕੌਰ ਦੇ ਪਤੀ ਉਹ ਪਲ ਯਾਦ ਕਰਦੇ ਹੋਏ ਕਹਿੰਦੇ ਹਨ,“ਅਸੀਂ ਸਿਰਫ਼ ਅਰਦਾਸ ਹੀ ਕਰ ਸਕਦੇ ਸੀ। ਹਰ ਮਿੰਟ ਬਹੁਤ ਲੰਮਾ ਲੱਗ ਰਿਹਾ ਸੀ। ਜਦੋਂ ਡਾਕਟਰ ਬਾਹਰ ਆਏ ਅਤੇ ਦੱਸਿਆ ਕਿ ਸਭ ਕੁਝ ਸਫ਼ਲ ਰਿਹਾ, ਤਾਂ ਅਜਿਹਾ ਲੱਗਾ ਜਿਵੇਂ ਸਾਡੇ ਸਿਰ ਤੋਂ ਬਹੁਤ ਵੱਡਾ ਬੋਝ ਉੱਤਰ ਗਿਆ ਹੋਵੇ।” ਇਹ ਪ੍ਰਕਿਰਿਆ ਪੂਰੀ ਤਰ੍ਹਾਂ ਸਫ਼ਲ ਰਹੀ ਅਤੇ ਕੋਈ ਜਟਿਲਤਾ ਸਾਹਮਣੇ ਨਹੀਂ ਆਈ। ਗੁਰਪ੍ਰੀਤ ਲਈ ਇਹ ਸਿਹਤਮੰਦ ਭਵਿੱਖ ਵੱਲ ਇੱਕ ਨਵੀਂ ਸ਼ੁਰੂਆਤ ਸੀ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਿਲਿਆ ਆਰਥਿਕ ਸਹਾਰਾ ਬਹੁਤ ਮਹੱਤਵਪੂਰਨ ਸੀ, ਜਿਸ ਨੇ ਪਰਿਵਾਰ ਨੂੰ ਅਜਿਹੇ ਭਾਰੀ ਖ਼ਰਚ ਤੋਂ ਬਚਾ ਲਿਆ ਜੋ ਉਨ੍ਹਾਂ ਲਈ ਅਸਹਿਣਯੋਗ ਹੋ ਸਕਦਾ ਸੀ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਜਨਤਕ ਸਿਹਤ ਸਹਾਇਤਾ ਦੇ ਅਸਲ ਉਦੇਸ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ,“ਕਿਸੇ ਵੀ ਪਰਿਵਾਰ ਨੂੰ ਆਰਥਿਕ ਤੰਗੀ ਕਾਰਨ ਮਿਆਰੀ ਇਲਾਜ ਤੋਂ ਵੰਚਿਤ ਨਹੀਂ ਰਹਿਣਾ ਚਾਹੀਦਾ। ਗੁਰਪ੍ਰੀਤ ਦੀ ਸਿਹਤਯਾਬੀ ਇਸ ਗੱਲ ਦਾ ਸਬੂਤ ਹੈ ਕਿ ਸਮੇਂ ਸਿਰ ਮੈਡੀਕਲ ਸਹੂਲਤ ਅਤੇ ਆਰਥਿਕ ਸੁਰੱਖਿਆ ਨਾ ਸਿਰਫ਼ ਜ਼ਿੰਦਗੀਆਂ ਬਚਾ ਸਕਦੀ ਹੈ, ਸਗੋਂ ਪਰਿਵਾਰਾਂ ਦੀ ਇੱਜ਼ਤ ਵੀ ਕਾਇਮ ਰੱਖ ਸਕਦੀ ਹੈ।” ਅੱਜ ਗੁਰਪ੍ਰੀਤ, ਮੁੱਖ ਮੰਤਰੀ ਸਿਹਤ ਯੋਜਨਾ ਦੇ ਹਜ਼ਾਰਾਂ ਹੋਰ ਲਾਭਪਾਤਰੀਆਂ ਵਾਂਗ, ਨਵੀਂ ਉਮੀਦ ਨਾਲ ਸਿਹਤਮੰਦ ਹੋਣ ਦੀ ਰਾਹ ’ਤੇ ਹੈ। ਰਾਜ ਸਿਹਤ ਏਜੰਸੀ, ਪੰਜਾਬ ਦੇ ਤਾਜ਼ਾ ਅੰਕੜਿਆਂ ਅਨੁਸਾਰ, ਇਸ ਯੋਜਨਾ ਤਹਿਤ ਹੁਣ ਤੱਕ 1,75,210 ਮਰੀਜ਼ਾਂ ਨੂੰ ਲਾਭ ਮਿਲਿਆ ਹੈ ਅਤੇ ਕੁੱਲ 3,43,370 ਇਲਾਜ ਕੀਤੇ ਜਾ ਚੁੱਕੇ ਹਨ। ਇਸ ਯੋਜਨਾ ’ਤੇ ਹੁਣ ਤੱਕ 581.90 ਕਰੋੜ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ, ਜੋ ਰਾਜ ਵਿੱਚ ਕੈਸ਼ਲੈੱਸ ਸਿਹਤ ਸੇਵਾਵਾਂ ਪ੍ਰਤੀ ਸਰਕਾਰ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ।   

Punjab

ਪੰਜਾਬ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਆਫ਼ਤ ਪ੍ਰਬੰਧਨ ਲਈ ਅਗਾਊਂ 146 ਕਰੋੜ ਰੁਪਏ ਜਾਰੀ

*ਚੰਡੀਗੜ੍ਹ, 31 ਮਈ:* ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਹੜ੍ਹ ਰੋਕੂ ਕਾਰਜਾਂ ਲਈ ਅਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਅਗਾਊਂ 146 ਕਰੋੜ ਰੁਪਏ ਜਾਰੀ ਕੀਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਆਗਾਮੀ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਹੜ੍ਹਾਂ ਜਿਹੀ ਕਿਸੇ ਵੀ ਸੰਭਾਵੀ ਆਫ਼ਤ ਵਾਲੀ ਸਥਿਤੀ ਨਾਲ ਤੁਰੰਤ ਨਜਿੱਠਣ ਲਈ ਸਰਕਾਰ ਵੱਲੋਂ ਅਗਾਊਂ ਯੋਜਨਾਬੰਦੀ ਕੀਤੀ ਗਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਲੋੜੀਂਦੇ ਵਿੱਤੀ ਸਰੋਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਆਫ਼ਤ ਪ੍ਰਬੰਧਨ ਲਈ ਨਜਿੱਠਣ ਦੇ ਨਾਲ-ਨਾਲ ਸੰਭਾਵੀ ਹੜ੍ਹਾਂ ਦੇ ਨੁਕਸਾਨ ਨੂੰ ਸਮਾਂ ਰਹਿੰਦਿਆਂ ਘਟਾਇਆ ਜਾ ਸਕੇ। ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਵਿੱਤੀ ਸਾਲ 2026-27 ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ 100 ਕਰੋੜ ਰੁਪਏ ਦੇ ਫ਼ੰਡ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸੰਭਾਵੀ ਕੁਦਰਤੀ ਆਫ਼ਤ ਤੋਂ ਪੈਦਾ ਹੋਣ ਵਾਲੀਆਂ ਸਥਿਤੀਆਂ ਨਾਲ ਬਿਨਾਂ ਕਿਸੇ ਦੇਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਣ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ਼ਤੀਆਂ, ਹੜ੍ਹ ਰੋਕੂ ਸਮੱਗਰੀ ਅਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਦੀ ਉਪਲਬਧਤਾ ਯਕੀਨੀ ਬਣਾਉਣ ਵਾਸਤੇ ਵਾਧੂ 46 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ। ਇਸ ਤਹਿਤ ਹਰ ਜ਼ਿਲ੍ਹੇ ਨੂੰ 2 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਦੌਰਾਨ ਤੁਰੰਤ ਕਾਰਵਾਈ ਕੀਤੀ ਜਾ ਸਕੇ। ਆਫ਼ਤ ਪ੍ਰਬੰਧਨ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੀ ਤਿਆਰੀ ਦਾ ਨਿਰੰਤਰ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਮਾਨਸੂਨ ਸੀਜ਼ਨ ਤੋਂ ਪਹਿਲਾਂ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਫ਼ੰਡ ਜਾਰੀ ਹੋਣ ਨਾਲ ਜ਼ਿਲ੍ਹਾ ਪ੍ਰਸ਼ਾਸਨਾਂ ਦੀ ਆਫ਼ਤਾਂ ਨਾਲ ਨਜਿੱਠਣ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ। ਸ. ਹਰਦੀਪ ਸਿੰਘ ਮੁੰਡੀਆਂ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਆਫ਼ਤ ਪ੍ਰਬੰਧਨ, ਸੂਬਾ ਵਾਸੀਆਂ ਦੀ ਹਿਫ਼ਾਜ਼ਤ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਸੂਬਾ ਵਾਸੀਆਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।  

Punjab

ਅਸੀਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਵਾਂਗੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ, 31 ਮਈ: ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਇਨਕਲਾਬੀ ਬਦਲਾਅ ਲਿਆਉਣ ਦੇ ਚਾਰ ਸਾਲਾਂ ਬਾਅਦ ਭਗਵੰਤ ਮਾਨ ਸਰਕਾਰ ਹੁਣ ਵੱਡੇ ਟੀਚੇ ‘ਤੇ ਨਜ਼ਰਾਂ ਟਿਕਾਈ ਬੈਠੀ ਹੈ। ਇਸ ਟੀਚੇ ਤਹਿਤ ਪੰਜਾਬ ਨੂੰ ਦੇਸ਼ ਦਾ ਮੋਹਰੀ ਸਿੱਖਿਆ ਕੇਂਦਰ ਬਣਾਉਣਾ ਅਤੇ ਇਸ ਪੁਰਾਤਨ ਧਾਰਨਾ ਨੂੰ ਬਦਲਣਾ ਦੇਣਾ ਹੈ ਕਿ ਮਿਆਰੀ ਸਿੱਖਿਆ ਸਿਰਫ਼ ਵਿਦੇਸ਼ਾਂ ਵਿੱਚ ਹੀ ਮਿਲ ਸਕਦੀ ਹੈ।ਕੌਮੀ ਸਿੱਖਿਆ ਰੈਂਕਿੰਗ ਵਿੱਚ ਕੇਰਲ ਨੂੰ ਪਛਾੜ ਕੇ ਪੰਜਾਬ ਵੱਲੋਂ ਵੱਡੀ ਪੁਲਾਂਘ ਪੁੱਟਣ, ਬੋਰਡ ਟੌਪਰਾਂ ਵਿੱਚ ਲੜਕੀਆਂ ਦੇ ਵਧਦੇ ਦਬਦਬੇ ਅਤੇ ਜੇ.ਈ.ਈ. ਮੇਨ ਵਿੱਚ ਸਰਕਾਰੀ ਸਕੂਲਾਂ ਦੇ 359 ਵਿਦਿਆਰਥੀਆਂ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ ‘ਸਿੱਖਿਆ ਕ੍ਰਾਂਤੀ’ ਦੇ ਜ਼ਮੀਨੀ ਪੱਧਰ ‘ਤੇ ਸਾਰਥਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।ਅੱਜ ਇੱਥੇ ਟੈਗੋਰ ਥੀਏਟਰ ਵਿਖੇ ‘ਸਿਤਾਰੇ ਜ਼ਮੀਨ ਤੇ’ ਪ੍ਰੋਗਰਾਮ ਦੌਰਾਨ 8ਵੀਂ, 10ਵੀਂ ਅਤੇ 12ਵੀਂ ਜਮਾਤ ਵਿੱਚ ਸਾਰੇ ਜ਼ਿਲ੍ਹਿਆਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਪਛਾਣ ਲਈ ਸੰਘਰਸ਼ ਨਹੀਂ ਕਰ ਰਹੇ, ਸਗੋਂ ਦੇਸ਼ ਭਰ ਵਿੱਚ ਉੱਤਮਤਾ, ਆਤਮ-ਵਿਸ਼ਵਾਸ ਅਤੇ ਮੌਕਿਆਂ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੇ ਹਨ।ਇਸ ਇਕੱਠ ਦੀਆਂ ਕੁਝ ਝਲਕੀਆਂ ‘ਐਕਸ’ ‘ਤੇ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਅੱਜ ਚੰਡੀਗੜ੍ਹ ਵਿਖੇ ‘ਸਿਤਾਰੇ ਜ਼ਮੀਨ ’ਤੇ’ ਪ੍ਰੋਗਰਾਮ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਹੋਣਹਾਰ ਟੌਪਰਾਂ ਨੂੰ ਸਨਮਾਨਿਤ ਕਰਨ ਦਾ ਮਾਣ ਹਾਸਲ ਹੋਇਆ। ਇਸ ਮੌਕੇ ਮੈਂ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਕਿ ਜਨਮ ਮਿਤੀ ਦੇ ਆਧਾਰ ‘ਤੇ ਰੈਂਕ ਤੈਅ ਕਰਨ ਦੀ ਬਜਾਏ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਂਝੇ ਰੂਪ ਵਿੱਚ ਪਹਿਲਾ ਸਥਾਨ ਦਿੱਤਾ ਜਾਵੇ। ਅੱਜ ਤੁਹਾਡੀ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੇਰਲ ਨੂੰ ਵੀ ਪਛਾੜ ਰਹੇ ਹਨ।”ਮੁੱਖ ਮੰਤਰੀ ਨੇ ਪੋਸਟ ਦੇ ਅੰਤ ਵਿੱਚ ਕਿਹਾ, “ਵਿਦਿਆਰਥੀਆਂ ਲਈ ਮੇਰਾ ਸੰਦੇਸ਼ ਸਾਫ ਤੇ ਸਪੱਸ਼ਟ ਹੈ ਕਿ ਜ਼ਿੰਦਗੀ ਵਿੱਚ ਤੁਸੀਂ ਭਾਵੇਂ ਕਿੰਨੇ ਵੀ ਸਫਲ ਹੋ ਜਾਓ, ਹਮੇਸ਼ਾ ਜ਼ਮੀਨ ਨਾਲ ਜੁੜੇ ਰਹੋ। ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰੋ, ਕਿਉਂਕਿ ਇੱਕ ਜੇਤੂ ਨੂੰ ਵੀ ਮੈਡਲ ਲੈਣ ਲਈ ਝੁਕਣਾ ਪੈਂਦਾ ਹੈ। ਤੁਹਾਡੇ ਸਾਰਿਆਂ ਦੇ ਰੌਸ਼ਨ ਅਤੇ ਸਫਲ ਭਵਿੱਖ ਲਈ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ।”ਪੰਜਾਬ ਭਰ ਦੇ ਜ਼ਿਲ੍ਹਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ‘ਸਿਤਾਰੇ ਜ਼ਮੀਨ ਤੇ’ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ ‘ਸਿੱਖਿਆ ਕ੍ਰਾਂਤੀ’ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਇੱਛਾਵਾਂ ਨੂੰ ਬਦਲ ਦਿੱਤਾ ਹੈ ਅਤੇ ਉਨ੍ਹਾਂ ਲਈ ਮੌਕਿਆਂ ਦੇ ਨਵੇਂ ਰਾਹ ਖੋਲ੍ਹੇ ਹਨ।ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਮਾਜ ਦਾ ਨਾਂ ਰੌਸ਼ਨ ਕੀਤਾ ਹੈ। ਅਤੀਤ ਵਿੱਚ ਅਜਿਹੇ ਸਮਾਗਮ ਕਦੇ ਨਹੀਂ ਕਰਵਾਏ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ, ਖਾਸ ਕਰਕੇ ਸਰਕਾਰੀ ਸਕੂਲਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਪਹਿਲਾਂ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਅਕਸਰ ਪ੍ਰੀਖਿਆਵਾਂ ਵਿੱਚ ਮੁਕਾਬਲਾ ਕਰਨ ਤੋਂ ਝਿਜਕਦੇ ਅਤੇ ਅਸੁਰੱਖਿਅਤ ਮਹਿਸੂਸ ਕਰਦੇ ਸਨ, ਪਰ ਅੱਜ ਉਹ ਪੂਰੇ ਆਤਮ-ਵਿਸ਼ਵਾਸ ਨਾਲ ਮੱਲਾਂ ਮਾਰ ਰਹੇ ਹਨ ਅਤੇ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ।”ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਪੰਜਾਬ ਸਰਕਾਰ ਦੇ ਯਤਨਾਂ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਸਾਡੇ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਜਿੱਥੇ ਉਹ ਆਧੁਨਿਕ ਅਧਿਆਪਨ ਪ੍ਰਣਾਲੀਆਂ ਸਿੱਖਦੇ ਹਨ। ਵਾਪਸ ਆਉਣ ਤੋਂ ਬਾਅਦ ਉਹ ਇਸ ਗਿਆਨ ਨੂੰ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਨਾਲ ਸਾਂਝਾ ਕਰਦੇ ਹਨ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਸਿੱਖਿਆ ਦਾ ਵਿਸ਼ਵ ਪੱਧਰੀ ਮਿਆਰ ਪੰਜਾਬ ਦੇ ਕੋਨੇ-ਕੋਨੇ ਦੇ ਕਲਾਸਰੂਮਾਂ ਤੱਕ ਪਹੁੰਚੇ। ਇਹ ਨਵੀਨਤਮ ਪਹਿਲਕਦਮੀ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕਰ ਰਹੀ ਹੈ ਅਤੇ ਗੁਣਾਤਮਕ ਤਬਦੀਲੀਆਂ ਲਿਆ ਰਹੀ ਹੈ ਜਿਸ ਦਾ ਸਿੱਧਾ ਫਾਇਦਾ ਵਿਦਿਆਰਥੀਆਂ ਨੂੰ ਹੋ ਰਿਹਾ ਹੈ। ਇਹ ਅਧਿਆਪਕ ਬਦਲਾਅ ਦੇ ਦੂਤ ਵਜੋਂ ਕੰਮ ਕਰ ਰਹੇ ਹਨ ਅਤੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਨੂੰ ਮਜ਼ਬੂਤ ਕਰ ਰਹੇ ਹਨ।”ਉਨ੍ਹਾਂ ਨੇ ਅੱਗੇ ਕਿਹਾ, “ਇਹ ਪਹਿਲਕਦਮੀ ਅਧਿਆਪਕਾਂ ਦੀ ਮੁਹਾਰਤ ਨੂੰ ਨਿਖਾਰਦੀ ਹੈ ਅਤੇ ਉਨ੍ਹਾਂ ਨੂੰ ਆਧੁਨਿਕ ਵਿਧੀਆਂ ਨਾਲ ਲੈਸ ਕਰਦੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਅਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ। ਨਤੀਜੇ ਅੱਜ ਦਿਖਾਈ ਦੇ ਰਹੇ ਹਨ ਕਿਉਂਕਿ ਪੰਜਾਬ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੇ ਪਰਿਵਾਰਾਂ ਦਾ ਨਾਂ ਰੌਸ਼ਨ ਕਰ ਰਹੇ ਹਨ। ਮੌਜੂਦਾ ਯੁੱਗ ਹੁਨਰ ਦਾ ਹੈ, ਸਾਡੀ ਸਰਕਾਰ ਨੌਜਵਾਨਾਂ ਨੂੰ ਹੁਨਰ ਸਿਖਲਾਈ ਪ੍ਰਦਾਨ ਕਰਨ ‘ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ।”ਵਿਦਿਆਰਥੀਆਂ ਨੂੰ ਜ਼ਮੀਨ ਨਾਲ ਜੁੜੇ ਰਹਿਣ ਅਤੇ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਤੁਹਾਨੂੰ ਜ਼ਿੰਦਗੀ ਵਿੱਚ ਗ੍ਰਾਸ-ਰੂਟਸ (ਜ਼ਮੀਨੀ ਨਾਲ ਜੁੜਨ) ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਪੈਰਾਸ਼ੂਟਰ ਬਣਨ ਦੀ। ਗ੍ਰਾਸ-ਰੂਟਸ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਜ਼ਮੀਨ ਤੋਂ ਉੱਠਦੇ ਹਨ ਅਤੇ ਦੁਨੀਆ ਨੂੰ ਜਿੱਤਣ ਲਈ ਅੱਗੇ ਵਧਦੇ ਹਨ। ਅਜਿਹੇ ਮਿਹਨਤੀ ਵਿਅਕਤੀਆਂ ਲਈ ਅਸੀਮ ਮੌਕੇ ਹੁੰਦੇ ਹਨ। ਦੂਜੇ ਪਾਸੇ ਪੈਰਾਸ਼ੂਟਰਜ਼ ਅਸਮਾਨ ਤੋਂ ਹੇਠਾਂ ਉਤਰਦੇ ਹਨ ਅਤੇ ਉਨ੍ਹਾਂ ਦਾ ਦੇਰ-ਸਵੇਰ ਡਿੱਗਣਾ ਤੈਅ ਹੁੰਦਾ ਹੈ। ਤੁਹਾਡਾ ਧਿਆਨ ਹਮੇਸ਼ਾ ਬੁਲੰਦੀ ਛੂਹਣ ‘ਤੇ ਹੋਣਾ ਚਾਹੀਦਾ ਹੈ ਅਤੇ ਸਾਡੀ ਸਰਕਾਰ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।”ਹਵਾਬਾਜ਼ੀ ਨਾਲ ਤੁਲਨਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਿਸ ਤਰ੍ਹਾਂ ਇੱਕ ਰਨਵੇ ਹਵਾਈ ਜਹਾਜ਼ ਨੂੰ ਸੁਚਾਰੂ ਢੰਗ ਨਾਲ ਉਡਾਣ ਭਰਨ ਦੇ ਸਮਰੱਥ ਬਣਾਉਂਦਾ ਹੈ, ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਅਜਿਹੇ ਮੌਕਿਆਂ ਲਈ ਤਿਆਰ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇ। ਸਾਡੇ ਨੌਜਵਾਨਾਂ ਦੇ ਵਿਚਾਰਾਂ ਨੂੰ ਉਡਾਰੀ ਮਾਰਨ ਲਈ ਖੰਭ ਦੇਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਨੇਕ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਮੈਂ ਹਰ ਨੌਜਵਾਨ ਨੂੰ ਮਿਹਨਤ ਅਤੇ ਲਗਨ ਰਾਹੀਂ ਵੱਖਰੀ ਪਛਾਣ ਬਣਾਉਣ ਦੀ ਅਪੀਲ ਕਰਦਾ ਹਾਂ ਕਿਉਂਕਿ ਤੁਸੀਂ ਜੋ ਕੁਝ ਹਾਸਲ ਕਰ ਸਕਦੇ ਹੋ ਉਸ ਦੀ ਕੋਈ ਸੀਮਾ ਨਹੀਂ ਹੈ।”ਸਫਲਤਾ ਦੇ ਬਾਵਜੂਦ ਵਿਦਿਆਰਥੀਆਂ ਨੂੰ ਨਿਮਰ ਰਹਿਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਤੁਹਾਨੂੰ ਆਪਣੀਆਂ ਪ੍ਰਾਪਤੀਆਂ ਕਰਕੇ ਕਦੇ ਵੀ ਹੰਕਾਰੀ ਨਹੀਂ ਹੋਣਾ ਚਾਹੀਦਾ। ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਰਹਿਣਾ ਜ਼ਰੂਰੀ ਗੁਣ ਹੁੰਦੇ ਹਨ, ਪਰ ਹੰਕਾਰ ਕਦੇ ਵੀ ਸਫਲਤਾ ਦੇ ਨਾਲ ਨਹੀਂ ਆਉਣਾ ਚਾਹੀਦਾ। ਨਿਮਰਤਾ, ਮਿਹਨਤ ਅਤੇ ਦ੍ਰਿੜਤਾ ਨਿਰੰਤਰ ਸਫਲਤਾ ਦੀਆਂ ਅਸਲ ਕੁੰਜੀਆਂ ਹਨ ਅਤੇ ਇਹ ਕਦਰਾਂ-ਕੀਮਤਾਂ ਹਮੇਸ਼ਾ ਤੁਹਾਡੇ ਸਫ਼ਰ ਦਾ ਮਾਰਗਦਰਸ਼ਨ ਕਰਦੀਆਂ ਹੋਣ।”ਪੰਜਾਬ ਦੀ ਸ਼ਾਨਦਾਰ ਵਿਰਾਸਤ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਨਾ ਸਿਰਫ਼ ਦੇਸ਼ ਨੂੰ ਅਨਾਜ ਦਿੰਦਾ ਹੈ ਸਗੋਂ ਦੇਸ਼ ਦੀ ਖੜਗਭੁਜਾ ਵੀ ਹੈ। ਪੰਜਾਬ ਦੇ ਲੋਕ ਆਪਣੀ ਬਹਾਦਰੀ, ਮਿਹਨਤ ਅਤੇ ਉੱਦਮੀ

Punjab

ਗੈਂਗਸਟਰਾਂ ‘ਤੇ ਵਾਰ ਦਾ 131ਵਾਂ ਦਿਨ: ਪੰਜਾਬ ਪੁਲਿਸ ਵੱਲੋਂ 433 ਥਾਈਂ ਛਾਪੇਮਾਰੀ; 139 ਗ੍ਰਿਫ਼ਤਾਰ

ਚੰਡੀਗੜ੍ਹ, 31 ਮਈ: ਸੂਬੇ ਵਿੱਚ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’  ਦੇ 131ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 433 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। 131ਵੇਂ ਦਿਨ ਪੁਲਿਸ ਟੀਮਾਂ ਨੇ ਪੰਜ ਹਥਿਆਰਾਂ ਸਮੇਤ 139 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ 32,927 ਹੋ ਗਈਆਂ। ਇਸ ਤੋਂ ਇਲਾਵਾ 86 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 12 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਲੋਕ, ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਰਿਪੋਰਟ ਕਰ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦਿੱਤੀ ਜਾ ਸਕਦੀ ਹੈ।  

Punjab

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਪਿੰਡਾਂ ਨੂੰ ਉਹ ਸੜਕਾਂ ਦੇ ਰਹੇ ਹਨ ਜਿਨ੍ਹਾਂ ਤੋਂ ਉਨ੍ਹਾਂ ਨੂੰ ਦਹਾਕਿਆਂ ਤੱਕ ਵਾਂਝੇ ਰੱਖਿਆ ਗਿਆ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ / ਦਿੜ੍ਹਬਾ / ਲਹਿਰਾਗਾਗਾ, 31 ਮਈ 2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਲਹਿਰਾਗਾਗਾ ਖੇਤਰ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ ਅਤੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਅਤੇ ਨੀਂਹ ਪੱਥਰ ਰੱਖੇ। ਇਹ ਪ੍ਰੋਜੈਕਟ ਪੇਂਡੂ ਸੰਪਰਕ ਨੂੰ ਮਜ਼ਬੂਤ ਕਰਨ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਅਹਿਮ ਸਾਬਤ ਹੋਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਸੁਰੱਖਿਆ ਖ਼ਤਰਿਆਂ ਨੂੰ ਖ਼ਤਮ ਕਰਨਾ, ਪੇਂਡੂ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਅਤੇ ਹਜ਼ਾਰਾਂ ਪਿੰਡ ਵਾਸੀਆਂ ਲਈ ਹਰ ਮੌਸਮ ਵਿੱਚ ਆਵਾਜਾਈ ਨੂੰ ਸੁਖਾਲਾ ਬਣਾਉਣਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿਜ਼ਨ ਬਾਰੇ ਚਾਨਣਾ ਪਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸੂਬੇ ਭਰ ਵਿੱਚ ਲਗਭਗ 40,000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਕੇ ਪੇਂਡੂ ਪੰਜਾਬ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿੰਡਾਂ ਨੂੰ ਬਿਹਤਰ ਸੰਪਰਕ ਅਤੇ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜੋ ਦਹਾਕਿਆਂ ਤੋਂ ਅਣਗੌਲੇ ਸਨ। ਪਿੰਡ ਡਸਕਾ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਛੂਆਣਾ ਤੋਂ ਬਰੇਟਾ (ਵਾਇਆ ਦਸਕਾ ਅਤੇ ਬਹਾਦਰਪੁਰ) ਨੂੰ ਜੋੜਨ ਵਾਲੀ 10.5 ਕਿਲੋਮੀਟਰ ਲੰਬੀ ਸੜਕ ਲੋਕਾਂ ਨੂੰ ਸਮਰਪਿਤ ਕੀਤੀ। ਇਸ ਸੜਕ ਨੂੰ 7.15 ਕਰੋੜ ਰੁਪਏ ਦੀ ਲਾਗਤ ਨਾਲ 12 ਫੁੱਟ ਤੋਂ ਵਧਾ ਕੇ 18 ਫੁੱਟ ਚੌੜਾ ਕੀਤਾ ਗਿਆ ਹੈ। ਸੜਕ ਦੇ ਚੌੜਾ ਹੋਣ ਨਾਲ ਪੁਰਾਣੀ ਖਸਤਾ ਹਾਲਤ ਅਤੇ ਤੰਗ ਰਸਤੇ ਕਾਰਨ ਪੈਦਾ ਹੋਣ ਵਾਲੀਆਂ ਟਰੈਫਿਕ ਸਮੱਸਿਆਵਾਂ ਅਤੇ ਸੁਰੱਖਿਆ ਚਿੰਤਾਵਾਂ ਦੂਰ ਹੋਣ ਦੀ ਉਮੀਦ ਹੈ। ਵਿੱਤ ਮੰਤਰੀ ਨੇ 1.27 ਕਰੋੜ ਰੁਪਏ ਦੀ ਲਾਗਤ ਨਾਲ ਡਸਕਾ ਅਤੇ ਖੱਤਰੀਵਾਲਾ ਨੂੰ ਜੋੜਨ ਵਾਲੀ ਨਵੀਂ ਬਣੀ 4 ਕਿਲੋਮੀਟਰ ਪੱਕੀ ਸੜਕ ਵੀ ਲੋਕ ਅਰਪਣ ਕੀਤੀ, ਜਿਸ ਨਾਲ ਲੰਬੇ ਸਮੇਂ ਤੋਂ ਬਣੇ ਕੱਚੇ ਰਸਤੇ ਨੂੰ ਹਰ ਮੌਸਮ ਦੇ ਅਨੁਕੂਲ ਸੜਕ ਵਿੱਚ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਸਕਾ-ਬਹਾਦਰਪੁਰ ਰਸਤੇ ‘ਤੇ ਡੇਰਾ ਬਾਬਾ ਧੌਲਾ ਪੀਰ ਨੂੰ ਜਾਣ ਵਾਲੀ 1 ਕਿਲੋਮੀਟਰ ਲਿੰਕ ਸੜਕ 34.50 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੀ ਗਈ ਹੈ, ਜਿਸ ਨਾਲ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਦੀ ਆਵਾਜਾਈ ਸੁਖਾਲੀ ਹੋਵੇਗੀ। ਬਾਘਰੌਲ ਅਤੇ ਨੇੜਲੇ ਪਿੰਡਾਂ ਵਿੱਚ ਵਿਕਾਸ ਦੇ ਘੇਰੇ ਨੂੰ ਵਧਾਉਂਦੇ ਹੋਏ ਹਰਪਾਲ ਸਿੰਘ ਚੀਮਾ ਨੇ ਲਗਭਗ 10 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਅਤੇ ਨੀਂਹ ਪੱਥਰ ਰੱਖੇ। ਪਿੰਡਾਂ ਦੇ ਸਰਪੰਚਾਂ, ਪੰਚਾਇਤ ਮੈਂਬਰਾਂ ਅਤੇ ਸਥਾਨਕ ਨਿਵਾਸੀਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਬਾਘਰੌਲ ਤੋਂ ਬੁਜਰਕ ਤੱਕ 1.10 ਕਰੋੜ ਰੁਪਏ ਦੀ ਲਾਗਤ ਨਾਲ 3 ਕਿਲੋਮੀਟਰ ਸੜਕ ਅਤੇ ਬਾਘਰੌਲ ਨੂੰ ਬੁਰਜ ਟਿੱਲਾ ਤੇ ਖੇੜੀ ਨਗਾਈਆਂ ਨਾਲ ਜੋੜਨ ਵਾਲੀ 2.35 ਕਿਲੋਮੀਟਰ ਸੜਕ (ਲਾਗਤ 1 ਕਰੋੜ ਰੁਪਏ ਤੋਂ ਵੱਧ) ਦੀ ਉਸਾਰੀ ਦਾ ਐਲਾਨ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਬਾਘਰੌਲ ਅਤੇ ਬਲਮਗੜ੍ਹ ਨੂੰ ਜੋੜਨ ਵਾਲੀ 2.75 ਕਿਲੋਮੀਟਰ ਸੜਕ ਦੀ ਉਸਾਰੀ ‘ਤੇ 1.16 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਲਾਕੇ ਵਿੱਚ ਕੀਤੇ ਗਏ ਵੱਡੇ ਉਪਰਾਲਿਆਂ ਵਿੱਚ ਲਗਭਗ 12 ਕਿਲੋਮੀਟਰ ਕੱਚੀਆਂ ਸੜਕਾਂ ਨੂੰ ਪੱਕਾ ਕਰਨਾ ਸ਼ਾਮਲ ਹੈ, ਜੋ ਪਿਛਲੇ 70 ਤੋਂ 80 ਸਾਲਾਂ ਤੋਂ ਅਣਗੌਲੀਆਂ ਸਨ। ਇਨ੍ਹਾਂ ਸੜਕਾਂ ਨੂੰ 5.25 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਸੜਕੀ ਨੈੱਟਵਰਕ ਵਿੱਚ ਬਦਲਿਆ ਜਾ ਰਿਹਾ ਹੈ। ਵਿੱਤ ਮੰਤਰੀ ਨੇ ਇੱਕ ਨਵੇਂ ਬਣੇ ਪੁਲ ਦਾ ਉਦਘਾਟਨ ਵੀ ਕੀਤਾ ਜਿਸ ਨੇ ਦੋ ਪ੍ਰਮੁੱਖ ਪਿੰਡਾਂ ਵਿਚਕਾਰ ਆਵਾਜਾਈ ਦੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਚੱਲ ਰਹੇ ਬੁਨਿਆਦੀ ਢਾਂਚੇ ਦੇ ਕੰਮਾਂ ਬਾਰੇ ਦੱਸਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, “ਬਾਘਰੌਲ ਤੋਂ ਖੇੜੀ ਦਗਾਈਆਂ ਤੱਕ ਪਿੰਡ ਦੀ ਫਿਰਨੀ ਸਮੇਤ ਲਗਭਗ 4 ਕਿਲੋਮੀਟਰ ਸੜਕ 1.83 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਬਾਘਰੌਲ ਨੂੰ ਕੰਗਰੌੜੀ ਅਤੇ ਕਮਾਲਪੁਰ ਨਾਲ ਜੋੜਨ ਵਾਲੀਆਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ 4.50 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਚੱਲ ਰਿਹਾ ਹੈ।” ਕੁੱਲ ਮਿਲਾ ਕੇ ਬਾਘਰੌਲ ਖੇਤਰ ਦੇ ਆਲੇ-ਦੁਆਲੇ ਲਗਭਗ 19 ਕਿਲੋਮੀਟਰ ਸੜਕਾਂ ਦੀ ਉਸਾਰੀ ਅਤੇ ਵਿਸਥਾਰ ਦਾ ਕੰਮ ਜਾਰੀ ਹੈ, ਜਿਸ ਨਾਲ ਖੇਤੀਬਾੜੀ ਗਤੀਵਿਧੀਆਂ ਅਤੇ ਆਰਥਿਕ ਗਤੀਸ਼ੀਲਤਾ ਵਿੱਚ ਆ ਰਹੀਆਂ ਦਹਾਕਿਆਂ ਪੁਰਾਣੀਆਂ ਰੁਕਾਵਟਾਂ ਦੂਰ ਹੋਣ ਦੀ ਉਮੀਦ ਹੈ। ਸੰਤੁਲਿਤ ਵਿਕਾਸ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੰਤਰੀ ਚੀਮਾ ਨੇ ਕਿਹਾ, “ਸਾਡੀ ਸਰਕਾਰ ਸ਼ਹਿਰੀ ਅਤੇ ਪੇਂਡੂ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਪੂਰਨ ਲਈ ਪੇਂਡੂ ਵਿਕਾਸ ਨੂੰ ਤਰਜੀਹ ਦੇ ਰਹੀ ਹੈ। ਜਿੱਥੇ ਪੇਂਡੂ ਸੜਕਾਂ ਦਾ ਨੈੱਟਵਰਕ ਦਹਾਕਿਆਂ ਤੋਂ ਅਣਗਹਿਲੀ ਦਾ ਸ਼ਿਕਾਰ ਸੀ, ਉੱਥੇ ਹੀ ਸਾਡੀ ਸਰਕਾਰ ਹਰ ਪਿੰਡ ਨੂੰ ਮਿਆਰੀ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਆਪਣੀ ਮੁੱਖ ਜ਼ਿੰਮੇਵਾਰੀ ਸਮਝਦੀ ਹੈ।” ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਥਾਨਕ ਆਗੂਆਂ ਅਤੇ ਪੰਚਾਇਤੀ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਇਨ੍ਹਾਂ ਪ੍ਰੋਜੈਕਟਾਂ ਦਾ ਸਵਾਗਤ ਕੀਤਾ।   

Scroll to Top